ਮੂਸੇਵਾਲਾ ਦਾ ਨਵਾਂ ਗੀਤ ‘ਮੇਰਾ ਨਾਮ’ ਹੋਇਆ ਰਿਲੀਜ਼, ਸਿਰਫ 15 ਮਿੰਟਾਂ ‘ਚ ਹੋਏ 1 ਮਿਲੀਅਨ ਵਿਊਜ਼

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਮੇਰਾ ਨਾਂ (MERA NA) ਰਿਲੀਜ਼ ਹੋ ਗਿਆ ਹੈ। ਇਸ ਗੀਤ ਦੇ ਰਿਲੀਜ਼ ਹੋਣ ਤੋਂ 15 ਮਿੰਟਾਂ ਬਾਅਦ ਹੀ ਇਸ ਨੂੰ ਸੁਣਨ ਵਾਲਿਆਂ ਦੀ ਗਿਣਤੀ 1 ਮਿਲੀਅਨ ਤੱਕ ਪਹੁੰਚ ਗਈ ਹੈ। ਇਸ ਗੀਤ ਵਿਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ ਅਤੇ ਬਰਨਾ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ।

ਮੂਸੇਵਾਲਾ ਦੇ ਪ੍ਰਸੰਸਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਤੀਜਾ ਗੀਤ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਐਸਵਾਈਐਲ ਗੀਤ ਨੂੰ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹਾਲਾਂਕਿ ਇਸ ਗੀਤ ਉਤੇ ਵਿਵਾਦ ਵੀ ਖੜ੍ਹਾ ਹੋ ਗਿਆ ਸੀ ਤੇ ਸਰਕਾਰ ਨੇ ਇਸ ਨੂੰ ਬੈਨ ਵੀ ਕਰ ਦਿੱਤਾ ਸੀ।

ਇਸ ਤੋਂ ਬਾਅਦ 8 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੂਰਵ ਉਤੇ ਸਿੱਧੂ ਮੂਸੇਵਾਲਾ ਦਾ ਦੂਸਰਾ ਗੀਤ ’ਵਾਰ’ ਵੀ ਲਾਂਚ ਹੋਇਆ। ਮਰਹੂਮ ਪੰਜਾਬੀ ਗਾਇਕ ਨੇ ਇਹ ਗੀਤ ਪੰਜਾਬ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਉਤੇ ਗਾਇਆ ਗਿਆ ਸੀ।

ਉਧਰ, ਗੀਤ ਦੇ ਰਿਲੀਜ਼ ਹੋਣ ਤੇ ਇਸ ਨੂੰ ਭਰਵੇਂ ਹੁੰਗਾਰੇ ਉਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਖਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸਿੱਧੂ ਸਦਾ ਜਿਉਂਦਾ ਰਹੇ। ਉਸ ਨੂੰ ਪਤਾ ਸੀ ਕਿ ਉਹ ਕੀ ਹੈ।

ਹਮੇਸ਼ਾ ਆਪਣੇ ਪੁੱਤ ਉਤੇ ਮਾਣ ਰਿਹਾ ਹੈ। ਲੋਕਾਂ ਨੇ ਉਸ ਨੂੰ ਭੁੱਲਣ ਦੀ ਥਾਂ ਹੋਰ ਸਤਿਕਾਰ ਦਿੱਤਾ ਹੈ। ਉਸ ਦਾ ਰਿਕਾਰਡ ਹੀ ਰਿਹਾ ਹੈ, ਜਦੋਂ ਦਾ ਗਾਇਕੀ ਵਿਚ ਪੈਰ ਪਾਇਆ ਹੈ, ਉਸ ਦਾ ਹਰ ਗੀਤ ਪਹਿਲੇ ਤੋਂ ਅੱਗੇ ਗਿਆ ਹੈ। ਲੋਕ ਉਸ ਦੇ ਦਰਸ਼ਨਾਂ, ਆਵਾਜ਼ ਨੂੰ ਤਰਸੇ ਪਏ ਸਨ।

ਇਨਸਾਫ ਬਾਰੇ ਉਨ੍ਹਾਂ ਆਖਿਆ ਕਿ ਉਹ ਰਾਹੁਲ ਗਾਂਧੀ ਅਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਚੁੱਕੇ ਹਨ। ਗੈਂਗਸਟਰਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।

ਜਾਣ ਤੋਂ ਬਾਅਦ ਮੇਰੇ ਬੱਚੇ ਨੂੰ ਹੋਰ ਪਿਆਰ ਮਿਲਿਆ ਹੈ। ਗੀਤ ਵਿੱਚ ਸਿੱਧੂ ਦੇ ਲਾਇਫ ਸਟਾਇਲ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਇਹ ਗੀਤ ਮੌਤ ਤੋਂ ਪਹਿਲਾਂ ਲਿਖਿਆ ਗਿਆ ਸੀ।