ਲਖਨਊ ਨੂੰ ਮਿਲੀ ਸਭ ਤੋਂ ਵੱਡੀ ਹਾਰ, ਕੋਲਕਾਤਾ ਨਾਈਟ ਰਾਈਡਰਜ਼ ਨੇ 98 ਦੌੜਾਂ ਨਾਲ ਹਰਾਇਆ।

ਲਖਨਊ ਸੁਪਰ ਜਾਇੰਟਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼ 54ਵਾਂ ਮੈਚ: ਸੁਨੀਲ ਨਾਰਾਇਣ (81) ਦੀ ਧਮਾਕੇਦਾਰ ਪਾਰੀ ਤੋਂ ਬਾਅਦ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਆਈਪੀਐਲ 2024 ਦੇ 54ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਉਨ੍ਹਾਂ ਦੇ ਘਰ ਵਿੱਚ 98 ਦੌੜਾਂ ਨਾਲ ਹਰਾਇਆ। ਦੌੜਾਂ ਦੇ ਲਿਹਾਜ਼ ਨਾਲ ਇਹ ਲਖਨਊ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ। ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਕੋਲਕਾਤਾ ਨੇ 20 ਓਵਰਾਂ ‘ਚ ਪੰਜ ਵਿਕਟਾਂ ‘ਤੇ 235 ਦੌੜਾਂ ਬਣਾਈਆਂ ਅਤੇ ਫਿਰ ਲਖਨਊ ਨੂੰ 16.1 ਓਵਰਾਂ ‘ਚ 137 ਦੌੜਾਂ ‘ਤੇ ਆਊਟ ਕਰ ਦਿੱਤਾ।

ਕੋਲਕਾਤਾ ਨਾਈਟ ਰਾਈਡਰਜ਼ ਦੀ 11 ਮੈਚਾਂ ਵਿੱਚ ਇਹ ਅੱਠਵੀਂ ਜਿੱਤ ਹੈ ਅਤੇ ਹੁਣ ਟੀਮ ਦੇ 16 ਅੰਕ ਹੋ ਗਏ ਹਨ। ਇਸ ਨਾਲ ਕੋਲਕਾਤਾ ਨੇ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਲਖਨਊ ਸੁਪਰ ਜਾਇੰਟਸ ਦੀ 11 ਮੈਚਾਂ ਵਿੱਚ ਇਹ ਪੰਜਵੀਂ ਹਾਰ ਹੈ। ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹੈ। ਇਸ ਵੱਡੀ ਹਾਰ ਕਾਰਨ ਲਖਨਊ ਦੀ ਨੈੱਟ ਰਨ ਰੇਟ ਨੈਗੇਟਿਵ ਹੋ ਗਈ ਅਤੇ ਹੁਣ ਉਨ੍ਹਾਂ ਲਈ ਪਲੇਆਫ ਦਾ ਰਸਤਾ ਕਾਫੀ ਮੁਸ਼ਕਲ ਹੋ ਗਿਆ ਹੈ।

ਕੋਲਕਾਤਾ ਤੋਂ ਮਿਲੇ 236 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਸ਼ੁਰੂਆਤ ਖਰਾਬ ਰਹੀ ਅਤੇ ਟੀਮ ਨੇ 20 ਦੌੜਾਂ ਦੇ ਸਕੋਰ ‘ਤੇ ਅਰਸ਼ਿਨ ਕੁਲਕਰਨੀ (9) ਦਾ ਵਿਕਟ ਗੁਆ ਦਿੱਤਾ। ਪਰ ਇਸ ਤੋਂ ਬਾਅਦ ਕਪਤਾਨ ਕੇਐੱਲ ਰਾਹੁਲ (25) ਅਤੇ ਮਾਰਕਸ ਸਟੋਇਨਿਸ (36) ਨੇ ਦੂਜੇ ਵਿਕਟ ਲਈ 33 ਗੇਂਦਾਂ ‘ਚ 50 ਦੌੜਾਂ ਦੀ ਅਰਧ ਸੈਂਕੜੇ ਵਾਲੀ ਸਾਂਝੇਦਾਰੀ ਕਰਕੇ ਟੀਮ ਨੂੰ ਮੈਚ ‘ਚ ਸੰਭਾਲੀ ਰੱਖਿਆ।

ਹਾਲਾਂਕਿ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਦੀਪਕ ਹੁੱਡਾ (5) ਅਤੇ ਸਟੋਨਿਸ ਵੀ ਟੀਮ ਦੇ 85 ਦੇ ਸਕੋਰ ‘ਤੇ ਚੌਥੇ ਬੱਲੇਬਾਜ਼ ਵਜੋਂ ਆਊਟ ਹੋ ਗਏ। 10 ਓਵਰਾਂ ਤੋਂ ਬਾਅਦ ਲਖਨਊ ਦਾ ਸਕੋਰ 96/4 ਸੀ ਅਤੇ ਉਸ ਸਮੇਂ ਆਯੂਸ਼ ਬਡੋਨੀ ਅਤੇ ਨਿਕੋਲਸ ਪੂਰਨ ਦੀ ਜੋੜੀ ਕ੍ਰੀਜ਼ ‘ਤੇ ਸੀ। ਮੇਜ਼ਬਾਨ ਟੀਮ ਨੂੰ ਇੱਥੋਂ ਮੈਚ ਜਿੱਤਣ ਲਈ 140 ਦੌੜਾਂ ਦੀ ਲੋੜ ਸੀ। ਪਰ ਫਿਰ ਪੂਰਨ ਵੀ ਟੀਮ ਦੇ 101 ਦੌੜਾਂ ਦੇ ਸਕੋਰ ‘ਤੇ ਪੰਜਵੇਂ ਬੱਲੇਬਾਜ਼ ਵਜੋਂ ਆਊਟ ਹੋ ਕੇ ਪੈਵੇਲੀਅਨ ਪਰਤ ਗਏ।

ਇਸ ਤੋਂ ਬਾਅਦ ਲਖਨਊ ਲਈ ਟੀਚਾ ਹਾਸਲ ਕਰਨਾ ਕਾਫੀ ਮੁਸ਼ਕਲ ਹੋ ਗਿਆ ਅਤੇ ਟੀਮ 16.1 ਓਵਰਾਂ ‘ਚ 137 ਦੌੜਾਂ ‘ਤੇ ਢੇਰ ਹੋ ਗਈ। ਕੋਲਕਾਤਾ ਨਾਈਟ ਰਾਈਡਰਜ਼ ਲਈ ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ ਨੇ ਤਿੰਨ-ਤਿੰਨ ਵਿਕਟਾਂ, ਆਂਦਰੇ ਰਸਲ ਨੇ ਦੋ ਅਤੇ ਮਿਸ਼ੇਲ ਸਟਾਰਕ ਅਤੇ ਸੁਨੀਲ ਨਾਰਾਇਣ ਨੇ ਇੱਕ-ਇੱਕ ਵਿਕਟ ਲਈ।

ਇਸ ਤੋਂ ਪਹਿਲਾਂ ਸ਼ਾਨਦਾਰ ਫਾਰਮ ‘ਚ ਚੱਲ ਰਹੇ ਸੁਨੀਲ ਨਰਾਇਣ ਨੇ 38 ਗੇਂਦਾਂ ‘ਚ 81 ਦੌੜਾਂ ਦੀ ਪਾਰੀ ਖੇਡੀ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੂੰ 6 ਵਿਕਟਾਂ ‘ਤੇ 235 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ‘ਚ ਮਦਦ ਕੀਤੀ। ਵੈਸਟਇੰਡੀਜ਼ ਦੇ ਇਸ ਖਿਡਾਰੀ ਨੇ ਇਕ ਵਾਰ ਫਿਰ ਬੱਲੇ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਆਪਣੀ ਪਾਰੀ ਦੌਰਾਨ ਸੱਤ ਛੱਕੇ ਅਤੇ ਛੇ ਚੌਕੇ ਜੜੇ। ਨਾਰਾਇਣ ਨੂੰ ਦੋ ਗੇਂਦਾਂ ਦੇ ਅੰਤਰਾਲ ਵਿੱਚ ਦੋ ਵਾਰ ਕੈਚ ਨਾ ਮਿਲਣ ਕਾਰਨ ਜੀਵਨਦਾਨ ਮਿਲਿਆ। ਇਸ ਤੋਂ ਬਾਅਦ ਉਸ ਨੇ ਪੰਜ ਗੇਂਦਾਂ ‘ਚ ਪੰਜ ਚੌਕੇ ਲਗਾ ਕੇ ਕੇਕੇਆਰ ਦੀ ਪਾਰੀ ਦਾ ਧੁਰਾ ਤੈਅ ਕੀਤਾ।

ਪਹਿਲਾਂ ਉਸ ਨੇ ਤੀਜੇ ਓਵਰ ਦੀਆਂ ਆਖਰੀ ਦੋ ਗੇਂਦਾਂ ‘ਤੇ ਨਵੀਨ ਉਲ ਹੱਕ ‘ਤੇ ਲਗਾਤਾਰ ਚੌਕੇ ਜੜੇ। ਇਸ ਤੋਂ ਬਾਅਦ ਉਸ ਨੇ ਚੌਥੇ ਓਵਰ ‘ਚ ਮੋਹਸਿਨ ਖਾਨ ਦੀ ਗੇਂਦ ‘ਤੇ ਲਗਾਤਾਰ ਤਿੰਨ ਚੌਕੇ ਜੜੇ। ਉਸ ਨੇ ਫਿਲ ਸਾਲਟ (32) ਨਾਲ ਪਹਿਲੀ ਵਿਕਟ ਲਈ 61 ਦੌੜਾਂ ਅਤੇ ਫਿਰ ਅੰਗਕ੍ਰਿਸ਼ ਰਘੂਵੰਸ਼ੀ (32) ਨਾਲ ਦੂਜੀ ਵਿਕਟ ਲਈ 79 ਦੌੜਾਂ ਦੀ ਸਾਂਝੇਦਾਰੀ ਕੀਤੀ। ਨਾਰਾਇਣ ਦੇ ਆਊਟ ਹੋਣ ਤੋਂ ਬਾਅਦ ਕੋਲਕਾਤਾ ਦੇ ਬੱਲੇਬਾਜ਼ ਕੋਈ ਵੱਡੀ ਸਾਂਝੇਦਾਰੀ ਨਹੀਂ ਕਰ ਸਕੇ।

ਨਾਰਾਇਣ ਤੋਂ ਇਲਾਵਾ ਆਂਦਰੇ ਰਸਲ ਨੇ 12 ਦੌੜਾਂ, ਕਪਤਾਨ ਸ਼੍ਰੇਅਸ ਅਈਅਰ ਨੇ 23 ਦੌੜਾਂ ਅਤੇ ਰਮਨਦੀਪ ਸਿੰਘ ਨੇ ਛੇ ਗੇਂਦਾਂ ‘ਤੇ ਇਕ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 25 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਲਖਨਊ ਲਈ ਨਵੀਨ ਉਲ ਹੱਕ ਨੇ ਤਿੰਨ ਅਤੇ ਯਸ਼ ਠਾਕੁਰ, ਰਵੀ ਬਿਸ਼ਨੋਈ ਅਤੇ ਯੁੱਧਵੀਰ ਸਿੰਘ ਨੇ ਇਕ-ਇਕ ਵਿਕਟ ਲਈ।