‘ਮਸਤਾਨੇ’ ਨੇ ਰਚਿਆ ਇਤਿਹਾਸ, ਪੰਜਾਬੀ ਇੰਡਸਟਰੀ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਣੀ ਦੂਜੀ ਫ਼ਿਲਮ

Jalandhar- ‘ਮਸਤਾਨੇ’ ਦੇ ਐਲਾਨ ਤੋਂ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਇਹ ਪੰਜਾਬੀ ਮੂਵੀ ਪੰਜਾਬੀ ਇੰਡਸਟਰੀ ’ਚ ਇੱਕ ਚਿਰ ਸਥਾਈ ਪ੍ਰਭਾਵ ਛੱਡੇਗੀ ਪਰ ਇਸ ਦੇ ਰਿਲੀਜ਼ ਨੇ ਇਸ ਗੱਲ ਦੀ ਜਿੱਥੇ ਪੁਸ਼ਟੀ ਕੀਤੀ ਹੈ, ਉੱਥੇ ਹੀ ਇਹ ਗੱਲ ਹੁਣ ਸਪਸ਼ਟ ਹੋ ਗਈ ਹੈ ਕਿ ਇਹ ਫਿਲਮ ਲੰਬੇ ਸਮੇਂ ਤੱਕ ਲੋਕਾਂ ਦੇ ਦਿਲਾਂ ’ਚ ਵੱਸਣ ਵਾਲੀ ਹੈ। ਇਸ ਫ਼ਿਲਮ ’ਚ ਜਿਸ ਤਰੀਕੇ ਨਾਲ ਪੰਜਾਬ ਅਤੇ ਸਿੱਖਾਂ ਦੇ ਅਮੀਰ ਇਤਿਹਾਸ ਨੂੰ ਫਿਲਮਾਇਆ ਗਿਆ ਹੈ, ਉਸ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਆਪਣੀ ਰਿਲੀਜ਼ ਤੋਂ ਬਾਅਦ ਹੀ ਇਹ ਫ਼ਿਲਮ ਸਿਨਮਾਘਰਾਂ ’ਚ ਝੰਡੇ ਗੱਡ ਰਹੀ ਹੈ। ਫਿਲਮ ਦੇ ਦੋ ਹਫ਼ਤਿਆਂ ਦੇ ਪ੍ਰਦਰਸ਼ਨ ਅਤੇ ਬਾਕਸ ਆਫਿਸ ਨੰਬਰਾਂ ਨੇ ਇਸਨੂੰ ਪੰਜਾਬੀ ਸਿਨੇਮਾ ਦੀ ਦੂਜੇ ਸਭ ਤੋਂ ਵੱਧ ਕਮਾਈ ਕਰਨ ਫਿਲਮ ਦਾ ਖ਼ਿਤਾਬ ਹਾਸਲ ਕਰਾ ਦਿੱਤਾ ਹੈ।
ਮਸਤਾਨੇ ਫਿਲਮ ਨੇ ਦੋ ਹਫਤਿਆਂ ਦੇ ਅੰਦਰ ਬਾਕਸ ਆਫਿਸ ’ਤੇ ਕੁੱਲ 69.37 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਕੈਰੀ ਆਨ ਜੱਟਾ 3 ਤੋਂ ਬਾਅਦ ਮਸਤਾਨੇ ਅਜਿਹੀ ਪੰਜਾਬੀ ਫਿਲਮ ਹੈ, ਜਿਸ ਨੇ ਇੰਨੇ ਕਰੋੜਾਂ ਦੀ ਕਮਾਈ ਕੀਤੀ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਇਤਿਹਾਸ ’ਚ ਕੈਰੀ ਆਨ ਜੱਟਾ 3 ਅਜਿਹੀ ਪੰਜਾਬੀ ਫਿਲਮ ਹੈ, ਜਿਸ ਨੇ 100 ਕਰੋੜ ਦਾ ਅੰਕੜਾ ਛੂਹਿਆ ਸੀ।
ਫਿਲਮ ਦੇ ਜੇਕਰ ਹਫ਼ਤਾਵਾਰੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਹਫ਼ਤੇ ’ਚ 43.69 ਕਰੋੜ ਅਤੇ ਦੂਜੇ ਹਫਤੇ ’ਚ 25.68 ਕਰੋੜ ਦੀ ਕਮਾਈ ਕੀਤੀ ਸੀ। ਦਰਸ਼ਕਾਂ ਦੇ ਅਥਾਹ ਪਿਆਰ ਅਤੇ ਸਮਰਥਨ ਕਾਰਨ ਇਹ ਫਿਲਮ ਅਜੇ ਵੀ ਸਿਨਮਾ ਘਰਾਂ ’ਚ ਸ਼ਾਨਦਾਰ ਕਮਾਈ ਕਰ ਰਹੀ ਹੈ ਅਤੇ ਜੇਕਰ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਮਸਤਾਨੇ ਜਲਦੀ ਹੀ ਕੈਰੀ ਆਨ ਜੱਟਾ 3 ਨੂੰ ਪਿੱਛੇ ਛੱਡ ਕੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਸਕਦੀ ਹੈ।
ਸ਼ਰਨ ਆਰਟਸ ਵਲੋਂ ਨਿਰਦੇਸ਼ਤ ਇਸ ਫਿਲਮ ’ਚ ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ, ਸਿਮੀ ਚਾਹਲ, ਰਾਹੁਲ ਦੇਵ ਅਤੇ ਅਵਤਾਰ ਗਿੱਲ ਵਲੋਂ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ। ਇਹ ਫਿਲਮ 25 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।