ਵੈਕਸ ਮਿਊਜ਼ਿਅਮ ‘ਚ ਲੱਗਾ ਸੀ ਗੁਰੂ ਸਾਹਿਬ ਦਾ ਬੁੱਤ, ਵਿਰੋਧ ‘ਤੇ ਹਟਾਇਆ

ਡੈਸਕ- ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਦੀਪੁਰ ਸਥਿਤ ਇਕ ਮਾਲ ਦੇ ਵੈਕਸ ਮਿਊਜ਼ੀਅਮ ‘ਚ ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਲਗਾਉਣ ਦੇ ਤਿੱਖੇ ਵਿਰੋਧ ਤੋਂ ਬਾਅਦ ਇਹ ਬੁੱਤ ਹਟਾ ਦਿੱਤਾ ਗਿਆ ਹੈ।

ਇਸ ਦਾ ਸਿੱਖ ਸੰਗਠਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਸੀ। ਰੋਸ ਪ੍ਰਦਰਸ਼ਨਾਂ ਤੋਂ ਬਾਅਦ ਇਸ ਨੂੰ ਮਾਲ ਤੋਂ ਹਟਾ ਦਿੱਤਾ ਗਿਆ। ਮਾਲ ਵਿਚ ਬਣੇ ਦਸਮੇਸ਼ ਗੁਰੂ ਜੀ ਦਾ ਮੋਮ ਦਾ ਬੁੱਤ ਇੰਟਰਨੈੱਟ ਮੀਡੀਆ ਰਾਹੀਂ ਚਰਚਾ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇੱਕ ਵਫ਼ਦ ਭੇਜਿਆ ਹੈ।

ਕਮੇਟੀ ਦੇ ਵਾਈਸ ਚੇਅਰਮੈਨ ਨੇ ਮਾਲ ਵਿੱਚ ਸੱਚਾਈ ਦੀ ਜਾਂਚ ਕੀਤੀ ਅਤੇ ਪੂਰੇ ਘਟਨਾਕ੍ਰਮ ਬਾਰੇ ਮਾਲ ਦੇ ਮੈਨੇਜਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਇਹ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ ਅਤੇ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਤੋਂ ਬਾਅਦ ਮਾਲ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੋਮ ਦਾ ਬੁੱਤ ਹਟਾਇਆ ਗਿਆ।