ਕਾਰ ‘ਚ ਨਸ਼ਾ ਕਰ ਰਹੇ ਸਨ ਪੁਲਿਸ ਮੁਲਾਜ਼ਮ, ਲੋਕਾਂ ਕੀਤਾ ਕਾਬੂ,ਹੰਗਾਮਾ

ਅੰਮ੍ਰਿਤਸਰ- ਨਸ਼ੇ ਦਾ ਡੰਕ ਪੰਜਾਬ ਵਾਸੀਆਂ ਨੂੰ ਮਾਰ ਰਿਹਾ ਹੈ । ਆਮ ਜਨਤਾ ਦੇ ਨਾਲ ਨਾਲ ਤਸਕਰਾਂ ਨੂੰ ਰੋਕਣ ਵਾਲੀ ਪੰਜਾਬ ਪੁਲਿਸ ਵੀ ਇਸ ਤੋਂ ਅਛੁਤੀ ਨਹੀਂ ਹੈ । ਇਕ ਪਾਸੇ ਪੁਲਿਸ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਣ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਉਹ ਆਪਣੇ ਹੀ ਵਿਭਾਗ ‘ਚ ਨਸ਼ਾ ਕਰਨ ਵਾਲੇ ਮੁਲਾਜ਼ਮਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ‘ਤੇ ਸ਼ਿਕੰਜਾ ਕੱਸਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਢੀਂਗਰਾ ਕਾਲੋਨੀ ‘ਚ ਪਿਛਲੇ ਕੁਝ ਦਿਨਾਂ ਤੋਂ ਆਪਣੀ ਕਾਰ ‘ਚ ਨਸ਼ੇ ਵਿੱਚ ਧੁੱਤ ਦੋ ਪੁਲਿਸ ਮੁਲਾਜ਼ਮਾਂ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਫਿਰ ਉਥੇ ਮੌਜੂਦ ਮੁਲਾਜ਼ਮਾਂ ਨੇ ਜ਼ਬਰਦਸਤ ਧੌਂਸ ਜਮਾਈ ਤੇ ਹੰਗਾਮੇ ਦੀ ਸੂਚਨਾ ‘ਤੇ ਪੁਲਿਸ ਉਥੇ ਪਹੁੰਚੀ ਤਾਂ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਘਟਨਾ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰੀ।

ਥਾਣਾ ਛੇਹਰਟਾ ਅਧੀਨ ਰਾਮਤੀਰਥ ਰੋਡ ਸਥਿਤ ਢੀਂਗਰਾ ਕਾਲੋਨੀ ‘ਚ ਰਹਿਣ ਵਾਲੇ ਕੁਲਜੀਤ ਸਿੰਘ, ਹਰਜੀਤ ਸਿੰਘ, ਅਮਰਜੀਤ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਨ੍ਹਾਂ ਦੀ ਕਾਲੋਨੀ ਦੇ ਬਾਹਰ ਇਕ ਕਾਰ ਵਿਚ ਦੋ ਪੁਲਿਸ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਆ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਹ ਕਿਸੇ ਆਸ-ਪਾਸ ਦੇ ਇਲਾਕੇ ‘ਚੋਂ ਨਸ਼ਾ ਲੈਂਦੇ ਸਨ। ਉੱਥੋਂ ਲੰਘਦੇ ਇਲਾਕੇ ਦੇ ਲੋਕ ਵੀ ਉਨ੍ਹਾਂ ਨੂੰ ਦੇਖ ਰਹੇ ਸਨ। ਇਸ ਨਾਲ ਬੱਚਿਆਂ ਤੇ ਔਰਤਾਂ ਨੂੰ ਬਹੁਤ ਗ਼ਲਤ ਸੰਦੇਸ਼ ਜਾ ਰਿਹਾ ਸੀ। ਇਕ-ਦੋ ਵਾਰ ਇਲਾਕੇ ਦੇ ਲੋਕਾਂ ਨੇ ਦੋਵਾਂ ਮੁਲਾਜ਼ਮਾਂ ਨੂੰ ਸਮਝਾਇਆ ਤਾਂ ਉਹ ਪੁਲਿਸ ਵਰਦੀ ਦੀ ਧੌਂਸ ਦਿਖਾਉਣ ਲੱਗੇ।

ਸੋਮਵਾਰ ਬਾਅਦ ਦੁਪਹਿਰ ਫਿਰ ਦੋਵੇਂ ਪੁਲਿਸ ਮੁਲਾਜ਼ਮ ਕਾਲੋਨੀ ਨੇੜੇ ਪੁੱਜੇ। ਉਹ ਕਾਰ ‘ਚ ਚਿੱਟੇ ਦੇ ਨਸ਼ੇ ‘ਚ ਧੁੱਤ ਸਨ, ਅਜਿਹੇ ‘ਚ ਪਰੇਸ਼ਾਨ ਲੋਕਾਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਫਿਰ ਦੋਵੇਂ ਮੁਲਾਜ਼ਮਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਉਕਤ ਮੁਲਾਜ਼ਮਾਂ ਨੇ ਲੋਕਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਹੰਗਾਮਾ ਵੀ ਹੋਇਆ। ਉਹ ਭੱਜ ਨਾ ਜਾਣ, ਇਸ ਲਈ ਲੋਕਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਹੰਗਾਮਾ ਹੋਣ ਦੀ ਸੂਚਨਾ ਮਿਲਣ ‘ਤੇ ਛੇਹਰਟਾ ਤੇ ਕੰਬੋ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਬਾਅਦ ਵਿਚ ਹਦਬੰਦੀ ਦੀ ਪਛਾਣ ਕਰਦੇ ਹੋਏ ਛੇਹਰਟਾ ਥਾਣੇ ਦੀ ਪੁਲਿਸ ਦੋਵਾਂ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਨਾਲ ਲੈ ਗਈ।