ਸਿੱਧੂ ਮੂਸੇਵਾਲਾ ਨੂੰ ਪੁਲਿਸ ਮੁਲਾਜ਼ਮ ਨੇ ਦੱਸਿਆ ‘ਅੱਤਵਾਦੀ’, ਭੜਕੇ ਬਲਕੌਰ ਸਿੰਘ

ਡੈਸਕ- ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅਤਿਵਾਦੀ’ ਕਹਿਣ ਵਾਲੇ ਪੁਲਿਸ ਮੁਲਾਜ਼ਮ ਦੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਰਹੂਮ ਗਾਇਕ ਦੇ ਪਿਤਾ ਨੇ ਉਸ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਝਾਰਖੰਡ ਦੇ ਮੁੱਖ ਮੰਤਰੀ ਨੂੰ ਇਸ ਸਬੰਧੀ ਪੱਤਰ ਲਿਖਣ।

ਬਲਕੌਰ ਸਿੰਘ ਨੇ ਟਵੀਟ ਕਰਦਿਆਂ ਕਿਹਾ, “ਇਕ ਪੁਲਿਸ ਅਫ਼ਸਰ ਮੇਰੇ ਪੁੱਤ ਨੂੰ ਅਤਿਵਾਦੀ ਕਿਵੇਂ ਕਹਿ ਸਕਦਾ ਹੈ? ਉਹ ਵਿਸ਼ਵ ਪ੍ਰਸਿੱਧ ਕਲਾਕਾਰ ਸੀ। ਭਾਰਤ ਦਾ ਨਾਂਅ ਦੁਨੀਆਂ ਭਰ ’ਚ ਚਮਕਾਉਣ ਵਾਲੇ ਨੌਜਵਾਨ ਨੂੰ ਕੋਈ ਕਿਵੇਂ ਬਦਨਾਮ ਕਰ ਸਕਦਾ ਹੈ? ਜਾਂ ਇਹ ਟਿੱਪਣੀ ਪੱਗ ਬੰਨ੍ਹਣ ਵਾਲੇ ਵਿਅਕਤੀ ਪ੍ਰਤੀ ਨਫ਼ਰਤ ਦਾ ਹਿੱਸਾ ਹੈ?”।
ਇਕ ਹੋਰ ਟਵੀਟ ਵਿਚ ਉਨ੍ਹਾਂ ਲਿਖਿਆ, “ਮੁੱਖ ਮੰਤਰੀ ਭਗਵੰਤ ਮਾਨ ਨੂੰ ਝਾਰਖੰਡ ਦੇ ਮੁੱਖ ਮੰਤੀਰ ਹੇਮੰਤ ਸੇਰੋਨ ਨੂੰ ਪੱਤਰ ਲਿਖਣਾ ਚਾਹੀਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅਤੇ ਪੰਜਾਬੀ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਨਗੇ। ਝਾਰਖੰਡ ਪੁਲਿਸ ਨੂੰ ਲਿਖਤੀ ਮੁਆਫੀ ਮੰਗਣੀ ਚਾਹੀਦੀ ਹੈ”।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸਾਹਮਣੇ ਆਈ ਵੀਡੀਉ ਝਾਰਖੰਡ ਦੀ ਦੱਸੀ ਜਾ ਰਹੀ ਹੈ। ਇਸ ਵਿਚ ਇਕ ਪੁਲਿਸ ਮੁਲਾਜ਼ਮ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਰੋਕ ਕੇ ਖੜ੍ਹਾ ਨਜ਼ਰ ਆਉਂਦਾ ਹੈ। ਉਹ ਨੌਜਵਾਨ ਵਲੋਂ ਮੋਟਰਸਾਈਕਲ ‘ਤੇ ਲਗਾਈ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ ਵੇਖ ਕੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਨੂੰ ਆਦਰਸ਼ ਮੰਨ ਰਹੇ ਹੋ, ਜੋ ‘ਅਤਿਵਾਦੀ’ ਹੈ। ਇਹ ਵੀਡੀਉ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋਈ। ਇਸ ਸਬੰਧੀ ਝਾਰਖੰਡ ਪੁਲਿਸ ਦੇ ਐਸ.ਐਚ.ਓ. ਭੂਸ਼ਨ ਕੁਮਾਰ ਨੇ ਅਪਣੀ ਗਲਤੀ ਮੰਨਦਿਆਂ ਮੁਆਫ਼ੀ ਮੰਗ ਲਈ ਹੈ ਪਰ ਮਰਹੂਮ ਗਾਇਕ ਦੇ ਪ੍ਰਸ਼ੰਸਕ ਇਸ ਟਿੱਪਣੀ ਨੂੰ ਲੈ ਕੇ ਕਾਫੀ ਨਾਰਾਜ਼ ਦਿਖਾਈ ਦੇ ਰਹੇ ਹਨ।