Vancouver:
ਕੈਨੇਡਾ ਸਰਕਾਰ ਦਾ ਵੱਡਾ ਐਲਾਨ: ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ 2 ਲੱਖ ਲੋਕਾਂ ਨੂੰ ਮਿਲੇਗੀ ਪੱਕੀ ਰਿਹਾਇਸ਼
ਫੈਡਰਲ ਸਰਕਾਰ ਨੇ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ 2 ਲੱਖ ਲੋਕਾਂ ਨੂੰ ਇਮੀਗ੍ਰੇਸ਼ਨ ਸਬੰਧੀ ਰਾਹਤ ਦੇਣ ਲਈ ਸੀਮਤ ਸਮੇਂ ਦੀ ਨਵੀਂ ਯੋਜਨਾ ਲਿਆਉਣ ਦਾ ਐਲਾਨ ਕੀਤਾ ਹੈ। ਇਸ ਯੋਜਨਾ ਦਾ ਮਕਸਦ ਕੈਨੇਡਾ ਵਿੱਚ ਰਹਿ ਕੇ ਦੇਸ਼ ਦੀ ਆਰਥਿਕਤਾ ਅਤੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਮਾਨਤਾ ਦੇਣਾ ਹੈ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਕੈਨੇਡਾ ਵਿੱਚ ਨਵੇਂ ਲੋਕਾਂ ਦੀ ਆਮਦ ਨਹੀਂ ਵਧੇਗੀ। ਇਸ ਯੋਜਨਾ ਤਹਿਤ 2 ਲੱਖ ਲੋਕਾਂ ਨੂੰ ਪੱਕੀ ਰਿਹਾਇਸ਼ ਦੇਣ ਲਈ ਥਾਂ ਰੱਖੀ ਗਈ ਹੈ। ਇਹ 2 ਲੱਖ ਨਵੇਂ ਲੋਕ ਨਹੀਂ ਹੋਣਗੇ, ਸਗੋਂ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕ ਹੋਣਗੇ। ਇਨ੍ਹਾਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੇ ਪੱਕੀ ਰਿਹਾਇਸ਼ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ ਅਤੇ ਫੈਸਲੇ ਦੀ ਉਡੀਕ ਕਰ ਰਹੇ ਹਨ। ਇਸ ਤਰ੍ਹਾਂ ਇਸ ਯੋਜਨਾ ਨਾਲ ਆਬਾਦੀ ਨਹੀਂ ਵਧੇਗੀ, ਸਗੋਂ ਲੋਕਾਂ ਦੇ ਇਮੀਗ੍ਰੇਸ਼ਨ ਦਰਜੇ ਵਿੱਚ ਬਦਲਾਅ ਹੋਵੇਗਾ।
ਇਸ ਯੋਜਨਾ ਤਹਿਤ 1 ਲੱਖ ਤੱਕ ਕਾਮਿਆਂ ਨੂੰ ਪੱਕੀ ਰਿਹਾਇਸ਼ ਦੇਣ ਦਾ ਪ੍ਰਬੰਧ ਹੋਵੇਗਾ। ਇਹ ਕਦਮ ਸੂਬਿਆਂ, ਟੈਰੀਟਰੀਆਂ ਅਤੇ ਹੋਰ ਸੰਸਥਾਵਾਂ ਦੀ ਮੰਗ ‘ਤੇ ਚੁੱਕਿਆ ਗਿਆ ਹੈ। ਇਸ ਦਾ ਮਕਸਦ ਨਰਸਿੰਗ, ਬੱਚਿਆਂ ਦੀ ਦੇਖਭਾਲ, ਖੇਤੀਬਾੜੀ ਸਮੇਤ ਹੋਰ ਜ਼ਰੂਰੀ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਦੇਸ਼ ਵਿੱਚ ਬਣਾਈ ਰੱਖਣਾ ਹੈ। ਸੂਬੇ ਅਤੇ ਟੈਰੀਟਰੀਆਂ ਆਪਣੀਆਂ ਲੋੜਾਂ ਮੁਤਾਬਕ ਯੋਗ ਕਾਮਿਆਂ ਦੀ ਚੋਣ ਕਰਨਗੇ ਅਤੇ ਇਹ ਵੀ ਤੈਅ ਕਰਨਗੇ ਕਿ ਉਨ੍ਹਾਂ ਨੂੰ ਕਿੰਨੀਆਂ ਥਾਵਾਂ ਦੀ ਲੋੜ ਹੈ।
ਸਰਕਾਰ ਦਾ ਕਹਿਣਾ ਹੈ ਕਿ ਨਵੇਂ ਲੋਕਾਂ ਦੀ ਵੱਡੀ ਗਿਣਤੀ ਆਉਣ ਨਾਲ ਮਕਾਨਾਂ, ਬੁਨਿਆਦੀ ਸਹੂਲਤਾਂ ਅਤੇ ਸਰਕਾਰੀ ਸੇਵਾਵਾਂ ‘ਤੇ ਦਬਾਅ ਪੈਂਦਾ ਹੈ। ਇਸੇ ਕਰਕੇ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਲੋਕਾਂ ਦੀ ਗਿਣਤੀ ਘਟਾਈ ਗਈ ਹੈ। ਜਨਵਰੀ ਤੋਂ ਅਗਸਤ 2026 ਦੌਰਾਨ 2024 ਦੇ ਇਸੇ ਸਮੇਂ ਦੇ ਮੁਕਾਬਲੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 71 ਫੀਸਦੀ, ਨਵੇਂ ਕਾਮਿਆਂ ਦੀ ਆਮਦ 57 ਫੀਸਦੀ ਅਤੇ ਸ਼ਰਨ ਮੰਗਣ ਵਾਲਿਆਂ ਦੀਆਂ ਨਵੀਆਂ ਅਰਜ਼ੀਆਂ 68 ਫੀਸਦੀ ਘਟੀਆਂ ਹਨ। ਟੀਡੀ ਬੈਂਕ ਦੀ ਤਾਜ਼ਾ ਆਰਥਿਕ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਵਿੱਚ ਕਟੌਤੀ ਨਾਲ ਮਕਾਨਾਂ ਅਤੇ ਕਿਰਾਏ ਦੀ ਮੰਗ ਘਟੀ ਹੈ। ਮਈ 2024 ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਕੈਨੇਡਾ ਵਿੱਚ ਕਿਰਾਏ ਦੀਆਂ ਕੀਮਤਾਂ 9.2 ਫੀਸਦੀ ਘਟ ਚੁੱਕੀਆਂ ਹਨ।
ਸਰਕਾਰ ਮੁਤਾਬਕ ਇਹ ਯੋਜਨਾ ਪਹਿਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਲੋਕਾਂ ਲਈ ਹੈ, ਇਸ ਲਈ ਮਕਾਨਾਂ ਅਤੇ ਸਰਕਾਰੀ ਸੇਵਾਵਾਂ ‘ਤੇ ਵਾਧੂ ਦਬਾਅ ਪੈਣ ਦੀ ਸੰਭਾਵਨਾ ਨਹੀਂ ਹੈ। ਸਰਕਾਰ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਸਮੇਂ ਅਤੇ ਹਾਲਾਤਾਂ ਮੁਤਾਬਕ ਬਦਲਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਨਵੇਂ ਲੋਕਾਂ, ਰੁਜ਼ਗਾਰਦਾਤਾਵਾਂ ਅਤੇ ਭਾਈਚਾਰਿਆਂ ਨੂੰ ਵਧੇਰੇ ਸਥਿਰਤਾ ਦੇਣ ਅਤੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਪਟਾਰੇ ਦਾ ਸਮਾਂ ਘਟਾਉਣ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ।
ਸੁੱਖਾ ਦੁਨੇਕੇ ਕਤਲ ਮਾਮਲਾ: ਕੈਨੇਡਾ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੀ ਭਾਲ ਤੇਜ਼, 2.5 ਲੱਖ ਡਾਲਰ ਦਾ ਇਨਾਮ
ਕੈਨੇਡਾ ਦੀ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਦੀ ਭਾਲ ਤੇਜ਼ ਕਰ ਦਿੱਤੀ ਹੈ। ਉਸ ਨੂੰ ਹੁਣ 2023 ਵਿੱਚ ਵਿਨੀਪੈਗ ਵਿਖੇ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਲੋੜੀਂਦਾ ਐਲਾਨਿਆ ਗਿਆ ਹੈ। ਪੁਲਿਸ ਮੁਤਾਬਕ ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ ਅਤੇ ਉਸ ਦੀ ਉਮਰ 32 ਸਾਲ ਹੈ। ਉਸ ਨੂੰ ਬਿਸ਼ਨੋਈ ਗੈਂਗ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ।
ਵਿਨੀਪੈਗ ਪੁਲਿਸ ਦੇ ਡਿਪਟੀ ਚੀਫ ਕੈਮ ਮੈਕਿਡ ਨੇ ਟੋਰਾਂਟੋ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਗੋਲਡੀ ਬਰਾੜ ਭਾਰਤ ਨਾਲ ਜੁੜੇ ਸੰਗਠਿਤ ਅਪਰਾਧ ਦੀ ਦੁਨੀਆ ਵਿੱਚ ਵੱਡਾ ਨਾਂ ਹੈ। ਉਸ ਉੱਤੇ ਕੈਨੇਡਾ ਵਿੱਚ ਕਈ ਅਪਰਾਧਿਕ ਵਾਰਦਾਤਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਸ਼ੱਕ ਹੈ। 20 ਸਤੰਬਰ 2023 ਨੂੰ ਵਿਨੀਪੈਗ ਦੇ ਹੇਜ਼ਲਟਨ ਡਰਾਈਵ ਸਥਿਤ ਇੱਕ ਘਰ ਵਿੱਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਸੀ। ਉੱਥੇ 39 ਸਾਲਾ ਸੁਖਦੂਲ ਸਿੰਘ ਗਿੱਲ ਦੀ ਲਾਸ਼ ਮਿਲੀ ਸੀ। ਉਸ ਨੂੰ ਸੁੱਖਾ ਦੁਨੇਕੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਪੁਲਿਸ ਰਿਪੋਰਟਾਂ ਮੁਤਾਬਕ ਗਿੱਲ ਦੇ ਭਾਰਤ ਵਿੱਚ ਵਿਰੋਧੀ ਗੈਂਗਾਂ ਨਾਲ ਪੁਰਾਣੇ ਝਗੜੇ ਸਨ। ਉਸ ਉੱਤੇ ਫਿਰੌਤੀ ਵਸੂਲਣ ਅਤੇ ਭਾਰਤ ਵਿੱਚ ਆਪਣੇ ਗੈਂਗ ਦੇ ਸਾਥੀਆਂ ਨੂੰ ਪੈਸੇ ਭੇਜਣ ਦੇ ਦੋਸ਼ ਵੀ ਸਨ। ਉਸ ਨੂੰ ਬੰਬੀਹਾ ਗੈਂਗ ਦਾ ਮੈਂਬਰ ਮੰਨਿਆ ਜਾਂਦਾ ਸੀ, ਜਿਸ ਦੀ ਬਿਸ਼ਨੋਈ ਗੈਂਗ ਨਾਲ ਦੁਸ਼ਮਣੀ ਹੈ।
ਗੋਲਡੀ ਬਰਾੜ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਅਤੇ ਉੱਤਰੀ ਅਮਰੀਕਾ ਵਿੱਚ ਗੈਂਗ ਦੀਆਂ ਗਤੀਵਿਧੀਆਂ ਸੰਭਾਲਣ ਵਾਲਾ ਵਿਅਕਤੀ ਮੰਨਿਆ ਜਾਂਦਾ ਰਿਹਾ ਹੈ। ਹਾਲਾਂਕਿ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਇੱਕ ਦਸਤਾਵੇਜ਼ ਮੁਤਾਬਕ ਪਿਛਲੇ ਸਾਲ ਦੋਵਾਂ ਵਿਚਾਲੇ ਮਤਭੇਦ ਪੈਦਾ ਹੋ ਗਏ ਹਨ। ਗੋਲਡੀ ਬਰਾੜ ਉੱਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ 2023 ਵਿੱਚ ਹੋਏ ਕਤਲ ਦੀ ਸਾਜ਼ਿਸ਼ ਰਚਣ ਦਾ ਵੀ ਦੋਸ਼ ਹੈ। ਨਿੱਝਰ ਦਾ 18 ਜੂਨ 2023 ਨੂੰ ਸਰੀ ਦੇ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਅਮਰੀਕਾ ਦੀ ਐਫਬੀਆਈ ਨੇ ਬਰਾੜ ਦੀ ਗ੍ਰਿਫ਼ਤਾਰੀ ਵਿੱਚ ਮਦਦ ਦੀ ਜਾਣਕਾਰੀ ਦੇਣ ਵਾਲੇ ਲਈ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਉਸ ਨੂੰ ਐਫਬੀਆਈ ਦੇ 10 ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਕੈਨੇਡਾ ਦੇ ‘ਬੋਲੋ’ ਪ੍ਰੋਗਰਾਮ ਨੇ ਵੀ ਉਸ ਨੂੰ ਦੇਸ਼ ਦੇ 25 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਰੱਖਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਜਾਣਕਾਰੀ ਦੇਣ ਵਾਲੇ ਨੂੰ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ।
ਵਿਨੀਪੈਗ ਪੁਲਿਸ ਇਸੇ ਕਤਲ ਮਾਮਲੇ ਵਿੱਚ 26 ਸਾਲਾ ਕਰਨਬੀਰ ਸਿੰਘ ਦੀ ਵੀ ਭਾਲ ਕਰ ਰਹੀ ਹੈ। ਉਸ ਉੱਤੇ ਵੀ ਪਹਿਲੇ ਦਰਜੇ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ ਦੇ ਦੋਸ਼ ਹਨ। ਪੁਲਿਸ ਮੁਤਾਬਕ ਕਰਨਬੀਰ ਸਿੰਘ ਦੇ ਭਾਰਤ ਭੱਜ ਜਾਣ ਦਾ ਸ਼ੱਕ ਹੈ। ਪੁਲਿਸ ਨੇ ਦੋਵਾਂ ਨੂੰ ਹਥਿਆਰਬੰਦ ਅਤੇ ਖ਼ਤਰਨਾਕ ਦੱਸਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਕਿਤੇ ਨਜ਼ਰ ਆਉਣ ਤਾਂ ਉਨ੍ਹਾਂ ਕੋਲ ਜਾਣ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਜਾਂਚ ਅਜੇ ਜਾਰੀ ਹੈ ਅਤੇ ਪੁਲਿਸ ਨੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਵੀ ਜਤਾਈ ਹੈ।
ਮੋਸਟ ਵਾਂਟੇਡ ਸੂਚੀ ਵਿੱਚ ਨਾਂ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ 2021 ਦੇ ਕਤਲ ਕੇਸ ਦਾ ਮੁਲਜ਼ਮ ਗ੍ਰਿਫ਼ਤਾਰ
2021 ਦੌਰਾਨ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਲੋੜੀਂਦੇ 28 ਸਾਲਾ ਨੌਜਵਾਨ ਨੂੰ ਮੋਸਟ ਵਾਂਟੇਡ ਭਗੌੜਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਫਿਲਮੋਨ ਫੈਸ਼ਾਘਿਰਗਿਸ ਵਜੋਂ ਹੋਈ ਹੈ।
ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੇਰ ਰਾਤ ਜਾਰੀ ਬਿਆਨ ਵਿੱਚ ਦੱਸਿਆ ਕਿ ਫਿਲਮੋਨ ਨੂੰ ਸ਼ਾਮ 4:10 ਵਜੇ ਵਿਨੀਪੈਗ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸ ਕਾਰਵਾਈ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਅਤੇ ਵਿਨੀਪੈਗ ਪੁਲਿਸ ਨੇ ਸਾਂਝੇ ਤੌਰ ’ਤੇ ਹਿੱਸਾ ਲਿਆ। ਪੁਲਿਸ ਮੁਤਾਬਕ, ਓਂਟਾਰੀਓ ਵਾਪਸ ਲਿਆਂਦੇ ਜਾਣ ਤੋਂ ਬਾਅਦ ਉਸ ਖ਼ਿਲਾਫ਼ ਪਹਿਲੇ ਦਰਜੇ ਦੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਜਾਣਗੇ।
ਜ਼ਿਕਰਯੋਗ ਹੈ ਕਿ ਇਸੇ ਦਿਨ ਫਿਲਮੋਨ ਦਾ ਨਾਂ ਕੈਨੇਡਾ ਦੇ ਮੋਸਟ ਵਾਂਟੇਡ 25 ਭਗੌੜਿਆਂ ਦੀ ਨਵੀਂ ਸੂਚੀ ਵਿੱਚ 14ਵੇਂ ਨੰਬਰ ’ਤੇ ਸ਼ਾਮਲ ਕੀਤਾ ਗਿਆ ਸੀ। ਇਹ ਸੂਚੀ ਬੋਲੋ ਪ੍ਰੋਗਰਾਮ ਵੱਲੋਂ ਜਾਰੀ ਕੀਤੀ ਗਈ ਸੀ। ਲੰਡਨ, ਓਂਟਾਰੀਓ ਦਾ ਰਹਿਣ ਵਾਲਾ ਫਿਲਮੋਨ 18 ਜਨਵਰੀ 2021 ਤੋਂ ਫਰਾਰ ਸੀ। ਉਸ ’ਤੇ ਦੋਸ਼ ਹੈ ਕਿ ਉਸ ਨੇ ਓਂਟਾਰੀਓ ਦੇ ਬੋਲਟਨ ਸ਼ਹਿਰ ਵਿੱਚ ਹਾਰਵੈਸਟ ਮੂਨ ਡਰਾਈਵ ਸਥਿਤ ਇੱਕ ਘਰ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਸੀ। ਇਸ ਘਟਨਾ ਵਿੱਚ 65 ਸਾਲਾ ਜਿਓਵਾਨੀ ਕੋਸਟਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਦੂਜਾ ਵਿਅਕਤੀ ਮਾਈਕਲ ਕੋਸਟਾ ਬਚ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਮਾਈਕਲ ਕੋਸਟਾ ਨਵੰਬਰ 2020 ਵਿੱਚ ਵਾਨ ਸ਼ਹਿਰ ਦੇ ਇੱਕ ਕਾਰੋਬਾਰੀ ਸਥਾਨ ’ਤੇ ਹੋਈ ਗੋਲੀਬਾਰੀ ਵਿੱਚ ਵੀ ਜ਼ਖ਼ਮੀ ਹੋਇਆ ਸੀ। ਇਸ ਘਟਨਾ ਪਿੱਛੇ ਵੀ ਫਿਲਮੋਨ ਦਾ ਹੱਥ ਹੋਣ ਦਾ ਸ਼ੱਕ ਹੈ। ਓਂਟਾਰੀਓ ਪੁਲਿਸ ਦੇ ਅਧਿਕਾਰੀ ਸਟੀਵਨ ਮਾਰਟੇਲ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਨੇ ਜਾਂਚ ਨੂੰ ਅੱਗੇ ਵਧਾਉਣ ਅਤੇ ਮੁਲਜ਼ਮ ਨੂੰ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਗ੍ਰਿਫ਼ਤਾਰੀ ਵਿੱਚ ਸਹਿਯੋਗ ਦੇਣ ਵਾਲੀਆਂ ਪੁਲਿਸ ਟੀਮਾਂ ਅਤੇ ਬੋਲੋ ਪ੍ਰੋਗਰਾਮ ਦਾ ਵੀ ਧੰਨਵਾਦ ਕੀਤਾ।
ਨੌਜਵਾਨਾਂ ਨੂੰ ਗੈਂਗਾਂ ਤੋਂ ਬਚਾਉਣ ਲਈ ਸਰੀ ਪੁਲਿਸ ਸ਼ੁਰੂ ਕਰੇਗੀ ‘ਚੂਜ਼ ਯੋਰ ਪਾਥ’ ਪ੍ਰੋਗਰਾਮ
ਸਰੀ ਪੁਲਿਸ ਸਰਵਿਸ ਨੌਜਵਾਨਾਂ ਨੂੰ ਗੈਂਗਾਂ ਦੇ ਖ਼ਤਰੇ ਅਤੇ ਉਨ੍ਹਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਸ ਪ੍ਰੋਗਰਾਮ ਦਾ ਨਾਮ ‘ਚੂਜ਼ ਯੋਰ ਪਾਥ’ ਰੱਖਿਆ ਗਿਆ ਹੈ। ਸਰੀ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ, ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੈਂਗਾਂ ਦੀ ਅਸਲੀਅਤ ਸਮਝਾਉਣਾ ਅਤੇ ਜ਼ਿੰਦਗੀ ਵਿੱਚ ਸਹੀ ਫ਼ੈਸਲੇ ਲੈਣ ਦੀ ਮਹੱਤਤਾ ਬਾਰੇ ਦੱਸਣਾ ਹੈ।
ਇਹ ਪੇਸ਼ਕਾਰੀ ਸਰੀ ਦੇ ਵੱਖ-ਵੱਖ ਇਲਾਕਿਆਂ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਰਿਵਾਰਾਂ ਸਾਹਮਣੇ ਪੁਲਿਸ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਖ਼ਾਸ ਤੌਰ ’ਤੇ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਹੈ। ਪੁਲਿਸ ਅਨੁਸਾਰ, ਇਹ ਪ੍ਰੋਗਰਾਮ ਨੌਜਵਾਨਾਂ ਨਾਲ ਕੰਮ ਕਰਨ ਵਾਲੀਆਂ ਸੰਸਥਾਵਾਂ, ਮਾਪਿਆਂ ਦੇ ਸਮੂਹਾਂ ਅਤੇ ਨਵੇਂ ਆਉਣ ਵਾਲੇ ਲੋਕਾਂ ਦੀ ਮਦਦ ਲਈ ਬਣਾਏ ਗਏ ਸਵਾਗਤ ਕੇਂਦਰਾਂ ਵਿੱਚ ਵੀ ਕਰਵਾਇਆ ਜਾ ਸਕਦਾ ਹੈ।
‘ਚੂਜ਼ ਯੋਰ ਪਾਥ’ ਪ੍ਰੋਗਰਾਮ ਦੀ ਸਮੱਗਰੀ ਤਿਆਰ ਕਰਨ ਲਈ ਸਰੀ ਸਕੂਲਾਂ ਦੇ ਸਟਾਫ਼, ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਅਤੇ ‘ਐਂਡ ਗੈਂਗ ਲਾਈਫ’ ਮੁਹਿੰਮ ਦੇ ਨਿਰਮਾਤਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਇਹ ਪੁਲਿਸ ਏਜੰਸੀ ਗੈਂਗਾਂ ਵਿਰੁੱਧ ਕਾਰਵਾਈ ਅਤੇ ਉਨ੍ਹਾਂ ਦੀ ਰੋਕਥਾਮ ਲਈ ਕੰਮ ਕਰਦੀ ਹੈ। ਸਰੀ ਪੁਲਿਸ ਨੇ ਕਿਹਾ ਕਿ ਉਹ ਭਾਈਚਾਰਕ ਸੰਸਥਾਵਾਂ ਨਾਲ ਮਿਲ ਕੇ ਗੈਂਗਾਂ ਦੀ ਰੋਕਥਾਮ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਦਾ ਮੁੱਖ ਟੀਚਾ ਨੌਜਵਾਨਾਂ ਨੂੰ ਗੈਂਗਾਂ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਰੋਕਣਾ ਹੈ।
ਇਸ ਪ੍ਰੋਗਰਾਮ ਜਾਂ ਸਰੀ ਪੁਲਿਸ ਦੇ ਹੋਰ ਨੌਜਵਾਨ ਸੁਰੱਖਿਆ ਉਪਰਾਲਿਆਂ ਬਾਰੇ ਜਾਣਕਾਰੀ ਲਈ surreypolice.ca/youthsafety ਅਤੇ surreypolice.ca/gang-prevention ’ਤੇ ਜਾਇਆ ਜਾ ਸਕਦਾ ਹੈ। ਮਾਪੇ, ਅਧਿਆਪਕ ਜਾਂ ਭਾਈਚਾਰੇ ਦੇ ਹੋਰ ਮੈਂਬਰ ਪੇਸ਼ਕਾਰੀ ਕਰਵਾਉਣ ਜਾਂ ਵਧੇਰੇ ਜਾਣਕਾਰੀ ਲੈਣ ਲਈ ਸਰੀ ਪੁਲਿਸ ਦੀ ਯੂਥ ਸਰਵਿਸਿਜ਼ ਯੂਨਿਟ ਨਾਲ youthservices@surreypolice.ca ’ਤੇ ਸੰਪਰਕ ਕਰ ਸਕਦੇ ਹਨ।
ਪੁਤਿਨ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਕਰੇਨ ਜੰਗ ਦੀ ਕੀਤੀ ਸਖ਼ਤ ਨਿੰਦਾ
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਜੰਗ ਦੀ ਸਖ਼ਤ ਨਿੰਦਾ ਕੀਤੀ ਹੈ। ਖ਼ਾਸ ਗੱਲ ਇਹ ਰਹੀ ਕਿ ਕਾਰਨੀ ਨੇ ਇਹ ਬਿਆਨ ਚੀਨ ਵਿੱਚ ਹੋਏ ਏਸ਼ੀਆ-ਪੈਸੀਫਿਕ ਆਰਥਿਕ ਸਹਿਯੋਗ (APEC) ਸੰਮੇਲਨ ਦੌਰਾਨ ਦਿੱਤਾ, ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੀ ਉੱਥੇ ਮੌਜੂਦ ਸਨ।
ਕਾਰਨੀ ਨੇ ਕਿਹਾ ਕਿ ਦੁਨੀਆ ਵਿੱਚ ਆਰਥਿਕ ਖੁਸ਼ਹਾਲੀ ਲਈ ਸ਼ਾਂਤੀ ਅਤੇ ਸਥਿਰਤਾ ਬਹੁਤ ਜ਼ਰੂਰੀ ਹੈ। ਰੂਸ ਵੱਲੋਂ ਯੂਕਰੇਨ ਉੱਤੇ ਕੀਤਾ ਗਿਆ ਗੈਰਕਾਨੂੰਨੀ ਹਮਲਾ ਏਸ਼ੀਆ-ਪੈਸੀਫਿਕ ਸਮੇਤ ਦੁਨੀਆ ਦੇ ਕਈ ਹਿੱਸਿਆਂ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਪੁਤਿਨ ਵਰਗੇ ਆਗੂਆਂ ਵੱਲੋਂ ਛੇੜੀਆਂ ਜੰਗਾਂ ਇਹ ਸਾਬਤ ਕਰਦੀਆਂ ਹਨ ਕਿ ਦੁਨੀਆ ਦੇ ਦੇਸ਼ਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਦੂਜੇ ਦੇਸ਼ਾਂ ਦੀਆਂ ਸਰਹੱਦਾਂ ਦਾ ਸਤਿਕਾਰ ਕਰਨ ਵਾਲੇ ਭਾਈਵਾਲਾਂ ਦੀ ਲੋੜ ਹੈ। ਮੰਨਿਆ ਜਾ ਰਿਹਾ ਹੈ ਕਿ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਸੀ, ਜਦੋਂ ਉਹ ਅਤੇ ਪੁਤਿਨ ਇੱਕੋ ਥਾਂ ਮੌਜੂਦ ਸਨ।
ਇਸ ਤੋਂ ਪਹਿਲਾਂ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਾਰਨੀ ਨੇ ਪੁਤਿਨ ਦੇ ਉਸ ਬਿਆਨ ਦਾ ਜਵਾਬ ਦਿੱਤਾ, ਜਿਸ ਵਿੱਚ ਰੂਸੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਰੂਸ ਉੱਤੇ ਲੱਗੀਆਂ ਪਾਬੰਦੀਆਂ ਹੁਣ ਬੇਅਸਰ ਹੋ ਚੁੱਕੀਆਂ ਹਨ। ਕਾਰਨੀ ਨੇ ਕਿਹਾ ਕਿ ਪੁਤਿਨ ਆਪਣੇ ਬੈਂਕਾਂ, ਅਮੀਰ ਸਾਥੀਆਂ ਅਤੇ ਹਾਕੀ ਖਿਡਾਰੀਆਂ ਤੋਂ ਪੁੱਛ ਸਕਦੇ ਹਨ ਕਿ ਪਾਬੰਦੀਆਂ ਦਾ ਕਿੰਨਾ ਅਸਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪਾਬੰਦੀਆਂ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹਨ ਅਤੇ ਰੂਸ ਵੱਲੋਂ ਗੈਰਕਾਨੂੰਨੀ ਜੰਗ ਜਾਰੀ ਰੱਖਣ ਕਾਰਨ ਬੇਹੱਦ ਜ਼ਰੂਰੀ ਹਨ।
ਕਾਰਨੀ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨੂੰ ਪੁਤਿਨ ਦੇ ਸਾਹਮਣੇ ਆਪਣੀ ਗੱਲ ਰੱਖਣ ਦਾ ਮੌਕਾ ਮਿਲਿਆ ਤਾਂ ਉਹ ਅਜਿਹਾ ਜ਼ਰੂਰ ਕਰਨਗੇ। ਉਨ੍ਹਾਂ ਮੁਤਾਬਕ, ਪੁਤਿਨ ਯੂਕਰੇਨ ਦੇ ਹਾਲਾਤ ਬਾਰੇ ਝੂਠ ਬੋਲ ਰਹੇ ਹਨ ਅਤੇ ਜਦੋਂ ਤੱਕ ਜੰਗ ਜਾਰੀ ਰਹੇਗੀ, ਰੂਸ ਉੱਤੇ ਪਾਬੰਦੀਆਂ ਹੋਰ ਵਧਾਈਆਂ ਜਾਣਗੀਆਂ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਵੀ ਤਾਰੀਫ਼ ਕੀਤੀ, ਜਿਨ੍ਹਾਂ ਨੇ 2014 ਵਿੱਚ ਪੁਤਿਨ ਨੂੰ ਸਿੱਧੇ ਤੌਰ ‘ਤੇ ਯੂਕਰੇਨ ਵਿੱਚੋਂ ਆਪਣੀਆਂ ਫ਼ੌਜਾਂ ਵਾਪਸ ਬੁਲਾਉਣ ਲਈ ਕਿਹਾ ਸੀ।
ਸੰਮੇਲਨ ਦੇ ਅੰਤ ਵਿੱਚ ਕਾਰਨੀ ਅਤੇ ਪੁਤਿਨ ਨੇ ਹੋਰ ਆਗੂਆਂ ਨਾਲ ਸਮੂਹਿਕ ਤਸਵੀਰ ਵੀ ਖਿਚਵਾਈ, ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੋਵਾਂ ਵਿਚਾਲੇ ਕੋਈ ਗੱਲਬਾਤ ਹੋਈ ਜਾਂ ਨਹੀਂ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪੁਤਿਨ ਵਿਚਾਲੇ ਵੀ ਇੱਕ ਅਹਿਮ ਮੀਟਿੰਗ ਹੋਈ। ਇਸ ਵਿੱਚ ਯੂਕਰੇਨ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਤੋਂ ਬਾਅਦ ਯੂਕਰੇਨ ਦੀ ਹਮਾਇਤ ਕਰਨ ਵਾਲੇ 34 ਪੱਛਮੀ ਦੇਸ਼ਾਂ ਦੇ ਗਠਜੋੜ ਨੇ ਵੀ ਬੈਠਕ ਕੀਤੀ। ਕਾਰਨੀ ਦੀ ਗੈਰਮੌਜੂਦਗੀ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਇਸ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਾਂਤੀ ਸਮਝੌਤੇ ਵਿੱਚ ਯੂਕਰੇਨ ਦੀ ਆਜ਼ਾਦੀ, ਪ੍ਰਭੂਸੱਤਾ ਅਤੇ ਮੌਜੂਦਾ ਸਰਹੱਦਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ। ਕੈਨੇਡਾ ਦਾ ਮੰਨਣਾ ਹੈ ਕਿ ਯੂਕਰੇਨ ਦੇ ਭਵਿੱਖ ਨਾਲ ਜੁੜੇ ਹਰ ਫ਼ੈਸਲੇ ਵਿੱਚ ਉੱਥੋਂ ਦੀ ਸਰਕਾਰ ਨੂੰ ਪੂਰੀ ਤਰ੍ਹਾਂ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਬਿੱਲ ਸੀ-22 ‘ਤੇ ਟਕਰਾਅ: ਮੈਟਾ ਅਤੇ ਸਿਗਨਲ ਵੱਲੋਂ ਕੈਨੇਡਾ ਵਿੱਚ ਸੇਵਾਵਾਂ ਬੰਦ ਕਰਨ ਦੀ ਚਿਤਾਵਨੀ
ਫੈਡਰਲ ਸਰਕਾਰ ਦੇ ਪ੍ਰਸਤਾਵਿਤ ਨਵੇਂ ਕਾਨੂੰਨ ਨੂੰ ਲੈ ਕੇ ਸੋਸ਼ਲ ਮੀਡੀਆ ਕੰਪਨੀਆਂ ਅਤੇ ਸਰਕਾਰ ਵਿਚਾਲੇ ਟਕਰਾਅ ਵਧਦਾ ਨਜ਼ਰ ਆ ਰਿਹਾ ਹੈ। ਮੈਟਾ ਕੰਪਨੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਪ੍ਰਸਤਾਵਿਤ ਬਿੱਲ ਸੀ-22 ਵਿੱਚ ਹੋਰ ਸੋਧਾਂ ਨਾ ਕੀਤੀਆਂ ਤਾਂ ਕੰਪਨੀ ਕੈਨੇਡਾ ਵਿੱਚ ਆਪਣੀਆਂ ਇਨਕ੍ਰਿਪਸ਼ਨ ਸੇਵਾਵਾਂ ਬੰਦ ਕਰਨ ਬਾਰੇ ਵਿਚਾਰ ਕਰ ਸਕਦੀ ਹੈ। ਮੈਟਾ ਦੀਆਂ ਸੇਵਾਵਾਂ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹਨ।
ਬਿੱਲ ਸੀ-22 ਤਹਿਤ ਤਕਨੀਕੀ ਕੰਪਨੀਆਂ ਨੂੰ ਆਪਣੇ ਸਿਸਟਮ ਇਸ ਤਰ੍ਹਾਂ ਤਿਆਰ ਕਰਨੇ ਪੈਣਗੇ ਕਿ ਜਦੋਂ ਜਾਂਚ ਏਜੰਸੀਆਂ ਅਦਾਲਤ ਤੋਂ ਵਾਰੰਟ ਲੈਣ ਤਾਂ ਉਹ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾ ਸਕਣ। ਇਸ ਸਮੇਂ ਬਿੱਲ ਸੈਨੇਟ ਵਿੱਚ ਵਿਚਾਰ ਅਧੀਨ ਹੈ। ਕੌਮੀ ਸੁਰੱਖਿਆ ਕਮੇਟੀ ਸਾਹਮਣੇ ਪੇਸ਼ ਹੋਏ ਮੈਟਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਕਾਨੂੰਨ ਨਾਲ ਇਨਕ੍ਰਿਪਟ ਕੀਤੀ ਗਈ ਨਿੱਜੀ ਜਾਣਕਾਰੀ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ। ਇਹ ਅਜਿਹੀ ਜਾਣਕਾਰੀ ਹੁੰਦੀ ਹੈ, ਜਿਸ ਨੂੰ ਸਿਰਫ਼ ਸੁਨੇਹਾ ਭੇਜਣ ਅਤੇ ਪ੍ਰਾਪਤ ਕਰਨ ਵਾਲੇ ਲੋਕ ਹੀ ਪੜ੍ਹ ਸਕਦੇ ਹਨ।
ਮੈਟਾ ਦੀ ਪ੍ਰਾਈਵੇਸੀ ਅਤੇ ਪਬਲਿਕ ਪਾਲਿਸੀ ਡਾਇਰੈਕਟਰ ਰੌਬਿਨ ਗ੍ਰੀਨ ਨੇ ਕਿਹਾ ਕਿ ਸਰਕਾਰ ਅਜਿਹਾ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ, ਜਿਸ ਦੀ ਪਾਲਣਾ ਕਰਦਿਆਂ ਗਾਹਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਇਨਕ੍ਰਿਪਟਡ ਸੇਵਾਵਾਂ ਦੇਣਾ ਤਕਨੀਕੀ ਤੌਰ ‘ਤੇ ਸੰਭਵ ਨਹੀਂ ਹੋਵੇਗਾ। ਕੈਨੇਡਾ ਵਿੱਚ ਮੈਟਾ ਦੀ ਪਬਲਿਕ ਪਾਲਿਸੀ ਮੁਖੀ ਰੇਚਲ ਕਰਾਨ ਨੇ ਕਿਹਾ ਕਿ ਜੇਕਰ ਕਾਨੂੰਨ ਇਸੇ ਰੂਪ ਵਿੱਚ ਪਾਸ ਹੁੰਦਾ ਹੈ ਤਾਂ ਕੰਪਨੀ ਨੂੰ ਆਪਣੇ ਸਾਰੇ ਵਿਕਲਪਾਂ ਦੀ ਸਮੀਖਿਆ ਕਰਨੀ ਪਵੇਗੀ। ਉਨ੍ਹਾਂ ਮੰਨਿਆ ਕਿ ਕੈਨੇਡਾ ਵਿੱਚ ਕੁਝ ਸੇਵਾਵਾਂ ਬੰਦ ਕਰਨ ਬਾਰੇ ਵੀ ਵਿਚਾਰ ਕਰਨਾ ਪੈ ਸਕਦਾ ਹੈ।
ਮੈਸੇਜਿੰਗ ਐਪ ਸਿਗਨਲ ਨੇ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਉਹ ਕੈਨੇਡਾ ਵਿੱਚ ਆਪਣੀਆਂ ਸੇਵਾਵਾਂ ਵਾਪਸ ਲੈ ਸਕਦੀ ਹੈ। ਕੰਪਨੀ ਦੇ ਉਪ ਪ੍ਰਧਾਨ ਉਦਭਵ ਤਿਵਾੜੀ ਨੇ ਕਿਹਾ ਕਿ ਉਹ ਆਪਣੇ ਗਾਹਕਾਂ ਦੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਬਜਾਏ ਕੈਨੇਡਾ ਛੱਡਣਾ ਪਸੰਦ ਕਰਨਗੇ। ਇਸੇ ਤਰ੍ਹਾਂ ਐਪਲ ਨੇ ਵੀ ਕਿਹਾ ਹੈ ਕਿ ਬਿੱਲ ਵਿੱਚ ਕੀਤੀਆਂ ਸੋਧਾਂ ਗਾਹਕਾਂ ਦੀ ਨਿੱਜਤਾ ਅਤੇ ਸੁਰੱਖਿਆ ਬਚਾਉਣ ਲਈ ਕਾਫ਼ੀ ਨਹੀਂ ਹਨ।
ਬਿੱਲ ਤਹਿਤ ਸਰਕਾਰ ਦੇ ਮੰਤਰੀ ਨੂੰ ਕੈਨੇਡਾ ਵਿੱਚ ਕੰਮ ਕਰਨ ਵਾਲੀਆਂ ਤਕਨੀਕੀ ਕੰਪਨੀਆਂ ਨੂੰ ਗੁਪਤ ਹੁਕਮ ਦੇਣ ਦਾ ਅਧਿਕਾਰ ਵੀ ਮਿਲੇਗਾ। ਇਨ੍ਹਾਂ ਹੁਕਮਾਂ ਰਾਹੀਂ ਕੰਪਨੀਆਂ ਨੂੰ ਆਪਣੇ ਸਿਸਟਮ ਵਿੱਚ ਨਿਗਰਾਨੀ ਦੀ ਸਮਰੱਥਾ ਵਿਕਸਿਤ ਕਰਨ ਲਈ ਕਿਹਾ ਜਾ ਸਕੇਗਾ। ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਆਧੁਨਿਕ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦੀ ਜਾਂਚ ਕਰਨ ਵਿੱਚ ਮਦਦ ਕਰੇਗਾ। ਦੂਜੇ ਪਾਸੇ, ਕੈਨੇਡਾ ਦੇ ਪ੍ਰਾਈਵੇਸੀ ਕਮਿਸ਼ਨਰ ਫਿਲਿਪ ਡੂਫ੍ਰੇਨਸ ਨੇ ਵੀ ਸੈਨੇਟ ਨੂੰ ਬਿੱਲ ਵਿੱਚ ਹੋਰ ਸੋਧਾਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁਤਾਬਕ, ਇਸ ਬਿੱਲ ਨਾਲ ਜਾਂਚ ਏਜੰਸੀਆਂ ਲਈ ਲੋਕਾਂ ਦੇ ਨਾਂ, ਪਤੇ, ਫੋਨ ਨੰਬਰ, ਈਮੇਲ ਅਤੇ ਖਾਤਿਆਂ ਦੀ ਜਾਣਕਾਰੀ ਹਾਸਲ ਕਰਨਾ ਪਹਿਲਾਂ ਨਾਲੋਂ ਸੌਖਾ ਹੋ ਜਾਵੇਗਾ। ਇਸ ਕਾਰਨ ਲੋਕਾਂ ਦੀ ਨਿੱਜਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਬ੍ਰਿਟਿਸ਼ ਕੋਲੰਬੀਆ ਵਿੱਚ 47 ਫੀਸਦੀ ਔਰਤਾਂ ਨੇ ਝੱਲੀ ਘਰੇਲੂ ਹਿੰਸਾ: ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ
ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਲਗਭਗ ਅੱਧੀਆਂ ਔਰਤਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜੀਵਨ ਸਾਥੀ ਜਾਂ ਨਜ਼ਦੀਕੀ ਰਿਸ਼ਤੇਦਾਰ ਵੱਲੋਂ ਹਿੰਸਾ ਦਾ ਸਾਹਮਣਾ ਕੀਤਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ ਮੁਤਾਬਕ, ਸੂਬੇ ਦੀਆਂ 47 ਫੀਸਦੀ ਔਰਤਾਂ ਨੇ 15 ਸਾਲ ਦੀ ਉਮਰ ਤੋਂ ਬਾਅਦ ਅਜਿਹੀ ਹਿੰਸਾ ਝੱਲਣ ਦੀ ਗੱਲ ਕਹੀ ਹੈ।
ਰਿਪੋਰਟ ਵਿੱਚ ਨਜ਼ਦੀਕੀ ਸਾਥੀ ਵੱਲੋਂ ਕੀਤੀ ਹਿੰਸਾ ਵਿੱਚ ਮਾਨਸਿਕ, ਸਰੀਰਕ ਅਤੇ ਜਿਨਸੀ ਸ਼ੋਸ਼ਣ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ ਗਾਲ੍ਹਾਂ ਕੱਢਣੀਆਂ, ਮਾਨਸਿਕ ਤੌਰ ‘ਤੇ ਤੰਗ ਕਰਨਾ, ਸਰੀਰਕ ਕੁੱਟਮਾਰ ਅਤੇ ਜਿਨਸੀ ਹਮਲੇ ਵਰਗੀਆਂ ਘਟਨਾਵਾਂ ਸ਼ਾਮਲ ਹਨ। 2025 ਦੇ ਅੰਕੜਿਆਂ ਮੁਤਾਬਕ ਬੀਸੀ ਵਿੱਚ ਇਹ ਦਰ 47 ਫੀਸਦੀ ਰਹੀ ਹੈ, ਜੋ 2018 ਦੀ ਪਿਛਲੀ ਰਿਪੋਰਟ ਦੇ ਲਗਭਗ ਬਰਾਬਰ ਹੈ। ਪੂਰੇ ਕੈਨੇਡਾ ਵਿੱਚ 45.1 ਫੀਸਦੀ ਔਰਤਾਂ ਨੇ ਅਜਿਹੀ ਹਿੰਸਾ ਦਾ ਸਾਹਮਣਾ ਕਰਨ ਦੀ ਗੱਲ ਕਹੀ ਹੈ, ਜਦਕਿ 2018 ਵਿੱਚ ਇਹ ਅੰਕੜਾ 44 ਫੀਸਦੀ ਸੀ। ਇਹ ਰਿਪੋਰਟ 2025 ਵਿੱਚ ਕੀਤੇ ਗਏ ਸਰਵੇਖਣ ‘ਤੇ ਆਧਾਰਿਤ ਹੈ, ਜਿਸ ਵਿੱਚ 10 ਸੂਬਿਆਂ ਦੇ 46,500 ਤੋਂ ਵੱਧ ਲੋਕਾਂ ਨੇ ਆਨਲਾਈਨ ਅਤੇ ਫੋਨ ਰਾਹੀਂ ਹਿੱਸਾ ਲਿਆ।
ਰਿਪੋਰਟ ਮੁਤਾਬਕ 15 ਤੋਂ 24 ਸਾਲ ਦੀ ਉਮਰ ਦੀਆਂ ਔਰਤਾਂ ਵਿੱਚ ਵੀ ਅਜਿਹੀ ਹਿੰਸਾ ਦੀਆਂ ਰਿਪੋਰਟਾਂ ਵਧੀਆਂ ਹਨ। ਪਹਿਲਾਂ ਇਹ ਅੰਕੜਾ 55.75 ਫੀਸਦੀ ਸੀ, ਜੋ ਹੁਣ ਵਧ ਕੇ 58.5 ਫੀਸਦੀ ਹੋ ਗਿਆ ਹੈ। ਬੈਟਰਡ ਵੂਮੈਨਜ਼ ਸਪੋਰਟ ਸਰਵਿਸਿਜ਼ ਦੀ ਕਾਰਜਕਾਰੀ ਨਿਰਦੇਸ਼ਕ ਐਂਜੇਲਾ ਮੈਰੀ ਮੈਕਡੌਗਲ ਨੇ ਕਿਹਾ ਕਿ ਇਸ ਵਾਧੇ ਦਾ ਇੱਕ ਕਾਰਨ ਔਰਤਾਂ ਵਿੱਚ ਆਪਣੇ ਨਾਲ ਹੋਈ ਹਿੰਸਾ ਬਾਰੇ ਖੁੱਲ੍ਹ ਕੇ ਦੱਸਣ ਦਾ ਹੌਸਲਾ ਵਧਣਾ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਪੀੜ੍ਹੀਆਂ ਦੀਆਂ ਔਰਤਾਂ ਅਕਸਰ ਹਿੰਸਾ ਸਹਿਣ ਲਈ ਮਜਬੂਰ ਹੁੰਦੀਆਂ ਸਨ ਅਤੇ ਪੁਲਿਸ ਜਾਂ ਹੋਰ ਸੰਸਥਾਵਾਂ ਕੋਲ ਸ਼ਿਕਾਇਤ ਨਹੀਂ ਕਰਦੀਆਂ ਸਨ। ਹੁਣ ਔਰਤਾਂ ਨੂੰ ਲੱਗਦਾ ਹੈ ਕਿ ਸ਼ਿਕਾਇਤ ਕਰਨ ਨਾਲ ਉਨ੍ਹਾਂ ਨੂੰ ਸੁਰੱਖਿਆ ਮਿਲ ਸਕਦੀ ਹੈ। ਉਨ੍ਹਾਂ ਦੀ ਸੰਸਥਾ ਕੋਲ ਪਿਛਲੇ ਸਾਲ ਦੇ ਮੁਕਾਬਲੇ ਸਹਾਇਤਾ ਲਈ ਆਉਣ ਵਾਲੀਆਂ ਬੇਨਤੀਆਂ ਵਿੱਚ 80 ਫੀਸਦੀ ਵਾਧਾ ਹੋਇਆ ਹੈ।
ਰਿਪੋਰਟ ਮੁਤਾਬਕ ਗੈਰ-ਗੋਰੀ ਅਤੇ ਗੈਰ-ਮੂਲਵਾਸੀ ਔਰਤਾਂ ਵਿੱਚ ਹਿੰਸਾ ਦੀ ਰਿਪੋਰਟ ਕਰਨ ਦੀ ਦਰ 29.4 ਫੀਸਦੀ ਰਹੀ, ਜਦਕਿ ਗੋਰੀਆਂ ਔਰਤਾਂ ਵਿੱਚ ਇਹ 48.7 ਫੀਸਦੀ ਸੀ। ਹਾਲਾਂਕਿ, ਨੀਸਾ ਹੋਮਜ਼ ਨਾਲ ਜੁੜੀ ਸਾਇਮਾ ਨੇਹਲ ਦਾ ਕਹਿਣਾ ਹੈ ਕਿ ਇਹ ਅੰਕੜੇ ਪੂਰੀ ਸੱਚਾਈ ਨਹੀਂ ਦੱਸਦੇ। ਉਨ੍ਹਾਂ ਮੁਤਾਬਕ, ਕਈ ਪਰਵਾਸੀ ਔਰਤਾਂ ਕੈਨੇਡਾ ਦੇ ਕਾਨੂੰਨੀ ਅਤੇ ਸਰਕਾਰੀ ਸਿਸਟਮ ਤੋਂ ਜਾਣੂ ਨਹੀਂ ਹੁੰਦੀਆਂ ਅਤੇ ਆਪਣੇ ਭਾਈਚਾਰੇ ਤੋਂ ਵੀ ਅਲੱਗ-ਥਲੱਗ ਰਹਿੰਦੀਆਂ ਹਨ। ਕਈ ਵਾਰ ਹਿੰਸਾ ਕਰਨ ਵਾਲੇ ਵਿਅਕਤੀ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਣ ਦੀ ਧਮਕੀ ਦੇ ਕੇ ਡਰਾਉਂਦੇ ਹਨ। ਇਸ ਕਾਰਨ ਉਹ ਸ਼ਿਕਾਇਤ ਕਰਨ ਤੋਂ ਵੀ ਡਰਦੀਆਂ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਔਰਤਾਂ ਦੀਆਂ ਸੱਭਿਆਚਾਰਕ ਅਤੇ ਸਮਾਜਿਕ ਮੁਸ਼ਕਲਾਂ ਨੂੰ ਸਮਝਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਿਕਾਇਤ ਕਰਨ ਦਾ ਮੌਕਾ ਦੇਣਾ ਬਹੁਤ ਜ਼ਰੂਰੀ ਹੈ।
ਜੀਟੀਏ ਵਿੱਚ 36 ਲੱਖ ਡਾਲਰ ਦੇ ਟਰੱਕ-ਟਰੇਲਰ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਗ੍ਰੇਟਰ ਟੋਰਾਂਟੋ ਇਲਾਕੇ (GTA) ਵਿੱਚ ਟਰੱਕ ਅਤੇ ਟਰੇਲਰ ਚੋਰੀ ਕਰਨ ਤੇ ਅੱਗੇ ਵੇਚਣ ਵਾਲੇ ਇੱਕ ਕਥਿਤ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਯੌਰਕ ਰੀਜਨਲ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਦੋ ਹੋਰਾਂ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਕ, ਇਸ ਗਿਰੋਹ ਨੇ ਘੱਟੋ-ਘੱਟ 37 ਟਰੱਕ-ਟਰੇਲਰ ਚੋਰੀ ਕੀਤੇ, ਜਿਨ੍ਹਾਂ ਦੀ ਕੁੱਲ ਕੀਮਤ 36 ਲੱਖ ਡਾਲਰ ਦੱਸੀ ਗਈ ਹੈ।
ਪੁਲਿਸ ਨੇ ਇਸ ਜਾਂਚ ਨੂੰ ‘ਪ੍ਰੋਜੈਕਟ ਨੈਸ਼ਵਿਲ’ ਦਾ ਨਾਂ ਦਿੱਤਾ ਸੀ। ਇਹ ਜਾਂਚ ਅਗਸਤ ਵਿੱਚ ਸ਼ੁਰੂ ਕੀਤੀ ਗਈ ਸੀ। ਪੁਲਿਸ ਨੂੰ ਸ਼ੱਕ ਸੀ ਕਿ ਇੱਕ ਸੰਗਠਿਤ ਗਿਰੋਹ ਵੱਡੇ ਟਰੱਕਾਂ ਅਤੇ 53 ਫੁੱਟ ਲੰਬੇ ਟਰੇਲਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਜਾਂਚ ਦੌਰਾਨ 6 ਵਿਅਕਤੀਆਂ ਦੀ ਪਛਾਣ ਕੀਤੀ ਗਈ। ਪੁਲਿਸ ਮੁਤਾਬਕ, ਗਿਰੋਹ ਚੋਰੀ ਕੀਤੇ ਟਰੱਕ ਅਤੇ ਟਰੇਲਰ ਜੀਟੀਏ ਸਮੇਤ ਉੱਤਰੀ ਅਮਰੀਕਾ ਦੇ ਹੋਰ ਇਲਾਕਿਆਂ ਵਿੱਚ ਟਰਾਂਸਪੋਰਟ ਕੰਪਨੀਆਂ ਨੂੰ ਭੇਜਦਾ ਸੀ।
ਅਕਤੂਬਰ ਵਿੱਚ ਪੁਲਿਸ ਨੇ ਬਰੈਂਪਟਨ ਦੇ ਇੱਕ ਟਰੱਕਿੰਗ ਯਾਰਡ ਵਿੱਚ ਤਲਾਸ਼ੀ ਲਈ। ਇਸ ਦੌਰਾਨ 17 ਚੋਰੀ ਕੀਤੇ ਟਰੱਕ ਅਤੇ 20 ਟਰੇਲਰ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚੋਂ ਕੁਝ ਵਾਹਨਾਂ ਦੇ ਵਾਹਨ ਪਛਾਣ ਨੰਬਰ (VIN) ਬਦਲੇ ਹੋਏ ਸਨ। ਇਸ ਤੋਂ ਇਲਾਵਾ ਕਈ ਵਾਹਨਾਂ ਉੱਤੇ ਨਵੇਂ ਸਟਿੱਕਰ ਅਤੇ ਡੈਕਲ ਲਗਾ ਕੇ ਉਨ੍ਹਾਂ ਦੀ ਅਸਲੀ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਬਰੈਂਪਟਨ ਦੇ ਤਿੰਨ ਘਰਾਂ ਵਿੱਚ ਵੀ ਤਲਾਸ਼ੀ ਲਈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ 35 ਸਾਲਾ ਮਧੂਸੂਦਨ ਅਠਵਾਲ, 41 ਸਾਲਾ ਸ਼ਰਨਦੀਪ ਅਠਵਾਲ, 30 ਸਾਲਾ ਗੁਰਲਾਲ ਸਿੰਘ ਅਤੇ 28 ਸਾਲਾ ਅੰਮ੍ਰਿਤਸ਼ੇਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਚਾਰਾਂ ਖ਼ਿਲਾਫ਼ ਕੁੱਲ 60 ਦੋਸ਼ ਲਗਾਏ ਗਏ ਹਨ। ਦੂਜੇ ਪਾਸੇ, ਪੁਲਿਸ 35 ਸਾਲਾ ਗੁਰਲਾਲ ਸਿੰਘ ਅਤੇ 32 ਸਾਲਾ ਪ੍ਰੀਤਮ ਰਤਨ ਦੀ ਭਾਲ ਕਰ ਰਹੀ ਹੈ। ਇਨ੍ਹਾਂ ਦੋਵਾਂ ਖ਼ਿਲਾਫ਼ ਕੁੱਲ 34 ਦੋਸ਼ ਹਨ। ਪੁਲਿਸ ਨੇ ਦੋਵਾਂ ਫਰਾਰ ਮੁਲਜ਼ਮਾਂ ਨੂੰ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਖ਼ੁਦ ਪੁਲਿਸ ਸਾਹਮਣੇ ਪੇਸ਼ ਹੋਣ ਦੀ ਅਪੀਲ ਕੀਤੀ ਹੈ।
ਬੀਸੀ ਦੇ ਕੈਸੀਨੋ ਨਾਲ 45 ਹਜ਼ਾਰ ਡਾਲਰ ਦੀ ਧੋਖਾਧੜੀ: ਜੁਰਮ ਕਬੂਲਣ ਮਗਰੋਂ ਦੋਵਾਂ ਦੋਸ਼ੀਆਂ ਨੂੰ ਜੇਲ੍ਹ ਤੋਂ ਮਿਲੀ ਰਾਹਤ
ਬ੍ਰਿਟਿਸ਼ ਕੋਲੰਬੀਆ ਵਿੱਚ ਕੈਸੀਨੋ ਨਾਲ ਹਜ਼ਾਰਾਂ ਡਾਲਰ ਦੀ ਧੋਖਾਧੜੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ। ਦੋਵਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਧੋਖਾਧੜੀ ਪਿਛਲੇ ਸਾਲ ਸਿਰਫ਼ ਦੋ ਹਫ਼ਤਿਆਂ ਦੌਰਾਨ ਕੀਤੀ ਗਈ ਸੀ।
ਬੀਸੀ ਦੀ ਐਂਟੀ-ਗੈਂਗ ਪੁਲਿਸ ਇਕਾਈ ਮੁਤਾਬਕ, ਅਪ੍ਰੈਲ 2025 ਵਿੱਚ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸੂਬੇ ਦੇ ਕਈ ਕੈਸੀਨੋ ਤੋਂ ਵੱਖ-ਵੱਖ ਦਿਨਾਂ ਵਿੱਚ ਕਰੀਬ 45 ਹਜ਼ਾਰ ਡਾਲਰ ਗਲਤ ਤਰੀਕੇ ਨਾਲ ਹਾਸਲ ਕੀਤੇ ਗਏ ਸਨ। ਜਾਂਚ ਦੌਰਾਨ ਦੋ ਸ਼ੱਕੀਆਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨਿਊ ਵੈਸਟਮਿੰਸਟਰ ਦੇ ਇੱਕ ਕੈਸੀਨੋ ਵਿੱਚ ਨੌਕਰੀ ਕਰਦਾ ਸੀ। ਪੁਲਿਸ ਨੇ ਜੁਲਾਈ 2025 ਵਿੱਚ 39 ਸਾਲਾ ਇੰਦਰਜੀਤ ਸਿੰਘ, ਵਾਸੀ ਨਿਊ ਵੈਸਟਮਿੰਸਟਰ ਅਤੇ 50 ਸਾਲਾ ਜੈਸਿਕ ਲੂ, ਵਾਸੀ ਵ੍ਹਾਈਟ ਰੌਕ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਖ਼ਿਲਾਫ਼ 5,000 ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਇੱਕ-ਇੱਕ ਦੋਸ਼ ਲਾਇਆ ਗਿਆ ਸੀ।
ਜੈਸਿਕਾ ਲੂ ਨੂੰ ਸਤੰਬਰ ਵਿੱਚ ਨਿਊ ਵੈਸਟਮਿੰਸਟਰ ਦੀ ਅਦਾਲਤ ਵਿੱਚ ਸਜ਼ਾ ਸੁਣਾਈ ਗਈ। ਅਦਾਲਤ ਨੇ ਉਸ ਨੂੰ 12 ਮਹੀਨਿਆਂ ਦੀ ਸ਼ਰਤਾਂ ਵਾਲੀ ਸਜ਼ਾ ਦਿੱਤੀ, ਜਿਸ ਤਹਿਤ ਉਸ ਨੂੰ ਘਰ ਵਿੱਚ ਰਹਿਣਾ ਪਵੇਗਾ। ਪੁਲਿਸ ਮੁਤਾਬਕ, ਸਜ਼ਾ ਸੁਣਾਏ ਜਾਣ ਤੱਕ ਉਹ ਧੋਖਾਧੜੀ ਦੀ ਰਕਮ ਵਿੱਚੋਂ 37,758.15 ਡਾਲਰ ਵਾਪਸ ਕਰ ਚੁੱਕੀ ਸੀ। ਦੂਜੇ ਪਾਸੇ, ਇੰਦਰਜੀਤ ਸਿੰਘ 4 ਨਵੰਬਰ ਨੂੰ ਉਸੇ ਅਦਾਲਤ ਵਿੱਚ ਪੇਸ਼ ਹੋਇਆ। ਉਸ ਨੇ 5,000 ਡਾਲਰ ਤੋਂ ਘੱਟ ਦੀ ਚੋਰੀ ਦਾ ਛੋਟਾ ਦੋਸ਼ ਕਬੂਲ ਕਰ ਲਿਆ। ਅਦਾਲਤ ਨੇ ਉਸ ਨੂੰ ਬਿਨਾਂ ਸਜ਼ਾ ਦੇ ਰਿਹਾਅ ਕਰ ਦਿੱਤਾ, ਪਰ ਨਾਲ ਹੀ 18 ਮਹੀਨਿਆਂ ਲਈ ਪ੍ਰੋਬੇਸ਼ਨ ‘ਤੇ ਰੱਖਿਆ ਹੈ। ਇਸ ਦੌਰਾਨ ਉਸ ਨੂੰ ਅਦਾਲਤ ਵੱਲੋਂ ਲਾਈਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।
ਐਂਟੀ-ਗੈਂਗ ਪੁਲਿਸ ਦੇ ਸਾਰਜੈਂਟ ਸਰਬਜੀਤ ਕੇ. ਸੰਘਾ ਨੇ ਕਿਹਾ ਕਿ ਇਸ ਜਾਂਚ ਤੋਂ ਪਤਾ ਲੱਗਦਾ ਹੈ ਕਿ ਬੀਸੀ ਦੇ ਕੈਸੀਨੋ ਖੇਤਰ ਵਿੱਚ ਹੋਣ ਵਾਲੇ ਅਪਰਾਧਾਂ ਨੂੰ ਰੋਕਣ ਲਈ ਵੱਖ-ਵੱਖ ਏਜੰਸੀਆਂ ਦਾ ਮਿਲ ਕੇ ਕੰਮ ਕਰਨਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧੋਖਾਧੜੀ ਕਿਤੇ ਵੀ ਹੋਵੇ ਜਾਂ ਇਸ ਵਿੱਚ ਕੋਈ ਵੀ ਵਿਅਕਤੀ ਸ਼ਾਮਲ ਹੋਵੇ, ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਜਾਂਚ ਕਰਕੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਕਰਮਚਾਰੀਆਂ ਦੀ ਸੁਰੱਖਿਆ ਵਿੱਚ ਅਣਗਹਿਲੀ: ਵਰਨਨ ਦੇ 7-Eleven ਸਟੋਰ ਨੂੰ 3.64 ਲੱਖ ਡਾਲਰ ਦਾ ਜੁਰਮਾਨਾ
ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ 7-Eleven ਸਟੋਰ ਨੂੰ ਆਪਣੇ ਕਰਮਚਾਰੀਆਂ ਲਈ ਸੁਰੱਖਿਅਤ ਕੰਮਕਾਜੀ ਮਾਹੌਲ ਮੁਹੱਈਆ ਨਾ ਕਰਵਾਉਣ ਕਾਰਨ 3 ਲੱਖ 64 ਹਜ਼ਾਰ 790 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਵਰਕਸੇਫ ਬੀਸੀ ਨੇ ਵਰਨਨ ਸ਼ਹਿਰ ਦੀ 34ਵੀਂ ਸਟਰੀਟ ’ਤੇ ਸਥਿਤ 7-Eleven ਸਟੋਰ ਦੀ ਜਾਂਚ ਕੀਤੀ ਸੀ। ਇਸ ਦੌਰਾਨ ਸਿਹਤ ਅਤੇ ਸੁਰੱਖਿਆ ਨਾਲ ਜੁੜੀਆਂ ਕਈ ਖਾਮੀਆਂ ਸਾਹਮਣੇ ਆਈਆਂ। ਇਨ੍ਹਾਂ ਵਿੱਚ ਕੰਮ ਵਾਲੀ ਥਾਂ ’ਤੇ ਹਿੰਸਾ ਦੇ ਖ਼ਤਰੇ ਦਾ ਮੁਲਾਂਕਣ ਨਾ ਕਰਨਾ, ਕਰਮਚਾਰੀਆਂ ਨੂੰ ਲੋੜੀਂਦੀ ਸਿਖਲਾਈ ਨਾ ਦੇਣਾ ਅਤੇ ਲੁੱਟ ਦੀਆਂ ਘਟਨਾਵਾਂ ਤੋਂ ਬਾਅਦ ਜਾਂਚ ਨਾ ਕਰਨਾ ਸ਼ਾਮਲ ਹੈ।
ਇੱਕ ਮੀਡੀਆ ਰਿਪੋਰਟ ਅਨੁਸਾਰ, 25 ਮਈ ਨੂੰ ਕੀਤੀ ਗਈ ਜਾਂਚ ਵਿੱਚ ਇਕੱਲੇ ਜਾਂ ਵੱਖਰੇ ਤੌਰ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਕੰਮ ਵਾਲੀ ਥਾਂ ’ਤੇ ਹਿੰਸਾ ਦੇ ਖ਼ਤਰੇ ’ਤੇ ਧਿਆਨ ਦਿੱਤਾ ਗਿਆ ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਸਟੋਰ ਵਿੱਚ ਦੋ ਵਾਰ ਲੁੱਟ ਹੋਈ ਸੀ। ਇਸ ਤੋਂ ਇਲਾਵਾ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਵੱਲ ਕੌਫੀ ਵੀ ਸੁੱਟੀ ਗਈ। ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਦੇ ਬਾਵਜੂਦ ਕਰਮਚਾਰੀਆਂ ਨੂੰ ਸਟੋਰ ਦੇ ਮੁੱਖ ਦਰਵਾਜ਼ੇ ਬੰਦ ਨਾ ਕਰਨ ਲਈ ਕਿਹਾ ਗਿਆ ਸੀ।
29 ਸਤੰਬਰ 2026 ਨੂੰ ਜਾਰੀ ਜੁਰਮਾਨੇ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ ਹਿੰਸਾ ਕਾਰਨ ਕਰਮਚਾਰੀਆਂ ਨੂੰ ਸੱਟ ਲੱਗਣ ਦੇ ਖ਼ਤਰੇ ਦਾ ਮੁਲਾਂਕਣ ਨਹੀਂ ਕੀਤਾ। ਇਸ ਨੂੰ ਗੰਭੀਰ ਉਲੰਘਣਾ ਮੰਨਿਆ ਗਿਆ ਹੈ। ਇਸ ਤੋਂ ਇਲਾਵਾ, ਕਿਸੇ ਘਟਨਾ ਤੋਂ ਬਾਅਦ ਮੁੱਢਲੀ ਜਾਂਚ ਦੀ ਰਿਪੋਰਟ 30 ਦਿਨਾਂ ਦੇ ਅੰਦਰ ਵਰਕਸੇਫ ਬੀਸੀ ਨੂੰ ਨਾ ਭੇਜਣ ਅਤੇ ਸੁਰੱਖਿਆ ਪ੍ਰਤੀਨਿਧੀ ਨੂੰ ਲੋੜੀਂਦੀ ਸਿਖਲਾਈ ਨਾ ਦੇਣ ਦੀਆਂ ਖਾਮੀਆਂ ਵੀ ਦਰਜ ਕੀਤੀਆਂ ਗਈਆਂ ਹਨ। ਰਿਪੋਰਟ ਮੁਤਾਬਕ, ਕੰਪਨੀ ਨੇ ਕਰਮਚਾਰੀਆਂ ਨੂੰ ਸੁਰੱਖਿਅਤ ਰੱਖਣ ਲਈ ਲੋੜੀਂਦੀ ਜਾਣਕਾਰੀ, ਸਿਖਲਾਈ ਅਤੇ ਨਿਗਰਾਨੀ ਵੀ ਮੁਹੱਈਆ ਨਹੀਂ ਕਰਵਾਈ। ਵਰਕਸੇਫ ਬੀਸੀ ਨੂੰ ਇਸ ਜੁਰਮਾਨੇ ਦੀ ਸਮੀਖਿਆ ਕਰਨ ਦੀ ਬੇਨਤੀ ਮਿਲੀ ਹੈ।
ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਲਈ 13 ਹਜ਼ਾਰ ਡਾਲਰ ਦਾ ਦਾਨ
ਸਰੀ ਸਥਿਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਨੇ ਕਲੋਵਰਡੇਲ ਵਿੱਚ ਬਣ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਲਈ 13 ਹਜ਼ਾਰ ਡਾਲਰ ਦਾ ਦਾਨ ਦਿੱਤਾ ਹੈ। ਇਹ ਬਜ਼ੁਰਗਾਂ ਲਈ ਬਣਾਇਆ ਜਾ ਰਿਹਾ ਇੱਕ ਵਿਸ਼ੇਸ਼ ਦੇਖਭਾਲ ਕੇਂਦਰ ਹੈ, ਜਿਸ ਦੇ ਮਾਰਚ 2027 ਦੇ ਆਸ-ਪਾਸ ਖੁੱਲ੍ਹਣ ਦੀ ਉਮੀਦ ਹੈ। ਇਹ ਕੇਂਦਰ 64ਵੀਂ ਐਵੇਨਿਊ ’ਤੇ 176ਵੀਂ ਸਟਰੀਟ ਦੇ ਨੇੜੇ ਬਣਾਇਆ ਜਾ ਰਿਹਾ ਹੈ।
ਇਸ ਦੇਖਭਾਲ ਕੇਂਦਰ ਦਾ ਨਿਰਮਾਣ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (PICS) ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ। ਸੰਸਥਾ ਦੇ ਪ੍ਰਧਾਨ ਅਤੇ ਸੀਈਓ ਸਤਬੀਰ ਸਿੰਘ ਚੀਮਾ ਨੇ ਦਾਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਸਰੀ ਅਤੇ ਇਸ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਚੀਮਾ ਨੇ ਕਿਹਾ ਕਿ ਇਹ ਦਾਨ ਸੇਵਾ ਦੀ ਭਾਵਨਾ ਅਤੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ, ਸੁਰੱਖਿਆ ਅਤੇ ਚੰਗੀ ਦੇਖਭਾਲ ਦੇਣ ਲਈ ਭਾਈਚਾਰੇ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲੰਘੇ ਦਿਨੀਂ ਚੀਮਾ ਨੇ ਪਿਕਸ ਬੋਰਡ ਦੇ ਚੇਅਰਮੈਨ ਸੁਖ ਥਿੰਦ ਅਤੇ ਸੰਸਥਾ ਦੇ ਹੋਰ ਮੈਂਬਰਾਂ ਨਾਲ ਗੁਰਦੁਆਰਾ ਸਾਹਿਬ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਅਧਿਕਾਰਤ ਤੌਰ ’ਤੇ ਦਾਨ ਦਾ ਚੈੱਕ ਸੌਂਪਿਆ ਗਿਆ।
‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਮਕਸਦ ਵੱਖ-ਵੱਖ ਸੱਭਿਆਚਾਰਾਂ ਅਤੇ ਭਾਈਚਾਰਿਆਂ ਨਾਲ ਸਬੰਧਤ ਬਜ਼ੁਰਗਾਂ ਨੂੰ ਅਜਿਹੀ ਥਾਂ ’ਤੇ ਦੇਖਭਾਲ ਮੁਹੱਈਆ ਕਰਵਾਉਣਾ ਹੈ, ਜਿੱਥੇ ਉਨ੍ਹਾਂ ਦੀ ਭਾਸ਼ਾ, ਸੱਭਿਆਚਾਰ ਅਤੇ ਇੱਜ਼ਤ ਦਾ ਪੂਰਾ ਧਿਆਨ ਰੱਖਿਆ ਜਾਵੇ। ਸੁਖ ਥਿੰਦ ਨੇ ਕਿਹਾ ਕਿ ਇਹ ਕੇਂਦਰ ਸਿਰਫ਼ ਬਜ਼ੁਰਗਾਂ ਦੀ ਦੇਖਭਾਲ ਲਈ ਬਣਾਈ ਜਾ ਰਹੀ ਇਮਾਰਤ ਨਹੀਂ, ਸਗੋਂ ਹਮਦਰਦੀ, ਸਤਿਕਾਰ ਅਤੇ ਮਨੁੱਖਤਾ ਦੀ ਸੇਵਾ ਵਰਗੀਆਂ ਭਾਈਚਾਰਕ ਕਦਰਾਂ-ਕੀਮਤਾਂ ਦੀ ਨਿਸ਼ਾਨੀ ਹੈ।
ਪਿਕਸ ਸੰਸਥਾ ਇਸ ਪ੍ਰਾਜੈਕਟ ਲਈ ਅਜੇ ਵੀ ਫੰਡ ਇਕੱਠੇ ਕਰ ਰਹੀ ਹੈ। ਇਸ ਤਹਿਤ ਵਿਅਕਤੀਆਂ, ਪਰਿਵਾਰਾਂ, ਕਾਰੋਬਾਰੀ ਅਦਾਰਿਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਇਮਾਰਤ ਦੇ ਵੱਖ-ਵੱਖ ਹਿੱਸਿਆਂ ਦੇ ਨਾਮ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਰੱਖਵਾਉਣ ਅਤੇ ਵਿਸ਼ੇਸ਼ ਸਨਮਾਨ ਹਾਸਲ ਕਰਨ ਦੇ ਮੌਕੇ ਦਿੱਤੇ ਜਾ ਰਹੇ ਹਨ। ਸੰਸਥਾ ਨੇ ਲੋਕਾਂ, ਕਾਰੋਬਾਰੀ ਅਦਾਰਿਆਂ, ਧਾਰਮਿਕ ਸੰਸਥਾਵਾਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਇਸ ਨੇਕ ਕਾਰਜ ਲਈ ਦਾਨ ਦੇਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।