PAU ਵਿਚ ਵਰਚੁਅਲ ਭੋਜਨ ਉਦਯੋਗ ਅਤੇ ਕਰਾਫਟ ਮੇਲਾ ਹੋਇਆ

ਲੁਧਿਆਣਾ : ਪੀ.ਏ.ਯੂ. ਵਿਚ ਅੱਜ ਭੋਜਨ ਉਦਯੋਗ ਅਤੇ ਕਰਾਫਟ ਮੇਲੇ ਦੀ ਸ਼ੁਰੂਆਤ ਹੋਈ । ਵਰਚੁਅਲ ਕਰਵਾਏ ਜਾ ਰਹੇ ਇਸ ਮੇਲੇ ਵਿਚ ਭੋਜਨ ਉਦਯੋਗ ਮਾਹਿਰਾਂ ਤੋਂ ਇਲਾਵਾ ਕਾਰੋਬਾਰੀ ਸਿਖਿਆਰਥੀ, ਮਾਹਿਰ ਅਤੇ ਇਸ ਖੇਤਰ ਦੇ ਸਫਲ ਕਾਰੋਬਾਰੀ ਹਿੱਸਾ ਲੈ ਰਹੇ ਹਨ ।

ਇਸ ਵਿਚ ਵਧੇਰੇ ਕਿਸਾਨ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਤੋਂ ਇਲਾਵਾ ਪ੍ਰੋਸੈਸਿੰਗ ਅਤੇ ਛੋਟੇ ਉਦਯੋਗਾਂ ਨਾਲ ਜੁੜੇ ਕਾਰੋਬਾਰੀ ਸ਼ਾਮਿਲ ਹੋਏ। ਆਰੰਭਕ ਸੈਸ਼ਨ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਸ. ਮਨਜੀਤ ਸਿੰਘ ਬਰਾੜ ਆਈ ਏ ਐੱਸ ਸ਼ਾਮਿਲ ਹੋਏ ।

ਉਹਨਾਂ ਕਿਹਾ ਕਿ ਭੋਜਨ ਉਦਯੋਗ ਦਾ ਖੇਤਰ ਵੱਡੇ ਅਤੇ ਛੋਟੇ ਪ੍ਰੋਸੈਸਿੰਗ ਕਰਨ ਵਾਲੇ ਕਿਸਾਨਾਂ ਵਿਚ ਹਰਮਨ ਪਿਆਰਾ ਹੈ ਪਰ ਇਸ ਖੇਤਰ ਨੂੰ ਖਪਤਕਾਰ ਦੀਆਂ ਮੰਗਾਂ ਅਨੁਸਾਰ ਵਿਉਂਤਣ ਦੀ ਲੋੜ ਹੈ। ਉਹਨਾਂ ਕਿਹਾ ਕਿ ਇਸ ਖੇਤਰ ਵਿੱਚ ਸਭ ਤੋਂ ਮੁਸ਼ਕਿਲ ਕਾਰਜ ਤਿਆਰ ਕੀਤੇ ਉਤਪਾਦਾਂ ਦੀ ਵਿਕਰੀ ਦਾ ਹੈ ।

ਉਹਨਾਂ ਨੇ ਪੰਜਾਬ ਐਗਰੋ ਵੱਲੋਂ ਮੱਲ ਵਾਧੇ ਅਤੇ ਪ੍ਰੋਸੈਸਿੰਗ ਲਈ ਕੀਤੇ ਜਾਂਦੇ ਕਾਰਜਾਂ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਕਿਹਾ ਕਿ ਖਪਤਕਾਰਾਂ ਵਿੱਚ ਸਿਰਫ਼ ਚੰਗੀ ਕੁਆਲਟੀ ਅਤੇ ਮਿਲਾਵਟ ਰਹਿਤ ਉਤਪਾਦ ਹੀ ਪ੍ਰਵਾਨ ਹੋਣਗੇ ।

ਇਸ ਦੇ ਨਾਲ ਹੀ ਉਹਨਾਂ ਨੇ ਅੱਜ ਦੇ ਸਮੇਂ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਅਤੇ ਇਹਨਾਂ ਦੇ ਉਤਪਾਦਨ ਬਾਰੇ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਵਿਕਰੀ ਅਤੇ ਮੰਡੀਕਰਨ ਵਿੱਚ ਅੰਤਰ ਕਰਕੇ ਹੀ ਮੁਨਾਫ਼ੇ ਵਾਲੀ ਪ੍ਰਕਿਰਿਆ ਪੈਦਾ ਕੀਤੀ ਜਾ ਸਕਦੀ ਹੈ ।

ਵਿਸ਼ੇਸ਼ ਮਹਿਮਾਨ ਵਜੋਂ ਆਰੰਭਕ ਸੈਸ਼ਨ ਵਿਚ ਸ਼ਾਮਿਲ ਹੋਏ ਪੀ.ਏ.ਯੂ. ਕਿਸਾਨ ਕਲੱਬ ਦੇ ਪ੍ਰਧਾਨ ਅਤੇ ਉਪਜ ਫਾਰਮ ਪ੍ਰੋਡਕਟਸ ਲੱਖੋਵਾਲ ਦੇ ਨਿਰਮਾਤਾ ਸ. ਅਮਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ ।

ਉਹਨਾਂ ਕਿਹਾ ਕਿ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਸਦਕਾ ਬਹੁਤ ਸਾਰੇ ਖੇਤੀ ਕਾਰੋਬਾਰੀ ਪ੍ਰੋਸੈਸਿੰਗ ਅਤੇ ਵਢਾਈ ਉਪਰੰਤ ਤਕਨੀਕਾਂ ਨੂੰ ਅਪਣਾ ਰਹੇ ਹਨ । ਇਸ ਸੰਬੰਧ ਵਿੱਚ ਸ੍ਰੀ ਅਮਰਿੰਦਰ ਸਿੰਘ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਪ੍ਰੋਸੈਸਿੰਗ ਨਾਲ ਜੁੜੇ ਲੋਕਾਂ ਨੂੰ ਪ੍ਰੇਰਿਤ ਕੀਤਾ ।

ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਭੋਜਨ ਉਦਯੋਗ ਅਤੇ ਪ੍ਰੋਸੈਸਿੰਗ ਦੇ ਖੇਤਰ ਵਿੱਚ ਪੀ.ਏ.ਯੂ. ਵੱਲੋਂ ਕੀਤੀਆਂ ਨਵੀਨ ਖੋਜਾਂ ਦੀ ਗੱਲ ਕੀਤੀ । ਉਹਨਾਂ ਕਿਹਾ ਕਿ ਹੁਣ ਮਸਲਾ ਲੁਕਵੀਂ ਭੁੱਖ ਦਾ ਹੈ । ਖੇਤ ਤੋਂ ਪਲੇਟ ਤੱਕ ਭੋਜਨ ਪਦਾਰਥਾਂ ਦੇ ਪ੍ਰਭਾਵ ਬਾਰੇ ਜਾਗਰੂਕ ਹੋਣ ਦੀ ਲੋੜ ਹੈ ।

ਖਪਤਕਾਰ ਦੀ ਮੰਗ ਅਨੁਸਾਰ ਭੋਜਨ ਵਿੱਚ ਪੋਸ਼ਕ ਤੱਤਾਂ ਦਾ ਸੰਤੁਲਨ ਲਾਜ਼ਮੀ ਹੈ । ਇਸ ਸੰਬੰਧੀ ਪੀ.ਏ.ਯੂ. ਦੇ ਯੋਗਦਾਨ ਦੀ ਗੱਲ ਕਰਦਿਆਂ ਡਾ. ਢੱਟ ਨੇ ਭੋਜਨ ਉਦਯੋਗ ਅਤੇ ਤਕਨਾਲੋਜੀ ਵਿਭਾਗ, ਭੋਜਨ ਅਤੇ ਪੋਸ਼ਣ ਵਿਭਾਗ, ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਅਤੇ ਐਪਰਲ ਅਤੇ ਟੈਕਸਟਾਈਲ ਵਿਗਿਆਨ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ।

ਉਹਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਭੋਜਨ ਪ੍ਰੋਸੈਸਿੰਗ ਅਤੇ ਖੇਤੀ ਨਾਲ ਸੰਬੰਧਤ ਕਾਰੋਬਾਰੀ ਸਿਖਲਾਈ ਨੂੰ ਬਰਾਬਰ ਦਾ ਮਹੱਤਵ ਦਿੱਤਾ ਜਾ ਰਿਹਾ ਹੈ । ਡਾ. ਢੱਟ ਨੇ ਕਣਕ ਦੀਆਂ ਪ੍ਰੋਸੈਸਿੰਗ ਅਨੁਕੂਲ ਕਿਸਮ ਪੀ ਬੀ ਡਬਲਯੂ-1 ਚਪਾਤੀ ਅਤੇ ਪੋਸ਼ਣ ਦੇ ਮੱਦੇਨਜ਼ਰ ਤਿਆਰ ਕੀਤੀ ਕਿਸਮ ਪੀ ਬੀ ਡਬਲਯੂ-1 ਜ਼ਿੰਕ ਦੇ ਨਾਲ-ਨਾਲ ਮੱਕੀ ਅਤੇ ਜੌਂਆਂ ਦੀਆਂ ਕਿਸਮਾਂ ਦਾ ਵੀ ਜ਼ਿਕਰ ਕੀਤਾ ।

ਉਹਨਾਂ ਗੋਭੀ ਅਤੇ ਰਾਇਆ ਸਰੋਂ ਦੀਆਂ ਕਨੌਲਾ ਕਿਸਮਾ ਸੂਰਜਮੁਖੀ ਦੀ ਨਵੀਂ ਕਿਸਮ ਨੂੰ ਵੀ ਪ੍ਰੋਸੈਸਿੰਗ ਦੇ ਅਨੁਸਾਰ ਵਿਕਸਿਤ ਕੀਤੀਆਂ ਕਿਸਮਾਂ ਕਿਹਾ । ਫਲਾਂ ਵਿੱਚ ਪੀ.ਏ.ਯੂ. ਕਿੰਨੂ-1, ਅਮਰੂਦਾਂ ਵਿੱਚ ਪੰਜਾਬ ਕਿਰਨ ਅਤੇ ਪੰਜਾਬ ਪਿੰਕ ਦਾ ਜ਼ਿਕਰ ਕਰਨ ਦੇ ਨਾਲ-ਨਾਲ ਡਾ. ਢੱਟ ਨੇ ਮਿਰਚਾਂ, ਪਿਆਜ਼, ਟਮਾਟਰ, ਮਟਰ, ਮਗਜ਼ ਕੱਦੂ, ਖਰਬੂਜ਼ਾ, ਖੀਰਾ ਅਤੇ ਗਾਜਰਾਂ ਦੀਆਂ ਉਹਨਾਂ ਕਿਸਮਾਂ ਦਾ ਜ਼ਿਕਰ ਕੀਤਾ ਜੋ ਪੋਸ਼ਣ ਦੇ ਲਿਹਾਜ਼ ਨਾਲ ਉਤਪਾਦ ਬਨਾਉਣ ਲਈ ਅਨੁਸਾਰੀ ਹਨ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੇਲੇ ਦੀ ਰੂਪਰੇਖਾ ਅਤੇ ਮੇਲੇ ਵਿੱਚ ਸ਼ਾਮਿਲ ਹੋਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ 2014 ਤੋਂ ਬਾਅਦ ਇਸ ਮੇਲੇ ਨੂੰ ਨਵੇਂ ਰੂਪ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਲੋਕਾਂ ਵਿੱਚ ਪ੍ਰਵਾਨ ਵੀ ਹੋਇਆ ਹੈ ।

ਉਹਨਾਂ ਕਿਹਾ ਕਿ ਪੀ.ਏ.ਯੂ. ਤੋਂ ਸਿੱਖਿਅਤ ਕਾਰੋਬਾਰੀ ਉੱਦਮੀ ਨਵੇਂ ਕਾਰੋਬਾਰੀਆਂ ਨੂੰ ਪ੍ਰੇਰਨਾ ਦੇਣ ਲਈ ਸ਼ਾਮਿਲ ਹੋਏ ਹਨ । ਇਸ ਤੋਂ ਇਲਾਵਾ ਸਵੈ-ਸਹਾਇਤਾ ਸਮੂਹ, ਉਦਯੋਗਿਕ ਇਕਾਈਆਂ, ਕਿ੍ਰਸ਼ੀ ਵਿਗਿਆਨ ਕੇਂਦਰ ਵੱਡੀ ਗਿਣਤੀ ਵਿੱਚ ਇਸ ਮੇਲੇ ਦਾ ਹਿੱਸਾ ਬਣੇ ਹਨ ।

ਉਹਨਾਂ ਦੱਸਿਆ ਕਿ ਪੈਨਲ ਵਿਚਾਰ ਚਰਚਾਵਾਂ ਤੋਂ ਇਲਾਵਾ ਭੋਜਨ ਪਦਾਰਥਾਂ ਦੀ ਵਿਕਰੀ ਲਈ ਵੀ ਲਿੰਕ ਮੁਹੱਈਆ ਕਰਵਾਏ ਗਏ ਹਨ । ਸਵਾਗਤੀ ਸ਼ਬਦ ਬੋਲਦਿਆਂ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਿਸਾਨਾਂ, ਖੇਤੀ ਕਾਰੋਬਾਰੀਆਂ, ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਦੇ ਕਾਰਿੰਦਿਆਂ ਦਾ ਸਵਾਗਤ ਕੀਤਾ ।

ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ ।

ਇਸ ਤੋਂ ਬਾਅਦ ਚਾਰ ਪੈਨਲ ਵਿਚਾਰ ਚਰਚਾ ਸੈਸ਼ਨ ਹੋਏ । ਪਹਿਲੇ ਸੈਸ਼ਨ ਵਿੱਚ ਪ੍ਰੋਸੈੱਸਡ ਭੋਜਨ ਅਤੇ ਸਕਿੱਲ ਡਿਵੈਲ਼ਪਮੈਂਟ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ।

ਦੂਜੇ ਸੈਸ਼ਨ ਵਿੱਚ ਜੀਣ ਤਰੀਕਿਆਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ, ਤੀਜੇ ਸੈਸ਼ਨ ਵਿੱਚ ਕਲਾ ਅਤੇ ਸ਼ਿਲਪ ਨੂੰ ਕਾਰੋਬਾਰ ਵਜੋਂ ਅਪਨਾਉਣ ਦੀਆਂ ਵਿਧੀਆਂ ਅਤੇ ਚੌਥੇ ਸੈਸ਼ਨ ਵਿੱਚ ਭੋਜਨ ਉਦਯੋਗ ਅਤੇ ਸਿਖਲਾਈ ਸੰਬੰਧੀ ਵਿਸਥਾਰ ਨਾਲ ਚਰਚਾ ਹੋਈ।

ਟੀਵੀ ਪੰਜਾਬ ਬਿਊਰੋ