ਪੰਜਾਬ ਕਿੰਗਜ਼ ਨੇ ਆਰਸੀਬੀ ਨੂੰ 54 ਦੌੜਾਂ ਨਾਲ ਹਰਾਇਆ

ਸੀਜ਼ਨ ਦਾ 60ਵਾਂ ਮੈਚ 13 ਮਈ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਪੰਜਾਬ ਕਿੰਗਜ਼ ਵਿਚਾਲੇ ਖੇਡਿਆ ਗਿਆ ਸੀ, ਜਿਸ ਵਿੱਚ ਪੰਜਾਬ ਨੇ 54 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਪੰਜਾਬ ਨੇ ਇਸ ਮੈਚ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾਈਆਂ, ਜੋ IPL-2022 ‘ਚ ਉਸ ਦਾ ਸਭ ਤੋਂ ਵੱਡਾ ਸਕੋਰ ਵੀ ਸੀ। ਸੀਜ਼ਨ ਵਿੱਚ ਪੰਜਾਬ ਦੀ ਇਹ ਛੇਵੀਂ ਜਿੱਤ ਸੀ ਜਦਕਿ ਆਰਸੀਬੀ ਨੂੰ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜੌਨੀ ਬੇਅਰਸਟੋ-ਲੀਅਮ ਲਿਵਿੰਗਸਟੋਨ ਦੀ ਜ਼ਬਰਦਸਤ ਪਾਰੀ, ਪੰਜਾਬ ਨੇ 209 ਦੌੜਾਂ ਬਣਾਈਆਂ।
ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 9 ਵਿਕਟਾਂ ਦੇ ਨੁਕਸਾਨ ‘ਤੇ 209 ਦੌੜਾਂ ਬਣਾਈਆਂ। ਸਲਾਮੀ ਜੋੜੀ ਨੇ ਪੰਜਾਬ ਲਈ ਸ਼ਾਨਦਾਰ ਸ਼ੁਰੂਆਤ ਕੀਤੀ। ਸ਼ਿਖਰ ਧਵਨ (21) ਅਤੇ ਜੌਨੀ ਬੇਅਰਸਟੋ ਨੇ 5 ਓਵਰਾਂ ਵਿੱਚ 60 ਦੌੜਾਂ ਬਣਾਈਆਂ।

ਪੰਜਾਬ ਲਈ ਬੇਅਰਸਟੋ ਨੇ 66 ਦੌੜਾਂ ਬਣਾਈਆਂ ਜਦਕਿ ਲਿਆਮ ਲਿਵਿੰਗਸਟੋਨ ਨੇ 42 ਗੇਂਦਾਂ ‘ਚ 4 ਛੱਕੇ ਅਤੇ 5 ਚੌਕੇ ਲਗਾ ਕੇ 70 ਦੌੜਾਂ ਬਣਾਈਆਂ। ਵਿਰੋਧੀ ਟੀਮ ਲਈ ਹਰਸ਼ਲ ਪਟੇਲ ਨੇ 4 ਵਿਕਟਾਂ ਲਈਆਂ, ਜਦਕਿ ਵਨਿੰਦੂ ਹਸਾਰੰਗਾ ਨੇ 2 ਵਿਕਟਾਂ ਆਪਣੇ ਨਾਂ ਕੀਤੀਆਂ।

RCB ਲਈ ਖਰਾਬ ਸ਼ੁਰੂਆਤ
ਜਵਾਬ ਵਿੱਚ ਆਰਸੀਬੀ ਦੀ ਟੀਮ ਨਿਰਧਾਰਤ ਓਵਰਾਂ ਵਿੱਚ 9 ਵਿਕਟਾਂ ਗੁਆ ਕੇ 155 ਦੌੜਾਂ ਹੀ ਬਣਾ ਸਕੀ। RCB ਨੂੰ ਪਹਿਲਾ ਝਟਕਾ 33 ਦੇ ਸਕੋਰ ‘ਤੇ ਵਿਰਾਟ ਕੋਹਲੀ ਦੇ ਰੂਪ ‘ਚ ਲੱਗਾ। ਕੋਹਲੀ ਸਿਰਫ 20 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ, ਜਿਸ ਤੋਂ ਬਾਅਦ ਟੀਮ ਨੇ 40 ਦੌੜਾਂ ਤੱਕ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ।

ਗਲੇਨ ਮੈਕਸਵੈੱਲ-ਰਜਤ ਪਾਟੀਦਾਰ ਜਿੱਤ ਨਹੀਂ ਸਕੇ
ਇੱਥੋਂ ਰਜਤ ਪਾਟੀਦਾਰ ਨੇ ਗਲੇਨ ਮੈਕਸਵੈੱਲ ਨਾਲ ਚੌਥੀ ਵਿਕਟ ਲਈ 64 ਦੌੜਾਂ ਦੀ ਸਾਂਝੇਦਾਰੀ ਕੀਤੀ। ਕ੍ਰੀਜ਼ ‘ਤੇ ਹੁੰਦੇ ਹੋਏ ਆਰਸੀਬੀ ਦੇ ਪ੍ਰਸ਼ੰਸਕਾਂ ਨੂੰ ਉਮੀਦਾਂ ਸਨ ਪਰ ਪਾਟੀਦਾਰ (26) ਦੇ ਆਊਟ ਹੁੰਦੇ ਹੀ ਟੀਮ ਨੂੰ ਫਿਰ ਠੋਕਰ ਲੱਗ ਗਈ। ਆਰਸੀਬੀ ਲਈ ਗਲੇਨ ਮੈਕਸਵੈੱਲ ਨੇ 22 ਗੇਂਦਾਂ ਵਿੱਚ 35 ਦੌੜਾਂ ਬਣਾਈਆਂ।