ਮੋਗਾ ਅਤੇ ਗੁਰਦਾਸਪੁਰ ‘ਚ NIA ਦਾ ਛਾਪਾ, ਟੈਰਰ ਫੰਡਿੰਗ ਦਾ ਦੱਸਿਆ ਜਾ ਰਿਹਾ ਮਾਮਲਾ

ਡੈਸਕ- ਕੌਮੀ ਜਾਂਚ ਏਜੰਸੀ ਵਲੋਂ ਪੰਜਾਬ ਵਿਚ ਕਈ ਥਾਵਾਂ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੁਧਵਾਰ ਸਵੇਰੇ ਕੌਮੀ ਜਾਂਚ ਏਜੰਸੀ ਨੇ ਮੋਗਾ ਦੇ ਚੜਿੱਕ ਨੇੜੇ ਝੰਡੇਵਾਲਾ ਵਿਚ ਗੁਰਲਾਭ ਸਿੰਘ ਦੇ ਘਰ ਛਾਪਾ ਮਾਰਿਆ।

ਇਸ ਮੌਕੇ ਐਨਆਈਏ ਦੇ ਨਾਲ ਮੋਗਾ ਪੁਲਿਸ ਵੀ ਮੌਜੂਦ ਰਹੀ। ਟੀਮ ਨੇ ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ। ਹਰਪ੍ਰੀਤ ਕੌਰ ਮੁਤਾਬਕ ਉਸ ਦਾ ਪਤੀ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹੈ। ਐਨਆਈਏ ਨੇ ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਹੈ। ਹਰਪ੍ਰੀਤ ਕੌਰ ਨੇ ਦਸਿਆ ਕਿ ਉਪ ਅਪਣੇ ਪਤੀ ਦੇ ਪੇਜ ਉਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਨ। ਟੀਮ ਨੇ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸੰਪਰਕ ਸਬੰਧੀ ਸਵਾਲ ਵੀ ਕੀਤੇ। ਇਸ ਤੋਂ ਇਲਾਵਾ ਬਘੇਲ ਸਿੰਘ ਨਾਲ ਸਬੰਧਾਂ ਬਾਰੇ ਵੀ ਪੁਛਗਿਛ ਕੀਤੀ ਗਈ। ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤੋਂ ਕੋਈ ਫੰਡਿੰਗ ਨਹੀਂ ਆਈ ਹੈ।

ਇਸ ਤੋਂ ਇਲਾਵਾ ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਬੋਲੇਵਾਲ ਵਿਚ ਕਿਰਪਾਲ ਸਿੰਘ ਦੇ ਘਰ ਵੀ ਐਨਆਈਏ ਦੀ ਟੀਮ ਪਹੁੰਚੀ। ਦਸਿਆ ਜਾ ਰਿਹਾ ਹੈ ਕਿ ਕਿਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਦਾ ਸਾਥੀ ਹੈ। ਜਾਂਚ ਏਜੰਸੀ ਦੀ ਟੀਮ ਵਲੋਂ ਅਜੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।