ਵਿਸ਼ਵ ਕੱਪ 2023 ਤੋਂ ਪਹਿਲਾਂ ਮੁਹੰਮਦ ਸ਼ਮੀ ਨੂੰ ਮਿਲੀ ਵੱਡੀ ਰਾਹਤ, ਅਦਾਲਤ ਨੇ ਦਿੱਤੀ ਜ਼ਮਾਨਤ

ਨਵੀਂ ਦਿੱਲੀ: ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਘਰੇਲੂ ਹਿੰਸਾ ਦੇ ਮਾਮਲੇ ‘ਚ ਪੱਛਮੀ ਬੰਗਾਲ ਦੀ ਅਲੀਪੁਰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਸ਼ਮੀ ਨੂੰ ਇਸ ਦੇ ਲਈ ਦੋ ਹਜ਼ਾਰ ਰੁਪਏ ਦਾ ਬਾਂਡ ਭਰਨਾ ਪਿਆ। ਮੰਗਲਵਾਰ ਨੂੰ ਹੋਈ ਇਸ ਸੁਣਵਾਈ ਲਈ ਅਦਾਲਤ ਨੇ ਸ਼ਮੀ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਅਤੇ ਏਸੀਜੇਐਮ ਅਦਾਲਤ ਦੇ ਹੁਕਮਾਂ ਅਨੁਸਾਰ ਉਹ ਅਦਾਲਤ ‘ਚ ਪੇਸ਼ ਹੋਇਆ, ਜਿੱਥੇ ਉਸ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ।

ਹਸੀਨ ਜਹਾਂ ਨੇ ਸਾਲ 2018 ‘ਚ ਜਾਦਵਪੁਰ ਪੁਲਸ ਸਟੇਸ਼ਨ ‘ਚ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁਝ ਹੋਰ ਮੈਂਬਰਾਂ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਸੀ। ਹਸੀਨ ਨੇ ਸ਼ਮੀ ‘ਤੇ ਪਤਨੀ ਨਾਲ ਛੇੜਛਾੜ ਦਾ ਮਾਮਲਾ ਵੀ ਦਰਜ ਕਰਵਾਇਆ ਹੈ। ਇਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ। ਇਸ ਦੌਰਾਨ ਮੁਹੰਮਦ ਸ਼ਮੀ ਨੇ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਨਡੇ ਵਿਸ਼ਵ ਕੱਪ ‘ਚ ਹਿੱਸਾ ਲੈਣਾ ਹੈ ਅਤੇ ਉਹ ਇਸ ਮਾਮਲੇ ‘ਚ ਪਹਿਲੀ ਵਾਰ ਅਦਾਲਤ ‘ਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।

ਅਦਾਲਤ ਤੋਂ ਇਹ ਜ਼ਮਾਨਤ ਸ਼ਮੀ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ। ਹੁਣ ਉਹ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਵੀ ਹਿੱਸਾ ਹੈ ਅਤੇ ਇਸ ਤੋਂ ਬਾਅਦ ਉਸ ਨੇ ਵਿਸ਼ਵ ਕੱਪ ‘ਚ ਹਿੱਸਾ ਲੈਣਾ ਹੈ। ਅਜਿਹੇ ‘ਚ ਉਹ ਪੂਰੀ ਤਰ੍ਹਾਂ ਨਾਲ ਆਪਣੀ ਖੇਡ ‘ਤੇ ਧਿਆਨ ਕੇਂਦਰਿਤ ਕਰ ਸਕੇਗਾ।

ਇਸ ਮਾਮਲੇ ‘ਚ ਸ਼ਮੀ ਦੇ ਨਾਲ ਉਨ੍ਹਾਂ ਦਾ ਭਰਾ ਹਾਸਿਮ ਵੀ ਕੋਰਟ ‘ਚ ਪੇਸ਼ ਹੋਇਆ ਸੀ। ਸ਼ਮੀ ਦੇ ਵਕੀਲ ਸਲੀਮ ਰਹਿਮਾਨ ਨੇ ਜ਼ਮਾਨਤ ਮਿਲਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਸ਼ਮੀ ਅਤੇ ਉਸ ਦੇ ਭਰਾ ਹਾਸਿਮ ਨੇ ਅਦਾਲਤ ‘ਚ ਪੇਸ਼ ਹੋ ਕੇ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਅਦਾਲਤ ਨੇ ਉਸ ਦੀ ਪਟੀਸ਼ਨ ਸਵੀਕਾਰ ਕਰ ਲਈ।

ਤੁਹਾਨੂੰ ਦੱਸ ਦੇਈਏ ਕਿ ਸ਼ਮੀ ਹਾਲ ਹੀ ਵਿੱਚ ਏਸ਼ੀਆ ਕੱਪ ਜੇਤੂ ਟੀਮ ਦਾ ਹਿੱਸਾ ਸਨ। ਉਸ ਨੂੰ ਇਸ ਟੂਰਨਾਮੈਂਟ ਵਿੱਚ ਸਿਰਫ਼ ਦੋ ਮੈਚ ਖੇਡਣ ਦਾ ਮੌਕਾ ਮਿਲਿਆ। ਉਸ ਨੇ ਨੇਪਾਲ ਅਤੇ ਬੰਗਲਾਦੇਸ਼ ਵਿਰੁੱਧ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕੀਤਾ। ਉਹ ਵਿਸ਼ਵ ਕੱਪ ‘ਚ ਟੀਮ ਇੰਡੀਆ ਦੇ ਤੇਜ਼ ਹਮਲੇ ਦਾ ਅਹਿਮ ਹਿੱਸਾ ਹੋਵੇਗਾ।