PAU ਦੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਨੇ ਜੈਵਿਕ ਭਿੰਨਤਾ ਦੀ ਸੰਭਾਲ ਲਈ ਨਕਸ਼ੱਤਰ ਬਾਗ ਲਗਾਇਆ

ਲੁਧਿਆਣਾ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਨੇ ਅੱਜ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਥਾਪਨਾ ਦਿਵਸ ਦੇ ਸਬੰਧ ਵਿਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਸਿਰਲੇਖ ਹੇਠ ਨਕਸ਼ੱਤਰ ਵਾਟਿਕਾ ਦੀ ਸਥਾਪਨਾ ਕੀਤੀ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਸਕਰਨ ਸਿੰਘ ਮਾਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਆਈ ਸੀ ਏ ਆਰ ਅਟਾਰੀ ਦੇ ਨਿਰਦੇਸ਼ਕ ਡਾ. ਰਾਜਬੀਰ ਸਿੰਘ ਨੇ ਸ਼ੀਸ਼ਮ ਅਤੇ ਮੌਲਸਰੀ ਦੇ ਪੌਦੇ ਲਾ ਕੇ ਸਮਾਗਮ ਦੀ ਵਿਸ਼ੇਸ਼ਤਾ ਵਧਾਈ । ਇਸ ਮੌਕੇ ਵਿਭਾਗਾਂ ਦੇ ਮੁਖੀ ਅਮਲੇ ਦੇ ਮੈਂਬਰ ਅਤੇ ਹੋਰ ਮਾਹਿਰ ਵੀ ਸ਼ਾਮਿਲ ਹੋਏ । ਉਹਨਾਂ ਨੇ 9 ਗ੍ਰਹਿ, 12 ਰਾਸ਼ੀਆਂ ਅਤੇ 27 ਨਕਸ਼ੱਤਰਾਂ ਨਾਲ ਸੰਬੰਧਿਤ ਵਿਸ਼ੇਸ਼ ਪੌਦੇ ਲਾਏ ।

ਇਸ ਵਾਟਿਕਾ ਦਾ ਉਦੇਸ਼ ਜੈਵਿਕ ਭਿੰਨਤਾ ਨੂੰ ਵਧਾ ਕੇ ਵਿਦਿਆਰਥੀਆਂ ਅਤੇ ਹੋਰ ਧਿਰਾਂ ਵਿਚ ਚੇਤਨਾ ਪੈਦਾ ਕਰਨਾ ਹੈ । ਇਸ ਮੌਕੇ ਜੰਗਲਾਤ ਦੇ ਸਹਾਇਕ ਪ੍ਰੋ. ਡਾ. ਸਪਨਾ ਠਾਕੁਰ ਅਤੇ ਬੋਟਨੀ ਦੇ ਪ੍ਰੋ. ਡਾ. ਰਜਨੀ ਸ਼ਰਮਾ ਨੇ ਵਾਤਾਵਰਨ ਸੁਰੱਖਿਆ ਬਾਰੇ ਆਨਲਾਈਨ ਪੇਸ਼ਕਾਰੀਆਂ ਦਿੱਤੀਆਂ । 41 ਵਿਦਿਆਰਥੀ ਅਤੇ ਮਾਹਿਰ ਵੱਖ-ਵੱਖ ਸੰਸਥਾਵਾਂ ਤੋਂ ਇਸ ਸਮਾਗਮ ਵਿਚ ਸ਼ਾਮਿਲ ਹੋਏ । ਡਾ. ਪਾਰਥੀਬਨ ਨੇ ਖੇਤੀ ਜੰਗਲਾਤ ਦੇ ਪੌਦਿਆਂ ਨੂੰ ਲਗਾਤਾਰ ਅਤੇ ਨਿਸ਼ਚਤ ਰੂਪ ਵਿੱਚ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਜਿਸ ਨਾਲ ਵਾਤਾਵਰਨ ਪੱਖੀ ਯਾਤਰਾ ਦਾ ਰੁਝਾਨ ਪੈਦਾ ਹੋਵੇਗਾ । ਵਿਭਾਗ ਦੇ ਮੁਖੀ ਡਾ. ਸੰਜੀਵ ਕੁਮਾਰ ਚੌਹਾਨ ਨੇ ਮਾਹਿਰਾਂ ਅਤੇ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ