ਰਾਜ ਸਭਾ ਉਮੀਦਵਾਰ ਸੰਜੀਵ ਅਰੋੜਾ ਦੀ ਜਾਇਦਾਦ ਦੀ ਹੋਵੇ ਜਾਂਚ- ਪਰਗਟ ਸਿੰਘ

ਜਲੰਧਰ- 92 ਸੀਟਾਂ ਲੈ ਕੇ ਪੰਜਾਬ ਦੀ ਸੱਤਾ ‘ਤੇ ਕਾਬਿਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਰਟੀ ‘ਤੇ ਹੁਣੇ ਤੋਂ ਹੀ ਸਵਾਲ ਚੁੱਕਣੇ ਸ਼ੁਰੂ ਹੋ ਗਏ ਨੇ ।ਪੰਜਾਬ ਦੇ ਕੋਟੇ ਤੋ ਰਾਜ ਸਭਾ ਚ ਪੰਜ ਮੈਂਬਰ ਭੇਜੇ ਜਾਣ ਦੀ ਗੱਲ ਹੁਣ ਸੱਤਾਧਾਰੀ ਪਾਰਟੀ ਲਈ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ।ਇਨ੍ਹਾਂ ਉਮੀਦਵਾਰਾਂ ਚੋਂ ਜ਼ਿਆਦਾਤਰ ਬਾਹਰੀ ਵਿਅਕਤੀ ਚੁਣੇ ਜਾਣ ਦੇ ਇਲਜ਼ਾਮ ਲਗਾਏ ਜਾ ਰਹੇ ਨੇ ।ਸੰਦੀਪ ਪਾਠਕ ਤੋਂ ਲੈ ਕੇ ਸੰਜੀਵ ਅਰੋੜਾ ਵਿਰੋਧੀਆਂ ਦੇ ਨਿਸ਼ਾਨੇ ‘ਤੇ ਨੇ ।ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਨੇ ਅਰੋੜਾ ਖਿਲਾਫ ਇਲਜ਼ਾਮਾਂ ਦੀ ਝੜੀ ਲਗਾਈ ਹੈ ।

ਪਰਗਟ ਸਿੰਘ ਦਾ ਕਹਿਣਾ ਹੈ ਕਿ ਸੰਜੀਵ ਅਰੋੜਾ ਲੁਧਿਆਣਾ ਦਾ ਇਕ ਵਪਾਰੀ ਹੈ ।ਜਿਸ ਦੀ ਫਰਮ ‘ਤੇ ਸੇਬੀ ਵਲੋਂ ਦਸ ਲੱਖ ਦਾ ਜ਼ੁਰਮਾਣਾ ਵੀ ਲਗਾਇਆ ਜਾ ਚੁੱਕਿਆ ਹੈ ।ਸੰਜੀਵ ਇਕ ਦਾਗੀ ਵਿਅਕਤੀ ਹੈ ਜਿਸਦੀ ਚੋਣ ਕਰਕੇ ਰਾਜ ਸਭਾ ਭੇਜਨਾ ਗਲਤ ਹੈ ।ਪਰਗਟ ਨੇ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਤੋਂ ਆਪਣਾ ਫੈਸਲਾ ਮੁੜ ਵਿਚਾਰਨ ਦੀ ਅਪੀਲ ਕੀਤੀ ਹੈ ।

ਰਾਜ ਸਭਾ ਉਮੀਦਵਾਰ ‘ਤੇ ਸਵਾਲ ਚੁੱਕਦਿਆਂ ਕਾਂਗਰਸ ਦੇ ਇਸ ਵਿਧਾਇਕ ਨੇ ਸੰਜੀਵ ਅਰੋੜਾ ਦੀ ਜਾਇਦਾਦ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ ।ਇਸ ਤੋਂ ਪਹਿਲਾਂ ਵਿਰੋਧੀ ਧਿਰਾਂ ਵਲੋਂ ਕੇਜਰੀਵਾਲ ‘ਤੇ ਰਾਜ ਸਭਾ ਟਿਕਟਾਂ ਵੇਚਣ ਦੇ ਵੀ ਇਲਜ਼ਾਮ ਲਗਾਏ ਜਾ ਚੁੱਕੇ ਹਨ ।