ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਮਾਮਲੇ ‘ਚ ਮੁੱਖ ਦੋਸ਼ੀ ਗ੍ਰਿਫਤਾਰ

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸੋਨੀਪਤ ਦੀ ਪਹਿਲਵਾਨ ਨਿਸ਼ਾ ਦਹੀਆ ਦੇ ਕਤਲ ਮਾਮਲੇ ‘ਚ ਮੁੱਖ ਦੋਸ਼ੀ ਪਵਨ ਅਤੇ ਉਸ ਦੇ ਸਾਥੀ ਸਚਿਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਇਕ ਕੁਸ਼ਤੀ ਅਕੈਡਮੀ ਵਿਚ ਕੁਝ ਹਮਲਾਵਰਾਂ ਦੀ ਗੋਲੀਬਾਰੀ ਵਿਚ ਯੂਨੀਵਰਸਿਟੀ ਪੱਧਰ ਦੀ ਪਹਿਲਵਾਨ ਨਿਸ਼ਾ ਦਹੀਆ ਅਤੇ ਉਸ ਦੇ ਭਰਾ ਦੀ ਮੌਤ ਹੋ ਗਈ ਸੀ, ਜਦੋਂ ਕਿ ਉਨ੍ਹਾਂ ਦੀ ਮਾਂ ਜ਼ਖ਼ਮੀ ਹੋ ਗਈ ਸੀ।

ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਅਕੈਡਮੀ ਨੂੰ ਅੱਗ ਲਗਾ ਦਿੱਤੀ ਸੀ। ਕਤਲ ਤੋਂ ਬਾਅਦ ਨਿਸ਼ਾ ਦੀ ਪਛਾਣ ਨੂੰ ਲੈ ਕੇ ਭੰਬਲਭੂਸਾ ਪੈਦਾ ਹੋ ਗਿਆ ਸੀ ਅਤੇ ਕਈ ਰਿਪੋਰਟਾਂ ਵਿਚ ਉਸ ਨੂੰ ਹਾਲ ਹੀ ਵਿਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਪਹਿਲਵਾਨ ਦੱਸਿਆ ਗਿਆ ਸੀ। ਕਾਂਸੀ ਤਮਗਾ ਜੇਤੂ ਪਹਿਲਵਾਨ ਦਾ ਨਾਂਅ ਵੀ ਨਿਸ਼ਾ ਦਹੀਆ ਹੈ।

ਸੋਨੀਪਤ ਦੇ ਸਹਾਇਕ ਪੁਲਿਸ ਸੁਪਰਡੈਂਟ ਮਯੰਕ ਗੁਪਤਾ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਘਟਨਾ ‘ਚ ਨਿਸ਼ਾ ਦਹੀਆ (20) ਅਤੇ ਉਸ ਦਾ ਭਰਾ ਸੂਰਜ (18) ਮਾਰੇ ਗਏ। ਉਸ ਨੇ ਉਨ੍ਹਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ ਜਿਸ ਵਿਚ ਮ੍ਰਿਤਕ ਔਰਤ ਨੂੰ ਕਾਂਸੀ ਤਮਗਾ ਜੇਤੂ ਪਹਿਲਵਾਨ ਦੱਸਿਆ ਗਿਆ ਸੀ।

ਟੀਵੀ ਪੰਜਾਬ ਬਿਊਰੋ