…ਹੁਣ ਕਾਂਗਰਸ ਹਾਈਕਮਾਂਡ ਲਵੇਗੀ ਕੈਪਟਨ ਦੀਆਂ ਰਿਪੋਰਟਾਂ ! ਲੱਗਣਗੀਆਂ ਸ਼ਿਕਾਇਤਾਂ…ਮਿਲੇਗੀ ਸਜ਼ਾ!

ਟੀਵੀ ਪੰਜਾਬ ਬਿਊਰੋ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)
ਕਾਂਗਰਸ ਵਿੱਚ ਸ਼ੁਰੂ ਹੋਇਆ ਘਰੇਲੂ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੰਜ ਜਾਪ ਰਿਹਾ ਹੈ ਕਿ ਕਾਂਗਰਸ ਦੇ ਹਰ ਵੱਡੇ ਆਗੂ ਨੇ ਇਕ ਦੂਜੇ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। … ਕੀ ਕੈਪਟਨ ..! ਕੀ ਸਿੱਧੂ …! ਅਤੇ ਕੀ ਬਾਜਵਾ ! ਹਰ ਕੋਈ ਇਸ ਘਰੇਲੂ ਜੰਗ ਵਿਚ ਪਿਛੇ ਨਹੀਂ ਰਹਿਣਾ ਚਾਹੁੰਦਾ। ਇਸ ਕਲੇਸ਼ ਨੂੰ ਰੋਕਣ ਲਈ ਪਿਛਲੇ ਸਮੇਂ ਤੋਂ ਪਾਰਟੀ ਹਾਈ ਕਮਾਂਡ ਵੱਲੋਂ ਵੀ ਯਤਨ ਕੀਤੇ ਗਏ ਪਰ ਨਤੀਜਾ
ਕਲੇਸ਼ ਜਮ੍ਹਾਂ ਕਲੇਸ਼ … ਬਰਾਬਰ ਮਹਾਕਲੇਸ਼ ਹੀ ਨਿਕਲਿਆ।

ਬੀਤੇ ਦਿਨੀਂ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਕਲੇਸ਼ ਨੂੰ ਠੱਲ੍ਹਣ ਲਈ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਡਿਊਟੀ ਲਗਾਈ ਗਈ ਸੀ ਪਰ ਵੀਰਵਾਰ ਨੂੰ ਖਬਰ ਇਹ ਆਈ ਕਿ ਉਨ੍ਹਾਂ ਦੀ ਸਿਹਤ ਅਚਾਨਕ ਹੀ ਖ਼ਰਾਬ ਹੋ ਗਈ ਹੈ। ਇਸ ਸਭ ਤੋਂ ਬਾਅਦ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੇ ਘਰੇਲੂ ਕਲੇਸ਼ ਦੇ ਹੱਲ ਨੂੰ ਲੈ ਕੇ ਜਲਦੀ ਹੀ ਪੰਜਾਬ ਦੇ ਵਿਧਾਇਕਾਂ ਨਾਲ ਬੈਠਕ ਕਰ ਰਹੇ ਹਨ। ਸੂਤਰਾਂ ਮੁਤਾਬਕ ਰਾਹੁਲ ਗਾਂਧੀ ਵੱਖ-ਵੱਖ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ਅਤੇ ਸੂਬੇ ਦੇ ਮੌਜੂਦਾ ਹਾਲਾਤ ਬਾਰੇ ਫੀਡਬੈਕ ਲੈਣਗੇ।

ਕੀ ਹੁਣ ਲੱਗਣਗੀਆਂ ਕੈਪਟਨ ਦੀਆਂ ਸ਼ਿਕਾਇਤਾਂ ਅਤੇ ਮਿਲੇਗੀ ਕੈਪਟਨ ਨੂੰ ਸਜ਼ਾ?

ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕੈਪਟਨ ਤੋਂ ਨਾਰਾਜ਼ ਧੜੇ ਨੂੰ ਸਿੱਧੇ ਰੂਪ ਵਿੱਚ ਚੇਤੰਨ ਕਰਦੇ ਹੋਏ ਕਿਹਾ ਸੀ ਕਿ ਹਾਈਕਮਾਂਡ ਨੂੰ ਸਾਨੂੰ ਸਭ ਕੁਝ ਦੱਸ ਦੇਣਾ ਚਾਹੀਦਾ ਹੈ। ਸਿੱਧੂ ਨੇ ਆਪਣੇ ਇਸ ਟਵੀਟ ਵਿਚ ਲਿਖਿਆ ਕਿ;
2019 ਵਿਚ, ਮੈਂ ਪੰਜਾਬ ‘ਚ ਚੋਣ ਮੁਹਿੰਮ ਦਾ ਆਰੰਭ ਤੇ ਅੰਤ ਇੱਕੋ ਮੰਗ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਹੋਵੇ, ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਉਨ੍ਹਾਂ ਨੂੰ ਬਚਾਉਣ “ਵਾਲੇ” ਨੂੰ ਵੀ ਸਜ਼ਾ ਦਿੱਤੀ ਜਾਵੇ … ਹੁਣ, ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਣਯੋਗ ਹਾਈ ਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਮੈਂ ਲਗਾਤਾਰ ਦੱਸ ਰਿਹਾ ਹਾਂ !!

ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੀ ਲੰਮੀ ਲਿਸਟ ਬਣਾ ਰੱਖੀ ਹੈ ਉਨ੍ਹਾਂ ਦੇ ਨਾਲ-ਨਾਲ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਵਿਧਾਇਕ ਪਰਗਟ ਸਿੰਘ ਤਾਂ ਕੈਪਟਨ ਅਮਰਿੰਦਰ ਸਿੰਘ ‘ਤੇ ਇਹ ਇਲਜ਼ਾਮ ਵੀ ਲਗਾ ਚੁੱਕੇ ਹਨ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਏਜੰਸੀਆਂ ਕੋਲੋਂ ਜਾਂਚ ਕਰਵਾਉਣ ਦੀ ਧਮਕੀ ਮਿਲੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮਾਮੂਲੀ ਜਿਹੀ ਆਵਾਜ਼ ਚੁੱਕਣ ਵਾਲੇ ਚਰਨਜੀਤ ਸਿੰਘ ਚੰਨੀ ਦਾ ਵੀ ਮੀਟੂ ਵਾਲਾ ਕਈ ਸਾਲ ਪੁਰਾਣਾ ਮਾਮਲਾ ਦੁਬਾਰਾ ਖੁੱਲ੍ਹ ਗਿਆ ਹੈ। ਇਸ ਸਭ ਤੋਂ ਬਾਅਦ ਬੀਤੇ ਮੰਗਲਵਾਰ ਨੂੰ ਚਰਨਜੀਤ ਸਿੰਘ ਚੰਨੀ ਦੇ ਘਰ ’ਚ ਕੈਪਟਨ ਨਾਲ ਨਾਰਾਜ਼ ਚੱਲ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਇਸ ਬੈਠਕ ਵਿੱਚ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕਈ ਤਰ੍ਹਾਂ ਦੇ ਮਨਸੂਬੇ ਘੜੇ ਗਏ। ਇਸ ਤਰ੍ਹਾਂ ਇਹ ਸਾਰੇ ਆਗੂ ਹੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹੀ ਬੈਠੇ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਸਾਰੇ ਆਗੂਆਂ ਦੀ ਸ਼ਿਕਾਇਤਾਂ ਦੀ ਲਿਸਟ ਹਾਈਕਮਾਂਡ ਤੱਕ ਕਿਸ ਹੱਦ ਤਕ ਪਹੁੰਚਦੀ ਹੈ ਅਤੇ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਕੀ ਸਜਾ ਦਿੰਦੀ ਹੈ।