Vancouver – ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਹੈਲਥ ਕੇਅਰ ਨਾਲ ਜੁੜੇ ਵਰਕਰਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਵਾਸਤੇ ਕਿਹਾ ਗਿਆ ਸੀ। ਜਿਨ੍ਹਾਂ ਮੁਲਾਜ਼ਮਾਂ ਨੇ ਅਜਿਹਾ ਨਹੀਂ ਕੀਤਾ ਹੁਣ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ। ਕੋਵਿਡ ਵੈਕਸੀਨ ਲਗਵਾਉਣ ਦੀ ਜੋ ਡੈਡਲਾਇਨ ਰੱਖੀ ਗਈ ਸੀ ਉਹ ਨਿਕਲਣ ਦੇ ਬਾਵਜੂਦ ਵੈਕਸੀਨ ਨਾ ਲਗਵਾਉਣ ਵਾਲੇ ਦੋ ਹਸਪਤਾਲਾਂ ਦੇ 172 ਮੁਲਾਜ਼ਮਾਂ ਨੂੰ ਬਿਨਾ ਤਨਖ਼ਾਹ ਦੇ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਵਿੰਡਸਰ ਰੀਜਨਲ ਹੌਸਪਿਟਲ ਅਤੇ ਹੋਟੇਲ-ਡਯੂ ਗ੍ਰੇਸ ਹੈਲਥ ਕੇਅਰ, ਦੋਵਾਂ ਦੀ ਵੈਕਸੀਨ ਨੀਤੀ ਤਹਿਤ ਸਾਰੇ ਮੁਲਾਜ਼ਮਾਂ ਲਈ 22 ਸਤੰਬਰ ਤੱਕ ਕੋਵਿਡ ਦੀ ਘੱਟੋ ਘੱਟ ਇੱਕ ਵੈਕਸੀਨ ਲਗਾਏ ਜਾਣ ਨੂੰ ਲਾਜ਼ਮੀ ਕੀਤਾ ਗਿਆ ਸੀ। ਪਰ ਕਈਆਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਵਿੰਡਸਰ ਰੀਜਨਲ ਹੌਸਪਿਟਲ ਨੇ ਇੱਕ ਨਿਊਜ਼ ਰਿਲੀਜ਼ ਵਿਚ ਦੱਸਿਆ ਹੈ ਕਿ ਉਹਨਾਂ ਦੇ 96 ਫ਼ੀਸਦੀ ਮੁਲਾਜ਼ਮ ਪੂਰੀ ਤਰ੍ਹਾਂ ਨਾਲ ਵੈਕਸੀਨ ਲਗਵਾ ਚੁੱਕੇ ਹਨ। ਪਰ 140 ਮੁਲਾਜ਼ਮਾਂ ਨੇ ਅਜਿਹਾ ਨਹੀਂ ਕੀਤਾ ਹੈ। ਜਿਹੜੇ ਮੁਲਾਜ਼ਮਾਂ ਨੇ ਵੈਕਸੀਨ ਨਹੀਂ ਲਗਵਾਈ ਉਨ੍ਹਾਂ ਨੂੰ 2 ਹਫ਼ਤਿਆਂ ਲਈ ਬਿਨਾ ਤਨਖ਼ਾਹ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਐਚ ਡੀ ਜੀ ਐਚ ਦੇ ਇਕ ਅਧਿਕਾਰੀ ਨੇ ਦੱਸਿਆ ਕਿ 96 ਫ਼ੀਸਦੀ ਮੁਲਾਜ਼ਮ ਵੈਕਸੀਨ ਲਗਵਾ ਚੁੱਕੇ ਹਨ ਪਰ 32 ਮੁਲਾਜ਼ਮਾਂ ਨੂੰ ਬਿਨਾਂ ਤਨਖ਼ਾਹ ਤੋਂ ਮੁਅੱਤਲ ਕੀਤਾ ਗਿਆ ਹੈ।