11 ਸਾਲਾ ਬੱਚਾ ਬਣੂੰ ਕਮਰਸ਼ੀਅਲ ਪਾਇਲਟ!

CANADA: ਗ੍ਰੇਟਰ ਸਡਬਰੀ ਦਾ ਰਹਿਣ ਵਾਲਾ ਇੱਕ 11 ਸਾਲਾ ਬੱਚਾ ਕਮਰਸ਼ੀਅਲ ਪਾਇਲਟ ਬਣਨ ਦੇ ਆਪਣੇ ਸੁਪਨੇ ਵੱਲ ਵਧਦੇ ਹੋਏ, ਉਡਾਣ ਦੀ ਸਿਖਲਾਈ, ਐਕਟਿੰਗ ਅਤੇ ਆਪਣੇ ਵਧਦੇ ਹੋਏ ਕੌਫੀ ਕਾਰੋਬਾਰ ਦੇ ਵਿਚਕਾਰ ਸੰਤੁਲਨ ਬਣਾ ਰਿਹਾ ਹੈ। ਆਸਟਿਨ ਕੁਕਰਟਿਸ ਹੁਣ ਤੱਕ 45 ਘੰਟਿਆਂ ਦੀ ਉਡਾਣ ਪੂਰੀ ਕਰ ਚੁੱਕਾ ਹੈ, ਜੋ ਕਿ ‘ਟਰਾਂਸਪੋਰਟ ਕੈਨੇਡਾ’ ਵੱਲੋਂ ਪ੍ਰਾਈਵੇਟ ਪਾਇਲਟ ਲਾਇਸੰਸ ਲਈ ਲੋੜੀਂਦਾ ਘੱਟੋ-ਘੱਟ ਸਮਾਂ ਹੈ। ਹਾਲਾਂਕਿ, ਕਾਨੂੰਨੀ ਤੌਰ ‘ਤੇ ਇਕੱਲੇ ਉਡਾਣ ਭਰਨ ਵਿੱਚ ਉਸਨੂੰ ਅਜੇ ਕਈ ਸਾਲ ਲੱਗਣਗੇ। ਕੈਨੇਡਾ ਵਿੱਚ, ਬੱਚੇ 14 ਸਾਲ ਦੀ ਉਮਰ ਵਿੱਚ ਸਟੂਡੈਂਟ ਪਾਇਲਟ ਬਣ ਸਕਦੇ ਹਨ, ਅਤੇ ਪ੍ਰਾਈਵੇਟ ਪਾਇਲਟ ਲਾਇਸੰਸ ਪ੍ਰਾਪਤ ਕਰਨ ਦੀ ਘੱਟੋ-ਘੱਟ ਉਮਰ 17 ਸਾਲ ਹੈ। ਆਸਟਿਨ ਨੇ ਕਿਹਾ ਕਿ ਮੇਰੇ ਦਾਦਾ ਤੇ ਪੜਦਾਦਾ ਇੱਕ ਪਾਇਲਟ ਸਨ। ਮੈਨੂੰ ਉੱਡਣ ਨਾਲ ਜੁੜੀ ਹਰ ਚੀਜ਼ ਬਹੁਤ ਪਸੰਦ ਹੈ। ਉਸਨੇ ਕੁਝ ਮਹੀਨੇ ਪਹਿਲਾਂ ਆਪਣਾ ਪਹਿਲਾ ਫਲਾਇੰਗ ਲੈਸਨ ਲਿਆ ਸੀ ਅਤੇ ਜਲਦੀ ਹੀ ਉਸਨੂੰ ਇਸਦਾ ਜਨੂੰਨ ਸਵਾਰ ਹੋ ਗਿਆ। ਉਸਨੇ ਕਿਹਾ ਕਿ ਉੱਪਰ ਜਾ ਕੇ ਤੁਸੀਂ ਬਿਲਕੁਲ ਸ਼ਾਂਤ ਅਤੇ ਆਜ਼ਾਦ ਮਹਿਸੂਸ ਕਰਦੇ ਹੋ। ਜੇਕਰ ਤੁਸੀਂ ਕਿਸੇ ਤਣਾਅ ਵਿੱਚ ਹੋ, ਤਾਂ ਤੁਸੀਂ ਉਸ ਬਾਰੇ ਨਹੀਂ ਸੋਚਦੇ। ਤੁਸੀਂ ਸਿਰਫ਼ ਉਡਾਣ ਬਾਰੇ ਹੀ ਸੋਚਦੇ ਹੋ। ਇੰਨੀ ਛੋਟੀ ਉਮਰ ਵਿੱਚ ਉਡਾਣ ਸਿੱਖਣਾ ਚੁਣੌਤੀਆਂ ਭਰਿਆ ਵੀ ਰਿਹਾ ਹੈ। ਇਹ ਜਹਾਜ਼ ਅਸਲ ਵਿੱਚ ਬੱਚਿਆਂ ਲਈ ਨਹੀਂ ਬਣੇ ਹੁੰਦੇ। ਉਨ੍ਹਾਂ ਨੂੰ ਰਡਰ ਐਕਸਟੈਂਸ਼ਨ ਲਗਾਉਣੇ ਪੈਂਦੇ ਹਨ ਕਿਉਂਕਿ ਉਨ੍ਹਾਂ ਦੇ ਪੈਰ ਪੈਡਲਾਂ ਤੱਕ ਨਹੀਂ ਪਹੁੰਚਦੇ। ਆਸਟਿਨ ਦਾ ਪਰਿਵਾਰ ਹੁਣ ਇੱਕ ਛੋਟੇ ਹਵਾਈ ਜਹਾਜ਼ ਦੀ ਭਾਲ ਕਰ ਰਿਹਾ ਹੈ ਤਾਂ ਜੋ ਉਹ ਵਧੇਰੇ ਆਰਾਮ ਨਾਲ ਕੰਟਰੋਲਸ ਤੱਕ ਪਹੁੰਚ ਸਕੇ।

ਇੱਕ ਪ੍ਰਾਈਵੇਟ ਪਾਇਲਟ ਲਾਇਸੰਸ ਦੀ ਸਿਖਲਾਈ ‘ਤੇ ਲਗਭਗ 20,000 ਕੈਨੇਡੀਅਨ ਡਾਲਰ ਦਾ ਖਰਚਾ ਆਉਂਦਾ ਹੈ। ਇਸ ਮਹਿੰਗੀ ਸਿਖਲਾਈ ਦਾ ਖਰਚਾ ਚੁੱਕਣ ਵਿੱਚ ਮਦਦ ਲਈ, ਉਸਨੇ ‘ਆਸਟਿਨ ਏਅਰਵੇਜ਼ ਕੌਫੀ’ ਦੀ ਸ਼ੁਰੂਆਤ ਕੀਤੀ। ਆਸਟਿਨ ਨੇ ਕਿਹਾ ਕਿ ਇੱਕ ਦੁਕਾਨ ਵਿੱਚ ਐਵੀਏਸ਼ਨ-ਥੀਮ ਵਾਲੇ ਕੌਫੀ ਉਤਪਾਦ ਦੇਖਣ ਤੋਂ ਬਾਅਦ ਉਸਨੂੰ ਇਸ ਕਾਰੋਬਾਰ ਦਾ ਖਿਆਲ ਆਇਆ। ਆਸਟਿਨ ਦੀ ਮਾਂ, ਚੈਂਟਲ ਗੋਰਹਮ ਨੇ ਦੱਸਿਆ ਕਿ ਉਸਦੇ ਪੁੱਤਰ ਨੇ ਆਪਣੀ ਐਕਟਿੰਗ ਦੇ ਕੰਮ ਰਾਹੀਂ ਆਪਣੀ ਸਾਰੀ ਫਲਾਈਟ ਟ੍ਰੇਨਿੰਗ ਦਾ ਖਰਚਾ ਖੁਦ ਚੁੱਕਿਆ ਹੈ। ਆਸਟਿਨ ਸਥਾਨਕ ਥੀਏਟਰ ਪ੍ਰੋਡਕਸ਼ਨ ਸਮੇਤ ਕਈ ਸ਼ੋਅਜ਼ ਵਿੱਚ ਨਜ਼ਰ ਆ ਚੁੱਕਾ ਹੈ। ਉਸਨੇ ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਵਿੰਸ ਵੌਨ ਨਾਲ ਇੱਕ ਫਿਲਮ ਵਿੱਚ ਵੀ ਕੰਮ ਕੀਤਾ ਹੈ।