ਬਰੈਂਪਟਨ ਦੇ ਘਰ ‘ਚ ਗੋਲੀਬਾਰੀ: ਇੱਕ ਵਿਅਕਤੀ ਦੀ ਮੌਤ

Brampton- ਓਨਟਾਰੀਓ ਦੇ ਬਰੈਂਪਟਨ ਸ਼ਹਿਰ ‘ਚ ਵੀਰਵਾਰ ਸ਼ਾਮੀਂ ਇੱਕ ਘਰ ਅੰਦਰ ਹੋਈ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਇਸ ਮਾਮਲੇ ‘ਚ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕਰ ਰਹੀ ਹੈ।
ਪੀਲ ਖੇਤਰੀ ਪੁਲਿਸ ਮੁਤਾਬਕ ਸ਼ਾਮ ਕਰੀਬ 7 ਵਜੇ ਸੈਂਡਲਵੁੱਡ ਪਾਰਕਵੇ ਅਤੇ ਕ੍ਰਾਊਨ ਵਿਕਟੋਰੀਆ ਡਰਾਈਵ ਦੇ ਇਲਾਕੇ ‘ਚ ਇੱਕ ਘਰ ਵਿਚੋਂ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਪੁਲਿਸ ਜਦੋਂ ਮੌਕੇ ‘ਤੇ ਪਹੁੰਚੀ ਤਾਂ ਇੱਕ ਬਾਲਗ ਪੁਰਸ਼ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ‘ਚ ਮਿਲਿਆ। ਕੁਝ ਸਮੇਂ ਬਾਅਦ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਅਨੁਸਾਰ ਦੋ ਪੁਰਸ਼ ਮੁਲਜ਼ਮ ਘਟਨਾ ਤੋਂ ਬਾਅਦ ਇੱਕ ਗੂੜ੍ਹੇ ਰੰਗ ਦੀ ਕਾਰ ‘ਚ ਫਰਾਰ ਹੁੰਦੇ ਦੇਖੇ ਗਏ। ਦੋਹਾਂ ਦਾ ਸਰੀਰਕ ਡੌਲ-ਡਾਠ ਮੱਧਮ ਸੀ ਅਤੇ ਉਨ੍ਹਾਂ ਨੇ ਗੂੜ੍ਹੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਘਰ ਦੇ ਅੰਦਰ ਹੋਈ ਸੀ। ਜਾਂਚ ਅਜੇ ਸ਼ੁਰੂਆਤੀ ਪੜਾਅ ‘ਚ ਹੈ ਅਤੇ ਮ੍ਰਿਤਕ ਦੀ ਪਛਾਣ ਨਾਲ ਸੰਬੰਧਿਤ ਕਾਰਵਾਈ ਜਾਰੀ ਹੈ। ਪਰਿਵਾਰ ਦਾ ਸਤਿਕਾਰ ਕਰਦੇ ਹੋਏ ਪੁਲਿਸ ਨੇ ਮ੍ਰਿਤਕ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ।
ਹਾਲਾਂਕਿ ਹਮਲੇ ਦਾ ਮਕਸਦ ਅਜੇ ਸਪੱਸ਼ਟ ਨਹੀਂ ਹੋਇਆ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਗੋਲੀਬਾਰੀ ਜਾਪਦੀ ਹੈ। ਅਜੇ ਇਹ ਵੀ ਸਪੱਸ਼ਟ ਨਹੀਂ ਕਿ ਮ੍ਰਿਤਕ ਹੀ ਅਸਲ ਨਿਸ਼ਾਨਾ ਸੀ ਜਾਂ ਕੋਈ ਹੋਰ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਉਸ ਘਰ ਨਾਲ ਕੋਈ ਸਿੱਧਾ ਸਬੰਧ ਨਹੀਂ ਸੀ। ਉਹ ਉੱਥੇ ਕਿਉਂ ਮੌਜੂਦ ਸੀ ਅਤੇ ਕਿਸ ਕਾਰਨ ਗਿਆ ਸੀ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਵੇਲੇ ਘਰ ਦੇ ਅੰਦਰ ਕਈ ਹੋਰ ਲੋਕ ਵੀ ਮੌਜੂਦ ਸਨ, ਪਰ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਿਸ ਦਾ ਮੰਨਣਾ ਹੈ ਕਿ ਇਹ ਇੱਕ ਅਲੱਗ-ਥਲੱਗ ਘਟਨਾ ਸੀ ਅਤੇ ਆਮ ਲੋਕਾਂ ਲਈ ਇਸ ਵੇਲੇ ਕਿਸੇ ਤੁਰੰਤ ਖ਼ਤਰੇ ਦੇ ਸੰਕੇਤ ਨਹੀਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਮੁਲਜ਼ਮ ਇਲਾਕੇ ‘ਚ ਮੌਜੂਦ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ।