Mississauga- ਕੈਨੇਡਾ ਦੇ ਮਿਸੀਸਾਗਾ ’ਚ ਇੱਕ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਹਿਚਾਣ ਜਗਰਾਜ ਸਿੰਘ ਵਜੋਂ ਹੋਈ ਹੈ ਅਤੇ ਉਹ ਰਾਏਕੋਟ ਦੇ ਪਿੰਡ ਨੱਥੋਵਾਲ ਦਾ ਰਹਿਣ ਵਾਲਾ ਸੀ। ਜਗਰਾਜ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। 28 ਸਾਲਾ ਜਗਰਾਜ ਇੱਕ ਯਾਰਡ ’ਚ ਬਤੌਰ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ। ਬੀਤੇ ਦਿਨੀਂ ਜਦੋਂ ਉਹ ਯਾਰਡ ’ਚ ਡਿਊਟੀ ਕਰ ਰਿਹਾ ਸੀ ਤਾਂ ਦੋ ਵਿਅਕਤੀ ਆਏ, ਉਸ ਨੂੰ ਗੋਲੀ ਮਾਰ ਕੇ ਭੱਜ ਗਏ। ਜਗਰਾਜ ਨੂੰ ਗੰਭੀਰ ਹਾਲਤ ਵਿਚ ਮਿਸੀਸਾਗਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਉੱਧਰ ਜਦੋਂ ਇਸ ਘਟਨਾ ਦੀ ਖ਼ਬਰ ਪਿੰਡ ’ਚ ਪਹੁੰਚੀ ਤਾਂ ਪੂਰੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਕਿਹਾ ਜਾ ਰਿਹਾ ਹੈ ਕਿ ਜਗਰਾਜ ਦੇ ਪਿਤਾ ਬਲਵੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮਾਤਾ ਸੁਖਦੀਪ ਕੌਰ ਨੇ ਸਖ਼ਤ ਮਿਹਨਤ ਕਰਕੇ ਉਸ ਨੂੰ ਪਾਲਿਆ ਅਤੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਿਆ। ਜਗਰਾਜ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿਉਂਕਿ ਉਸ ਨੂੰ ਕੈਨੇਡਾ ਗਏ ਤਿੰਨ ਮਹੀਨੇ ਹੀ ਹੋਏ ਸਨ। ਨਾਲ ਹੀ, ਉਸਨੇ ਕਦੇ ਵੀ ਪਰਿਵਾਰ ਵਿੱਚ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਦਾ ਜ਼ਿਕਰ ਨਹੀਂ ਕੀਤਾ ਹੈ। ਪਰਿਵਾਰ ਨੂੰ ਕੈਨੇਡੀਅਨ ਪੁਲਿਸ ਤੋਂ ਜਗਰਾਜ ਦੇ ਕਤਲ ਦਾ ਕਾਰਨਾਂ ਦਾ ਪਤਾ ਲਗਾਉਣ ਦੀ ਉਮੀਦ ਹੈ।