ਪੈੱਗ ਲਗਾ ਕੇ ਗੱਡੀ ਚਲਾਉਣ ਵਾਲੇ ਖਬਰਦਾਰ, ਪੁਲਿਸ ਨੇ ਤੇਜ਼ ਕਰ ਲਈ ਧਾਰ

ਚੰਡੀਗੜ੍ਹ- ਪੰਜਾਬ ਦੀਆਂ ਸੜਕਾਂ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਦੱਸ ਦਈਏ ਕਿ ਸੂਬੇ ‘ਚ ਧੁੰਦ ਕਾਰਨ ਘੱਟ ਵਿਜ਼ੀਬਿਲਟੀ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਵੀ ਘੱਟ ਨਹੀਂ। ਅਜਿਹੇ ‘ਚ ਹੁਣ ਪੁਲਿਸ ਨੇ ਅਜਿਹੇ ਲੋਕਾਂ ‘ਤੇ ਲਗਾਮ ਲਗਾਉਣ ਦੀ ਤਿਆਰੀ ਕਰ ਲਈ ਹੈ।

ਦੱਸ ਦਈਏ ਕਿ ਪੁਲਿਸ ਨੇ ਹੁਣ ਅਜਿਹੇ ਲੋਕਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਪੰਜਾਬ ਪੁਲਿਸ ਵਲੋਂ 2200 ਐਲਕੋਮੀਟਰਾਂ ਦੀ ਖਰੀਦ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਛੋਟੇ ਥਾਣਿਆਂ ਨੂੰ ਦੋ ਤੇ ਵੱਡੇ ਥਾਣਿਆਂ ਨੂੰ ਪੰਜ ਅਲਕੋਮੀਟਰ ਦਿੱਤੇ ਜਾਣਗੇ।

ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ‘ਚ ਪੁਲਿਸ ਨੂੰ ਉਨ੍ਹਾਂ ਦੀ ਡਿਲੀਵਰੀ ਮਿਲ ਜਾਵੇਗੀ। ਇਸ ਦੇ ਪਿੱਛੇ ਕੋਸ਼ਿਸ਼ ਸੜਕ ਹਾਦਸਿਆਂ ਅਤੇ ਲੜਾਈ-ਝਗੜਿਆਂ ਨੂੰ ਰੋਕਣਾ ਹੈ। ਆਈਜੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਿਆਂ ਦੀ ਲੋੜ ਮੁਤਾਬਕ ਅਲਕੋਮੀਟਰ ਮੁਹੱਈਆ ਕਰਵਾਏ ਜਾਣਗੇ। ਕਿਸੇ ਨੂੰ ਵੀ ਸੜਕਾਂ ‘ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ ਹੈ। ਸੂਬੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਪ੍ਰਚਲਨ ਹੈ। ਇਸ ਕਾਰਨ ਸੜਕ ਹਾਦਸੇ ਵੀ ਜ਼ਿਆਦਾ ਵਾਪਰਦੇ ਹਨ। ਇੰਨਾ ਹੀ ਨਹੀਂ ਸੂਬੇ ‘ਚ ਰੋਜ਼ਾਨਾ 13 ਲੋਕ ਸੜਕ ਹਾਦਸਿਆਂ ‘ਚ ਆਪਣੀ ਜਾਨ ਗੁਆ ​​ਲੈਂਦੇ ਹਨ। ਇਸ ਦੌਰਾਨ ਹੋਣ ਵਾਲੇ ਹਾਦਸਿਆਂ ਦਾ ਇੱਕ ਕਾਰਨ ਸ਼ਰਾਬ ਵੀ ਹੈ। ਹਾਲਾਂਕਿ ਹੁਣ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹੋਣ ਵਾਲਾ ਹੈ।

ਅਧਿਕਾਰੀਆਂ ਦੀ ਮੰਨੀਏ ਤਾਂ ਹੁਣ ਸੂਬੇ ਦੇ 400 ਥਾਣਿਆਂ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਥਾਣਿਆਂ ਅਧੀਨ ਆਉਂਦੇ ਖੇਤਰ ਦੇ ਹਿਸਾਬ ਨਾਲ ਐਲਕੋਮੀਟਰ ਖਰੀਦੇ ਜਾ ਰਹੇ ਹਨ। ਪੰਜਾਬ ‘ਚ ਪਹਿਲਾਂ ਸਿਰਫ਼ ਵੱਡੇ ਸ਼ਹਿਰਾਂ ‘ਚ ਹੀ ਨਾਕੇ ਲਾਏ ਜਾਂਦੇ ਸੀ। ਇਨ੍ਹਾਂ ਵਿੱਚ ਮੁਹਾਲੀ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸ਼ਾਮਲ ਹਨ।