PAU ਨੇ ਹਾੜੀ ਦੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਜਾਗਰੂਕਤਾ ਦਾ ਪਸਾਰ ਕੀਤਾ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਲੁਧਿਆਣਾ ਨੇੜਲੇ ਪਿੰਡ ਨੂਰਪੁਰ ਬੇਟ ਵਿਚ ਹਾੜੀ ਦੀਆਂ ਫਸਲਾਂ ਦੀਆਂ ਕਿਸਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵਿਚ 30 ਦੇ ਕਰੀਬ ਕਿਸਾਨ ਸ਼ਾਮਿਲ ਹੋਏ। ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਨੂੰ ਵੱਖ-ਵੱਖ ਪਸਾਰ ਗਤੀਵਿਧੀਆਂ ਲਈ ਚੁਣਿਆ ਗਿਆ ਹੈ ਜਿਨਾਂ ਵਿੱਚ ਹਾੜੀ ਦੀ ਫਸਲਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸ਼ਾਮਿਲ ਹੈ।

ਉਹਨਾਂ ਨੇ ਸੰਖੇਪ ਸਵਾਗਤੀ ਸ਼ਬਦਾਂ ਵਿਚ ਪੀ.ਏ.ਯੂ. ਦੀ ਸਬਜ਼ੀਆਂ ਦੀ ਕਿੱਟ ਅਤੇ ਸਿਫਾਰਸ਼ ਕਿਸਮਾਂ ਬਾਰੇ ਜਾਣਕਾਰੀ ਦਿੱਤੀ। ਕਣਕ ਦੇ ਕਿਸਮ ਸੁਧਾਰਕ ਡਾ. ਅਚਲਾ ਸ਼ਰਮਾ ਨੇ ਕਣਕ ਦੀਆਂ ਨਵੀਆਂ ਕਿਸਮਾਂ ਜਿਵੇਂ ਪੀ ਬੀ ਡਬਲਯੂ-803, ਪੀ ਬੀ ਡਬਲਯੂ-824 ਅਤੇ ਪੀ ਬੀ ਡਬਲਯੂ-869 ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਰੋਟੀ ਲਈ ਢੁੱਕਵੀਂ ਕਿਸਮ ਪੀ ਬੀ ਡਬਲਯੂ-1 ਚਪਾਤੀ ਦਾ ਜ਼ਿਕਰ ਕੀਤਾ।

ਤੇਲਬੀਜਾਂ ਦੇ ਮਾਹਿਰ ਡਾ. ਵੀਰੇਂਦਰ ਸਿਰਦਾਨਾ ਨੇ ਨਵੀਆਂ ਤੇਲਬੀਜਾਂ ਕਿਸਮਾਂ ਬਾਰੇ ਦੱਸਿਆ। ਉਹਨਾਂ ਨੇ ਰਾਇਆ ਅਤੇ ਗੋਭੀ ਸਰੋਂ ਦੀਆਂ ਕਨੌਲਾ ਕਿਸਮਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਸ੍ਰੀ ਅਮਨ ਸ਼ਰਮਾ ਖੇਤੀ ਵਿਕਾਸ ਅਧਿਕਾਰੀ ਨੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ।

ਸਹਾਇਕ ਨਿਰਦੇਸ਼ਕ (ਪ੍ਰਕਾਸ਼ਨਾਵਾਂ) ਗੁਲਨੀਤ ਚਾਹਲ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਤੋਂ ਜਾਣੂ ਕਰਵਾਇਆ। ਅੰਤ ਵਿਚ ਡਾ. ਕਮਲਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਪੀ.ਏ.ਯੂ. ਦਾ ਸਾਹਿਤ ਅਤੇ ਸਬਜ਼ੀਆਂ ਦੀਆਂ ਕਿੱਟਾਂ ਕਿਸਾਨਾਂ ਨੂੰ ਵੰਡੀਆਂ ਗਈਆਂ।

ਟੀਵੀ ਪੰਜਾਬ ਬਿਊਰੋ