PAU ਦੇ ਅਜਾਇਬ ਘਰ ਲਈ ਡਾ. ਆਰ ਐਲ ਨਾਰੰਗ ਨੇ ਪੁਰਾਤਨ ਵਸਤਾਂ ਭੇਂਟ ਕੀਤੀਆਂ

ਲੁਧਿਆਣਾ : ਕਾਲਜ ਆਫ਼ ਕਮਿਊਨਿਟੀ ਸਾਇੰਸ, ਪੀ.ਏ.ਯੂ, ਲੁਧਿਆਣਾ ਵਲੋਂ ਪੇਂਡੂ ਸੱਭਿਅਤਾ ਦੇ ਅਜਾਇਬ ਘਰ (ਮਿਊਜ਼ੀਅਮ) ਲਈ ਪੁਰਾਤਨ ਵਸਤਾਂ ਦਾਨ ਕਰਨ ਦੀ ਅਪੀਲ ਬੀਤੇ ਦਿਨੀਂ ਕੀਤੀ ਗਈ ਸੀ । ਇਸ ਉੱਪਰ ਗੌਰ ਕਰਦਿਆਂ ਦਇਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਮਨੋ-ਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਪ੍ਰਧਾਨ ਰੋਟਰੀ ਕਲੱਬ, ਲੁਧਿਆਣਾ ਡਾ. ਆਰ.ਐਲ. ਨਾਰੰਗ ਅਤੇ ਉਨਾਂ ਦੀ ਜੀਵਨ ਸਾਥਣ ਸ੍ਰੀਮਤੀ ਪ੍ਰਵੀਨ ਨਾਰੰਗ ਵੱਲੋਂ ਉਨਾਂ ਦੇ ਪਰਿਵਾਰ ਨਾਲ ਸਬੰਧਤ ਵਿਰਾਸਤੀ ਵਸਤਾਂ ਜਿਵੇਂ ਪਿੱਤਲ ਦਾ ਹਮਾਮ, ਲੱਕੜ ਦਾ ਖੁਦਾਈ ਕਲਾ ਵਾਲਾ ਮੇਜ਼, ਪੋਥੀ/ਸੈਂਚੀ ਰੱਖਣ ਵਾਲਾ ਸਟੈਂਡ ਅਤੇ ਚਾਟੀ ਵਾਲੀ ਮਧਾਣੀ ਦਾਨ ਵਜੋਂ ਦੇਣ ਦਾ ਨੇਕ ਉਪਰਾਲਾ ਕੀਤਾ ਗਿਆ ਹੈ।

ਡਾ. ਨਾਰੰਗ ਦੇ ਦੱਸਣ ਅਨੁਸਾਰ ਇਹ ਵਸਤਾਂ ਉਨਾਂ ਦੇ ਨਾਨੀ ਜੀ ਅਤੇ ਦਾਦਾ ਸ੍ਰੀ ਮਹਿਤਾਬ ਰਾਇ ਨਾਰੰਗ ਦੇ ਸਮੇਂ ਦੀਆਂ ਹਨ ਅਤੇ ਕਰੀਬ 1899 ਈਸਵੀ ਤੋਂ ਵੀ ਪੁਰਾਣੀਆਂ ਹਨ। ਕਾਲਜ ਦੇ ਡੀਨ ਡਾ. ਸੰਦੀਪ ਬੈਂਸ ਵੱਲੋਂ ਮਿਊਜੀਅਮ ਲਈ ਉਕਤ ਬੇਸ਼ਕੀਮਤੀ ਪੁਰਾਤਨ ਵਸਤਾਂ ਪ੍ਰਾਪਤ ਕਰਨ ਲਈ ਡਾ. ਨਾਰੰਗ ਅਤੇ ਉਨਾਂ ਦੇ ਪਰਿਵਾਰ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਗਿਆ ਅਤੇ ਉਨਾਂ ਨੂੰ ਇਕ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ। ਨਾਲ ਹੀ ਡਾ. ਬੈਂਸ ਨੇ ਹੋਰ ਲੋਕਾਂ ਨੂੰ ਵੀ ਅਜਿਹੇ ਉਪਰਾਲੇ ਲਈ ਅਪੀਲ ਕੀਤੀ।

ਸਬਜ਼ੀਆਂ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਡਾਇਰੈਕਟੋਰੇਟ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ “ਸਬਜ਼ੀਆਂ ਦੀ ਵੱਖ-ਵੱਖ ਤਕਨੀਕਾਂ ਜਿਵੇਂ ਕਿ ਹਾਈਡ੍ਰੋਪੋਨਿਕਸ, ਮਿੱਟੀ ਰਹਿਤ, ਰੂਫ ਟਾਪ ਅਤੇ ਨੈੱਟ ਹਾਊਸ ਰਾਹੀਂ ਕਾਸ਼ਤ ਸੰਬੰਧੀ” ਵਿਸ਼ੇ ਉੱਪਰ ਪੰਜ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 161 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਆਨਲਾਈਨ ਹੋਏ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਦੌਰ ਵਿਚ ਖੇਤੀਬਾੜੀ ਲਈ ਘੱਟ ਰਹੀਆਂ ਜ਼ਮੀਨਾਂ ਦੇ ਚਲਦਿਆਂ ਘਰਾਂ ਦੀਆਂ ਛੱਤਾਂ ਉੱਪਰ ਮਿੱਟੀ ਰਹਿਤ ਵੱਖ-ਵੱਖ ਤਰੀਕਿਆਂ ਨਾਲ ਅਸੀਂ ਪੌਸ਼ਟਿਕ ਸਬਜ਼ੀਆਂ ਦੀ ਕਿੰਝ ਪੈਦਾਵਾਰ ਕਰ ਸਕਦੇ ਹਾਂ ਇਸ ਸੰਬੰਧੀ ਯੂਨੀਵਰਸਿਟੀ ਦੇ ਮਿੱਟੀ ਅਤੇ ਜਲ ਇੰਜੀਨੀਅਰਿੰਗ ਵਿਭਾਗ ਅਤੇ ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੇ ਭਰਪੂਰ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਤੇ ਇਸ ਸਿਖਲਾਈ ਕੋਰਸ ਦੀ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕੋਰਸ ਦੀ ਮਹਤੱਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਕੁਲਬੀਰ ਸਿੰਘ ਨੇ ਪੰਜਾਬ ਵਿੱਚ ਸਬਜ਼ੀਆਂ ਦੀ ਕਾਸ਼ਤ ਵਧਾਉਣ ਦੀਆਂ ਨਵੀਆਂ ਤਕਨੀਕਾਂ ਅਤੇ ਇਸਦੇ ਭਵਿੱਖ ਬਾਰੇ ਦੱਸਿਆ। ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰਾਂ ਨੇ ਡਾ. ਸਲੇਸ਼ ਜਿੰਦਲ, ਡਾ. ਰਾਜਿੰਦਰ ਢੱਲ, ਡਾ. ਮਹਿੰਦਰ ਕੌਰ ਸਿੱਧੂ ਨੇ ਟਮਾਟਰ, ਸ਼ਿਮਲਾ ਮਿਰਚ, ਖੀਰਾ ਅਤੇ ਬੈਂਗਣ ਦੀ ਨੈੱਟ ਹਾਊਸ ਅਤੇ ਮਟਰਾਂ ਦੀ ਖੁੱਲੇ ਖੇਤਾਂ ਵਿੱਚ ਕਾਸ਼ਤ ਕਰਨ ਬਾਰੇ ਦੱਸਿਆ।

ਅੰਤ ਵਿਚ ਡਾ. ਰੁਪਿੰਦਰ ਕੌਰ ਨੇ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਕਿਸਾਨਾਂ ਨੂੰ ਇਸ ਸਿਖਲਾਈ ਕੋਰਸ ਦੌਰਾਨ ਪ੍ਰਾਪਤ ਕੀਤੀ ਜਾਣਕਾਰੀ ਨੂੰ ਆਪਣੇ ਕਿੱਤੇ ਵਿੱਚ ਅਪਨਾਉਣ ਦੀ ਸਲਾਹ ਦਿੱਤੀ।

ਟੀਵੀ ਪੰਜਾਬ ਬਿਊਰੋ