ਮਿਸ ਪੰਜਾਬਣ’ ਮਾਮਲੇ ਵਿੱਚ ਆਇਆ ਵੱਡਾ ਮੋੜ , ਚੈਨਲ ਨੇ ਠੋਕਿਆ ਵੱਡਾ ਦਾਅਵਾ

ਮਿਸ ਪੰਜਾਬਣ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਵਾਲੀ ਇਕ ਪ੍ਰਤੀਭਾਗੀ ਦੀ ਸ਼ਿਕਾਇਤ ‘ਤੇ ਮੁਹਾਲੀ ਪੁਲਿਸ ਵੱਲੋਂ ਨੈਨਸੀ ਘੁੰਮਣ ਨਾਂਅ ਦੀ ਮਹਿਲਾ ਅਤੇ ਇੱਕ ਨਿਜੀ ਮੀਡੀਆ ਅਦਾਰੇ ਨਾਲ ਜੁੜੇ ਕੁੱਝ ਲੋਕਾਂ ‘ਤੇ ਐਫ.ਆਈ.ਆਰ ਦਰਜ ਕੀਤੀ ਗਈ ਸੀ । ਦਰਅਸਲ ਮੁਹਾਲੀ ਦੇ ਐਸ.ਐਸ.ਪੀ ਹਰਜੀਤ ਸਿੰਘ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆ ਹੋਇਆਂ ਇਕ SIT ਦਾ ਗਠਨ ਕੀਤਾ ਗਿਆ ਸੀ ਜਿਸਦੀ ਅਗਵਾਈ DSP HEADQUARTER ਨੂੰ ਸੋਂਪੀ ਗਈ। ਸੂਤਰਾਂ ਦੇ ਮੁਤਾਬਿਕ ਮਿਲੀ ਜਾਣਕਾਰੀ ਦੇ ਤਹਿਤ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਜਾਂਚ ਪਿੱਛਲੇ 15-16 ਦਿਨਾਂ ਤੋਂ ਚਲ ਰਹੀ ਹੈ ਜਿਸ ਵਿਚ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਕੁੜੀਆਂ , ਕੰਪਨੀ ਦੇ ਮੁਲਾਜ਼ਮ ਸਣੇ ਲਗਭਗ 3 ਦਰਜਨ ਤੋਂ ਵੀ ਵੱਧ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ।

ਸੂਤਰ ਦੱਸਦੇ ਨੇ ਕੀ ਇਹ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ, ਜਿਸਦੇ ਵਿੱਚ ਵੱਖੋ-ਵੱਖ ਥਾਵਾਂ ਦੀ ਸੀ ਸੀ ਟੀ ਵੀ ਦੀ ਫੂਟੇਜ ਵੀ ਜਾਂਚੀ ਜਾ ਰਹੀ ਹੈ… ਇਹ ਜਾਂਚ ਹੁਣ ਆਪਣੇ ਆਖਰੀ ਪੜਾਅ ‘ਤੇ ਹੈ। ਕੰਪਨੀ ਦੇ ਉਚ ਅਧਿਕਾਰੀਆਂ ਨਾਲ ਇਸ ਬਾਬਤ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾ ਖੁਲਾਸਾ ਕੀਤਾ ਕੀ ਸਾਡਾ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਕੰਪਨੀ ਦੇ ਐਮ.ਡੀ ਵੱਲੋਂ ਇਹ ਚੁਣੌਤੀ ਦਿੱਤੀ ਗਈ ਕਿ ਕੋਈ ਵੀ ਇਹ ਸਾਬਿਤ ਕਰਕੇ ਦਿਖਾ ਦੇ ਕਿ ਨੈਨਸੀ ਘੁੰਮਣ ਜਾਂ ਭੁਪਿੰਦਰ ਸਿੰਘ ਦਾ ਸਾਡੀ ਕੰਪਨੀ ਨਾਲ ਕੋਈ ਵਾਹ-ਵਾਸਤਾ ਹੈ ਤਾਂ ਅਸੀਂ ਉਸਨੂੰ ਇੱਕ ਲੱਖ ਰੁਪਏ ਦਾ ਇਨਾਮ ਦਿਆਂਗੇ।

ਇਸ ਤੋਂ ਵੀ ਅੱਗੇ ਉਹਨਾਂ ਗੱਲ ਕਰਦਿਆਂ ਦੱਸਿਆ ਕਿ ਸਾਡੇ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਲਈ ਐਸ ਐਸ ਪੀ ਨੂੰ ਦਰਖਾਸਤ ਦਿੱਤੀ ਗਈ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸਾਨੂੰ ਬਦਨਾਮ ਕਰਨ ਵਾਲੇ ਲੋਕਾਂ ਬਾਰੇ ਪਤਾ ਲਗ ਸਕੇ। ਉਹਨਾ ਮੀਡੀਆ ਅਦਾਰਿਆਂ ਨੂੰ ਵੀ ਖੁਲ੍ਹਾ ਸੱਦਾ ਦਿੱਤਾ ਹੈ ਕੀ ਕੋਈ ਵੀ ਆਕੇ ਇਹਨਾਂ ਕੁੜੀਆ ਕੋਲੋਂ ਪੁਛਗਿੱਛ ਕਰ ਸਕਦਾ ਹੈ। ਐਮ ਡੀ ਵੱਲੋਂ ਉਹਨਾਂ ਲੋਕਾਂ ਨੂੰ ਤਾਕੀਦ ਕੀਤੀ ਗਈ ਹੈ ਜੋ ਇਸ ਮਾਮਲੇ ਵਿਚ ਇੱਕ ਪਾਸੜ ਖਬਰਾਂ ਲਗਾ ਕੇ ਉਹਨਾਂ ਨੂੰ ਬਦਨਾਮ ਕਰ ਰਹੇ ਹਨ , ਤੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਉਹਨਾਂ ਲੋਕਾਂ ‘ਤੇ ਮਾਣਹਾਨੀ ਦਾ ਕੇਸ ਵੀ ਪਾਵਾਂਗੇ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਲਈ ਜਦੋਂ ਐਸ ਐਸ ਪੀ ਮੁਹਾਲੀ ਨਾਲ ਸੰਪਰਕ ਕੀਤਾ ਤਾਂ ਉਹਨਾ ਕਿਹਾ ਕਿ ‘ਇਸ ਮਾਮਲੇ ਦੀ ਜਾਂਚ ਡੂੰਘਾਈ ਨਾਲ ਚੱਲ ਰਹੀ ਹੈ, ਜੋ ਵੀ ਸੱਚ ਹੋਏਗਾ ਉਹ ਸਭ ਦੇ ਸਾਹਮਣੇ ਆ ਜਾਏਗਾ ।

ਜ਼ਿਕਰਯੋਗ ਹੈ ਕਿ PTC Punjabi ਦੇ ਪ੍ਰੋਗਰਾਮ ਮਿਸ ਪੰਜਾਬਣ ਕੰਟੈਸਟ ਦੀ ਡਾਇਰੈਕਟਰ ਨੈਂਸੀ ਘੁੰਮਣ ਅਤੇ ਉਸਦੇ ਸਾਥੀ ਅਧਿਕਾਰੀਆਂ ਨਿਹਾਰਿਕਾ, ਭੁਪਿੰਦਰ ਸਿੰਘ ਸਮੇਤ ਪੀਟੀਸੀ ਟੀਮ ਵਿੱਚੋਂ 30 ਦੇ ਕਰੀਬ ਮੈਬਰਾਂ ‘ਤੇ ਸੰਗੀਨ ਧਰਾਵਾਂ ਹੇਠ ਮੁੱਕਦਮਾ ਦਰਜ ਕੀਤਾ ਗਿਆ ਹੈ। ਅਗਿਆਤ ਸ਼ਿਕਾਇਤਕਰਤਾ ਲੜਕੀ ਨੇ ਉਕਤ ਵਿਅਕਤੀਆਂ ‘ਤੇ ਇਸ ਸੁੰਦਰਤਾ ਮੁਕਾਬਲੇ ਦੇ ਨਾਮ ਹੇਠ ਲੜਕੀਆਂ ਨੂੰ ਦੇਹ ਵਪਾਰ ਲਈ ਵੱਡੇ ਬੰਦਿਆਂ ਤੱਕ ਭੇਜਣ, ਬਲੈਕਮੇਲ ਕਰਨ ਸਮੇਤ ਹੋਰ ਕਈ ਗੰਭੀਰ ਦੋਸ਼ ਲਾਏ ਹਨ।