ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀਆਂ ਤਿਆਰੀਆਂ ਸ਼ੁਰੂ , NIA ਨੇ FBI ਨਾਲ ਕੀਤੀ ਅਹਿਮ ਮੀਟਿੰਗ

ਨਵੀਂ ਦਿੱਲੀ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ, ਖੁਫੀਆ ਏਜੰਸੀਆਂ ਅਤੇ ਐਨਆਈਏ ਅਧਿਕਾਰੀਆਂ ਨੇ ਨਵੀਂ ਦਿੱਲੀ ਵਿੱਚ ਅਮਰੀਕੀ ਏਜੰਸੀ ਐਫਬੀਆਈ ਦੀ ਇੱਕ ਟੀਮ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ‘ਚ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਹਵਾਲਗੀ ਲਈ ਜ਼ਮੀਨ ਤਿਆਰ ਕਰਨ ਲਈ ਸਲਾਹ ਮਸ਼ਵਰਾ ਕੀਤਾ ਗਿਆ।

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 2 ਦਸੰਬਰ ਨੂੰ ਦਾਅਵਾ ਕੀਤਾ ਗਿਆ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹ ਜਲਦੀ ਹੀ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਵੇਗਾ। ਗੋਲਡੀ ਬਰਾੜ ਨੇ ਇੱਕ ਯੂ-ਟਿਊਬ ਚੈਨਲ ‘ਤੇ ਇੱਕ ਆਡੀਓ ਜਾਰੀ ਕਰ ਕਿਹਾ ਸੀ ਉਹ ‘ਕਦੇ ਵੀ ਜ਼ਿੰਦਾ ਨਹੀਂ ਫੜਿਆ ਜਾਵੇਗਾ।

ਇੰਡੀਅਨ ਐਕਸਪ੍ਰੈਸ ਨੇ ਆਪਣੀ ਇੱਕ ਰਿਪੋਰਟ ਵਿੱਚ ਜਾਂਚ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਐਫਬੀਆਈ ਟੀਮ ਨਾਲ ਮੀਟਿੰਗ ਦਾ ਏਜੰਡਾ ਗੋਲਡੀ ਬਰਾੜ ਉਰਫ਼ ਸਤਿੰਦਰਜੀਤ ਸਿੰਘ ਦੀ ਹਵਾਲਗੀ ਦੀ ਪ੍ਰਕਿਰਿਆ ਬਾਰੇ ਸੀ। ਸੂਤਰਾਂ ਮੁਤਾਬਕ, ‘ਇਸ ਮੀਟਿੰਗ ‘ਚ AGTF ਅਧਿਕਾਰੀਆਂ ਨੇ ਦੱਸਿਆ ਕਿ ਗੋਲਡੀ ਖਿਲਾਫ ਉਨ੍ਹਾਂ ਦੇ ਕਈ ਮਾਮਲੇ ਹਨ ਅਤੇ ਉਨ੍ਹਾਂ ਦੀ ਇਕ ਟੀਮ ਹਾਲ ਹੀ ‘ਚ ਅਮਰੀਕਾ ‘ਚ ਸੀ। ਉਸ ਨੂੰ ਐਫਬੀਆਈ ਅਧਿਕਾਰੀਆਂ ਨੇ ਠੋਸ ਸਬੂਤਾਂ ਨਾਲ ਘੱਟੋ-ਘੱਟ ਦੋ-ਤਿੰਨ ਕੇਸ ਫਾਈਲਾਂ ਤਿਆਰ ਕਰਨ ਲਈ ਕਿਹਾ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 29 ਮਈ ਨੂੰ ਮਾਨਸਾ ਜ਼ਿਲ੍ਹੇ ‘ਚ ਕੁਝ ਬਦਮਾਸ਼ਾਂ ਨੇ ਸਿੱਧੂ ਮੂਸੇਵਾਲਾ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਸੀ, ਜਦੋਂ ਉਹ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ।