ਪੰਜਾਬ ‘ਚ ਬਦਲਿਆ ਮੌਸਮ, ਬੀਤੀ ਰਾਤ ਤੋਂ ਪੈ ਰਿਹਾ ਮੀਂਹ, ਤੇਜ਼ ਹਵਾਵਾਂ ਨਾਲ ਫਸਲਾਂ ਦਾ ਹੋਇਆ ਨੁਕਸਾਨ

ਡੈਸਕ- ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਬਦਲ ਗਿਆ ਹੈ। ਬੀਤੀ ਰਾਤ ਤੋਂ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਦੇ ਨਾਲ ਕਈ ਥਾਵਾਂ ‘ਤੇ ਹਲਕੀ ਤੇ ਕਈ ਥਾਵਾਂ ‘ਤੇ ਗੜ੍ਹੇਮਾਰੀ ਹੋਈ ਹੈ। ਮੌਸਮ ਵਿਭਾਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਲਈ ਯੈਲੋ ਤੇ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸਾ ਤੇ ਸੰਗਰੂਰ ਵਿਚ ਯੈਲੋ ਤੇ ਬਾਕੀ ਸਾਰੇ ਜ਼ਿਲ੍ਹਿਆਂ ਵਿਚ ਔਰੈਂਜ ਅਲਰਟ ਹੈ।

ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਗੜ੍ਹੇਮਾਰੀ, ਬਿਜਲੀ ਚਮਕਣ ਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਤੇ ਤੂਫਾਨ ਚੱਲਣ ਦੀ ਸੰਭਾਵਨਾ ਹੈ। ਸੂਬੇ ਦੇ ਸ਼ਹਿਰਾਂ ਵਿਚ ਘੱਟੋ-ਘੱਟ ਤਾਪਮਾਨ ਬਦਲਣ ਦੇ ਆਸਾਰ ਹਨ। ਵਿਭਾਗ ਨੇ ਲੋਕਾਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ। ਸੂਬੇ ਦੇ ਔਸਤ ਅਧਿਕਤਮ ਤਾਪਮਾਨ ਵਿਚ 1.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਇਹ ਸਾਧਾਰਨ ਤੋਂ 2.6 ਡਿਗਰੀ ਉਪਰ ਰਿਹਾ ਹੈ। ਸੂਬੇ ਵਿਚ ਸਭ ਤੋਂ ਵੱਦ ਤਾਪਮਾਨ ਪਟਿਆਲਾ ਵਿਚ 35 ਡਿਗਰੀ ਦਰਜ ਕੀਤਾ ਗਿਆ। ਪੂਰਬੀ ਪੰਜਾਬ ਪਟਿਆਲਾ ਨਾਲ ਲੱਗਦੇ ਹਿੱਸਿਆਂ ਵਿਚ ਤਾਪਮਾਨ ਵਧ ਰਿਹਾ ਹੈ। ਇਸ ਦੌਰਾਨ ਲੁਧਿਆਣਾ ਵਿਚ 33.6 ਡਿਗਰੀ, ਅੰਮ੍ਰਿਤਸਰ ‘ਚ 32.4 ਡਿਗਰੀ, ਰੋਪੜ ਵਿਚ 32.5 ਤੇ ਗੁਰਦਾਸਪੁਰ ਵਿਚ 31.9 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਦੱਸ ਦੇਈਏ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਸੱਚ ਸਾਬਤ ਹੋਈ ਹੈ। ਵਿਭਾਗ ਵੱਲੋਂ ਪਹਿਲਾਂ ਹੀ ਸ਼ਨੀਵਾਰ ਤੇ ਐਤਵਾਰ 2 ਦਿਨਾਂ ਲਈ ਅਲਰਟ ਜਾਰੀ ਕੀਤਾ ਗਿਆ ਸੀ। ਮੀਂਹ ਤੇ ਤੂਫਾਨ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਖੇਤਾਂ ਵਿਚ ਫਸਲਾਂ ਡਿੱਗ ਗਈਆਂ ਹਨ ਜਿਸ ਤੋਂ ਕਿਸਾਨ ਕਾਫੀ ਪ੍ਰੇਸ਼ਾਨ ਹਨ। ਇੰਨਾ ਹੀ ਨਹੀਂ ਤੇਜ਼ ਤੂਫਾਨ ਕਾਰਨ ਕਈ ਥਾਵਾਂ ‘ਤੇ ਦਰੱਖਤ ਵੀ ਡਿੱਗੇ ਹਨ।