ਪੰਜਾਬ ਨੇ ਪਛਾੜਿਆ ਦਿੱਲੀ , ਸਿੱਖਿਆ ‘ਚ ਬਣੇ ਨੰਬਰ ‘ਇਕ’

ਨਵੀਂ ਦਿੱਲੀ- ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ ਭਾਵ (ਐਨਏਐਸ) 2021 ਦੀ ਰਿਪੋਰਟ ਵਿੱਚ ਪੰਜਾਬ ਬਾਕੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ। NAS ਇੱਕ ਰਾਸ਼ਟਰੀ ਪੱਧਰ ਦਾ ਮੁਲਾਂਕਣ ਸਰਵੇਖਣ ਹੈ ਜੋ ਨਵੀਆਂ ਵਿਦਿਅਕ ਨੀਤੀਆਂ ਨੂੰ ਤਿਆਰ ਕਰਨ ਲਈ ਲਾਭਦਾਇਕ ਹੈ। 2021 ਦੀ ਜਾਰੀ ਰਿਪੋਰਟ ਮੁਤਾਬਕ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਸਬੰਧੀ ਕਰਵਾਏ ਸਰਵੇਖਣ ਵਿੱਚ ਪੰਜਾਬ ਕੌਮੀ ਪੱਧਰ ’ਤੇ ਅੱਗੇ ਰਿਹਾ ਹੈ,ਜਦਕਿ ਦਿੱਲੀ ਪੰਜਾਬ ਤੋਂ ਕਾਫੀ ਪਿੱਛੇ ਹੈ । ਦੱਸ ਦੇਈਏ ਕਿ ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਇਹ ਸਰਵੇਖਣ ਕਰਵਾਇਆ ਸੀ, ਜਿਸ ਦੌਰਾਨ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵੱਖੋ-ਵੱਖਰੇ ਵਿਸ਼ਿਆਂ ਵਿੱਚ ਸਿੱਖਣ ਸਬੰਧੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ, ਜਿਸ ਵਿੱਚ ਸਾਰੇ ਪੰਜ ਵਿਸ਼ਿਆ ਵਿੱਚ ਪੰਜਾਬ ਟਾਪ ਉੱਤੇ ਰਿਹਾ ਹੈ। 10ਵੀਂ ਦੇ ਹਿਸਾਬ ਵਿੱਚ ਪੰਜਾਬ ਨੰਬਰ ਇਕ ਉੱਤੇ ਹੈ। ਪੰਜਾਬ ਨੂੰ 1000 ਵਿੱਚੋਂ 929 ਨੰਬਰ ਮਿਲੇ ਹਨ। ਇਸ ਦੇ ਬਾਵਜੂਦ ਸੀ.ਐੱਮ. ਭਗਵੰਤ ਮਾਨ ਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਧਾਈ ਤੱਕ ਨਹੀਂ ਦਿੱਤੀ। ਜਿਸ ਤੋਂ ਬਾਅਦ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਾਨ ਦਿੱਲੀ ਦਾ ਫੇਲ ਸਿੱਖਿਆ ਮਾਡਲ ਪੰਜਾਬ ਉੱਤੇ ਥੋਪਣਾ ਚਾਹੁੰਦੇ ਹਨ । ਉਨ੍ਹਾਂ ਨੂੰ ਪੰਜਾਬ ਦੀ ਸਿੱਖਿਆ ਨੂੰ ਬਦਨਾਮ ਕਰਨ ਲਈ ਮਾਫੀ ਮੰਗਣੀ ਚਾਹੀਦੀ ਹੈ।

ਆਓ ਇਕ ਝਾਤ ਪਾਉਂਦੇ ਹਾਂ ਦਿੱਲੀ ਤੇ ਪੰਜਾਬ ਦੇ ਨਤੀਜਿਆਂ ਉੱਤੇ :

ਇਸ ਸਰਵੇ ਵਿੱਚ 34.01 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿੰਨ੍ਹਾਂ ਵਿੱਚੋਂ 1.17 ਲੱਖ ਪੰਜਾਬ ਦੇ ਸਨ। ਪੰਜਾਬ 15 ਵਿੱਚੋਂ 10 ਕੈਟੇਗਰੀਆਂ ਵਿੱਚ ਟਾਪ ਵਿੱਚ ਆਇਆ ਹੈ।

ਤੀਜੀ ਜਮਾਤ ਲਈ ਹੋਏ ਟੈਸਟ ਵਿੱਚ ਪੰਜਾਬ ਨੂੰ ਭਾਸ਼ਾ ਵਿੱਚ 355, ਹਿਸਾਬ ਵਿੱਚ 339 ਤੇ ਇੰਨਵਾਇਰਮੇਂਟਲ ਸਟਡੀਜ਼ ਵਿੱਚ 334 ਅੰਕ ਮਿਲੇ।ਦਿੱਲੀ ਨੂੰ ਲੜੀਵਾਰ : 302,208 ਤੇ 288 ਅੰਕ ਮਿਲੇ।

5ਵੀਂ ਕਲਾਸ ਵਿੱਚ ਪੰਜਾਬ ਨੂੰ ਭਾਸ਼ਾ ਵਿੱਚ 339, ਹਿਸਾਬ ਵਿੱਚ 310 ਤੇ ਇੰਨਵਾਇਰਮੇਂਟਲ ਸਟਡੀਜ਼ ਵਿੱਚ 310 ਨੰਬਰ ਮਿਲੇ। ਦਿੱਲੀ ਦੇ ਲੜੀਵਾਰ 304,273 ਤੇ 274 ਨੰਬਰ ਮਿਲੇ।

8ਵੀਂ ਜਮਾਤ ਵਿੱਚ ਪੰਜਾਬ ਨੂੰ ਭਾਸ਼ਾ ਵਿੱਚ 338, ਹਿਸਾਬ ਵਿੱਚ 297, ਸਾਈਂਸ ਵਿੱਚ 287 ਤੇ ਸੋਸ਼ਲ ਸਾਈਂਸ ਵਿੱਚ 288 ਨੰਬਰ ਮਿਲੇ। ਦਿੱਲੀ ਨੂੰ 316,253,257 ਤੇ 254 ਨੰਬਰ ਮਿਲੇ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰੀਟ ਦੇ ਝੂਠ ਤੇ ਧੋਖੇ ਦਾ ਪਰਦਾਫਾਸ਼ ਹੋਇਆ ਹੈ। ਰਿਪੋਰਟ ਨੇ ਦਿਖਾਇਆ ਕਿ ਆਪ ਨੇ ਦਿੱਲੀ ਮਾਡਲ ਦਾ ਝੂਠਾ ਪ੍ਰਚਾਰ ਕੀਤਾ, ਜੇਕਰ ਕਾਂਗਰਸ ਨੇ 111 ਦਿਨਾਂ ਵਿੱਚ ਥਾਂ ਮੇਰੀ ਸਰਕਾਰ ਦੇ ਕੰਮ ਨੂੰ ਅੱਗੇ ਵਧਾਇਆ ਹੁੰਦਾ ਤਾਂ ਉਨ੍ਹਾਂ ਨੂੰ ਹੋਂਦ ਬਚਾਉਣ ਲਈ ਸੰਘਰਸ਼ ਕਰਨ ਦੀ ਲੌੜ ਨਾ ਪੈਂਦੀ ।

ਉਥੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਲਿਖਿਆ ਪੰਜਾਬ ਦੇ ਸਕੂਲ ਦਿੱਲੀ ਨੂੰ ਪਛਾੜ ਰਹੇ ਹਨ। ਭਗਵੰਤ ਮਾਨ ਜੀ, ਪੰਜਾਬ ਦੇ ਐਜੂਕੇਸ਼ਨ ਮਾਡਲ ਦਾ ਦਿੱਲੀ ਜਾਣ ਦਾ ਸਮਾਂ ਆ ਗਿਆ ਹੈ। ਕਿਰਪਾ ਕਰਕੇ ਪੰਜਾਬੀਆਂ ਨੂੰ ਬਦਨਾਮ ਨਾ ਕਰੋ ।

ਇਸ ਤੋਂ ਇਲਾਵਾ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਨੈਸ਼ਨਲ ਅਚੀਵਮੇਂਟ ਸਰਵੇ ਵਿੱਚ ਪੰਜਾਬ ਸਭ ਤੋਂ ਉਪਰ ਹੈ। ਪੰਜਾਬ ਦੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਖਤ ਮਿਹਨਤ ਕੀਤੀ ਹੈ। ਉਮੀਦ ਹੈ ਕਿ ਸੀ.ਐੱਮ. ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਹੁਣ ਤੋਂ ਹੀ ਦਿੱਲੀ ਦੇ ਫਰਜ਼ੀ ਮਾਡਲ ਦਾ ਪ੍ਰਚਾਰ ਬੰਦ ਕਰ ਦੇਣਗੇ