ਸੰਗਰੂਰ ਜ਼ਿਮਣੀ ਚੋਣ ਲਈ ਭਾਜਪਾ ਦੀ ਪਸੰਦ ਬਣੇ ਪਰਮਿੰਦਰ ਢੀਂਡਸਾ !

ਜਲੰਧਰ- ਅਗਲੇ ਮਹੀਨੇ ਹੋਣ ਵਾਲੀ ਲੋਕ ਸਭਾ ਜ਼ਿਮਣੀ ਚੋਣ ਲਈ ਭਾਰਤੀ ਜਨਤਾ ਪਾਰਟੀ ਵੀ ਮੈਦਾਨ ਚ ਉਤਰਨ ਜਾ ਰਹੀ ਹੈ । ਖਬਰ ਮਿਲੀ ਹੈ ਕਿ ਭਾਰਤੀ ਜਨਤਾ ਪਾਰਟੀ ਸੰਗਰੂਰ ਦੀ ਲੋਕ ਸਭਾ ਸੀਟ ਲਈ ਆਪਣੀ ਭਾਈਵਾਲ ਸ਼੍ਰੌਮਣੀ ਅਕਾਲੀ ਦਲ (ਢੀਂਡਸਾ) ਦੇ ਪਰਮਿੰਦਰ ਢੀਂਡਸਾ ‘ਤੇ ਦਾਅ ਖੇਡਨ ਜਾ ਰਹੀ ਹੈ । ਭਾਰਤੀ ਜਨਤਾ ਪਾਰਟੀ ਵਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲ ਕੇ 2022 ਦੀਆਂ ਵਿਧਾਨ ਸਭਾ ਚੋਣਾ ਲੜੀਆਂ ਗਈਆਂ ਸਨ । ਦੋਵੇਂ ਭਾਈਵਾਲ ਇਕ ਸੀਟ ਵੀ ਜਿੱਤ ਨਹੀਂ ਸਕੇ ਸਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਜਪਾ ਵਲੋਂ ਕਰਵਾਏ ਗਏ ਸਰਵੇ ਚ ਪਾਰਟੀ ਦੇ ਨੇਤਾ ਅਰਵਿੰਦ ਖੰਨਾ ਖਾਸੇ ਵੋਟ ਇੱਕਠੇ ਨਾ ਕਰ ਸਕੇ । ਜਨਤਾ ਦੇ ਝੁਕਾਅ ਨੂੰ ਵੇਖਦਿਆਂ ਹੋਇਆ ਭਾਜਪਾ ਨੇ ਪਰਮਿੰਦਰ ਢੀਂਡਸਾ ਨੇ ਨਾਂ ‘ਤੇ ਸਹਿਮਤੀ ਬਣਾਈ ਹੈ । ਢੀਂਡਸਾ ਨੂੰ ਕਮਲ ਦੇ ਨਿਸ਼ਸ਼ਾਨ ‘ਤੇ ਹੀ ਚੋਣ ਲੜਵਾਈ ਜਾਵੇਗੀ ।ਸੂਤਰਾਂ ਮੁਤਾਬਿਕ ਭਾਜਪਾ ਵਲੋਂ ਜਲਦ ਹੀ ਇਸ ਬਾਬਤ ਢੀਂਡਸਾ ਪਰਿਵਾਰ ਨਾਲ ਮੁਲਾਕਾਤ ਕੀਤੀ ਜਾਵੇਗੀ ।

ਜ਼ਿਕਰਯੋਗ ਹੈ ਕਿ ‘ਆਪ’ ਸਾਂਸਦ ਭਗਵੰਤ ਮਾਨ ਦੇ ਮੁੱਖ ਮੰਤਰੀ ਬਨਣ ਤੋਂ ਬਾਅਦ ਸੰਗਰੂਰ ਲੋਕ ਸਭਾ ਸੀਟ ਖਾਲੀ ਹੋ ਗਈ ਸੀ । ਜਿਸਨੂੰ ਲੈ ਕੇ ਅਗਲੇ ਮਹੀਨੇ 23 ਜੂਨ ਨੂੰ ਇੱਥੇ ਜ਼ਿਮਣੀ ਚੋਣ ਹੋਣ ਜਾ ਰਹੇ ਨੇ । ਇਸਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇਸ ਸੀਟ ‘ਤੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ ।ਦੂਜੇ ਪਾਸੇ ਕਾਂਗਰਸ ਚ ਦਲਬੀਰ ਗੋਲਡੀ ਜਾਂ ਉਨ੍ਹਾਂ ਦੀ ਪਤਨੀ ਦੇ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਹੈ ।‘ਆਪ’ ਦੀ ਗੱਲ ਕਰੀਏ ਤਾਂ ਸੰਗਰੂਰ ਹਲਕੇ ਚ ਪਹਿਲਾਂ ਤੋਂ ਹੀ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਦੇ ਸਮਰਥਨ ਚ ਪੋਸਟਰ ਲੱਗ ਚੁੱਕੇ ਹਨ ।