ਮੂਸੇਵਾਲਾ ਕਤਲ ਕਾਂਡ : ਪੁਲਿਸ ਨੇ ਪਛਾਣੇ ਕਾਤਲ , ਜਲਦ ਹੋਵੇਗਾ ਵੱਡਾ ਆਪਰੇਸ਼ਨ

ਜਲੰਧਰ- ਗਾਇਕ ਅਤੇ ਨੇਤਾ ਸ਼ੁਭਦੀਪ ਸਿੰਘ ਊਰਫ ਸਿੱਧੂ ਮੂਸੇਵਾਲਾ ਦੇ ਕਾਤਲ ਹੁਣ ਜ਼ਿਆਦਾ ਦੇਰ ਆਜ਼ਾਦ ਨਹੀਂ ਰਹਿਣਗੇ ।ਕਾਤਲ ਜਲਦ ਹੀ ਪੁਲਿਸ ਦੀ ਗ੍ਰਿਫਤ ਚ ਨਜ਼ਰ ਆਉਣਗੇ । ਆਈਜੀ ਪੀਕੇ ਯਾਦਵ ਨੇ ਕਿਹਾ ਕਿ ਕੁਝ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਾਤਲਾਂ ਦੀ ਪਛਾਣ ਸਾਹਮਣੇ ਆ ਰਹੀ ਹੈ ਪਰ ਇਸ ਨੂੰ ਉਜਾਗਰ ਨਹੀਂ ਕੀਤਾ ਜਾ ਸਕਦਾ । ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ । ਪੁਲਿਸ ਨੂੰ ਜਿਹੜੀ ਜਾਣਕਾਰੀ ਮਿਲੀ ਹੈ, ਉਸ ’ਤੇ ਕੰਮ ਕੀਤਾ ਜਾ ਰਿਹਾ ਹੈ । ਕੁਝ ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਜਾ ਸਕਦੇ ਹਨ । ਯਾਦਵ ਨੇ ਕਿਹਾ ਕਿ ਸਾਡਾ ਪਹਿਲਾ ਟੀਚਾ ਹੈ ਕਿ ਅਸੀਂ ਜਲਦੀ ਕਿਸੇ ਨਤੀਜੇ ’ਤੇ ਪੁੱਜੀਏ । ਅਸੀਂ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਤੋਂ ਸੀਸੀਟੀਵੀ ਫੁਟੇਜ ਲਈ ਸੀ। ਇਸ ਦੀ ਜਾਂਚ ਚੱਲ ਰਹੀ ਹੈ। ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ।

ਸਿੱਧੂ ਮੂਸੇਵਾਲਾ ਹੱਤਿਆ ਕਾਂਡ ਵਿਚ ਉੱਤਰਾਖੰਡ ਤੋਂ ਫਡ਼ੇ ਗਏ ਮੁਲਜ਼ਮ ਮਨਪ੍ਰੀਤ ਭਾਊ ਤੋਂ ਇਲਾਵਾ ਦੋ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮਾਨਸਾ ਲਿਆਂਦਾ ਗਿਆ ਹੈ। ਮਨਪ੍ਰੀਤ ਭਾਊ ਦਾ 5 ਜੂਨ ਤਕ ਪੁਲਿਸ ਰਿਮਾਂਡ ਮਿਲਿਆ ਹੈ ਅਤੇ ਉਸ ਤੋਂ ਮਿਲੇ ਸੁਰਾਗ ਤਹਿਤ ਹੀ ਦੋ ਹੋਰ ਗੈਂਗਸਟਰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਹਨ। ਮੰਗਲਵਾਰ ਨੂੰ ਇਨ੍ਹਾਂ ਤਿੰਨਾਂ ਨੂੰ ਮਾਨਸਾ ਦੇ ਸੀਜੇਐੱਮ ਅਤੁਲ ਕੰਬੋਜ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਇਨ੍ਹਾਂ ਦਾ ਪੰਜ ਦਿਨ ਦਾ ਰਿਮਾਂਡ ਲਿਆ ਗਿਆ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਗਏ ਦੋਵੇਂ ਗੈਂਗਸਟਰਾਂ ’ਤੇ ਸਾਬਕਾ ਗੈਂਗਸਟਰ ਕੁਲਵੀਰ ਨਰੂਆਣਾ ਦੀ ਹੱਤਿਆ ਦੇ ਵੀ ਦੋਸ਼ ਹਨ। ਉਨ੍ਹਾਂ ਦੋਵਾਂ ਤੋਂ ਹੁਣ ਪੁੱਛਗਿੱਛ ਕੀਤੀ ਜਾਵੇਗੀ। ਉੱਤਰਾਖੰਡ ਤੋਂ ਫਡ਼ੇ ਗਏ ਮਨਪ੍ਰੀਤ ਭਾਊ ’ਤੇ ਇਹ ਦੋਸ਼ ਹਨ ਕਿ ਹਮਲੇ ਦੌਰਾਨ ਇਸਤੇਮਾਲ ਕੀਤੀ ਗਈ ਕੋਰੋਲਾ ਕਾਰ ਤੇ ਬੋਲੈਰੋ ਇਸ ਨੇ ਮੁਹੱਈਆ ਕਰਵਾਈਆਂ ਸੀ। ਮਨਪ੍ਰੀਤ ਗੈਂਗਸਟਰ ਮਨਪ੍ਰੀਤ ਮੰਨਾ ਦਾ ਕਜ਼ਨ ਹੈ। ਮੰਨਾ ਦੇ ਕਹਿਣ ’ਤੇ ਹੀ ਉਸ ਨੇ ਗੱਡੀਆਂ ਮੁਹੱਈਆ ਕਰਵਾਈਆਂ ਸਨ। ਇਸ ’ਤੇ ਪੁਲਿਸ ਤਫ਼ਤੀਸ਼ ਕਰ ਰਹੀ ਹੈ। ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦੇ ਕਤਲ ਵਿਚ ਬਠਿੰਡਾ ਜੇਲ੍ਹ ’ਚ ਬੰਦ ਮਨਪ੍ਰੀਤ ਮੰਨਾ ਅਤੇ ਫਿਰੋਜ਼ਪੁਰ ਦੀ ਜੇਲ੍ਹ ਵਿਚ ਬੰਦ ਮੰਨਾ ਸੰਧੂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਮਾਨਸਾ ਲਿਆਂਦਾ ਗਿਆ ਹੈ।