ਮੋਗਾ ਦਾ ਨੌਜਵਾਨ ਈਰਾਨ ‘ਚ ਅਗਵਾ , ਭਾਰਤੀ ਅੰਬੈਸੀ ਤੋਂ ਪਰਿਵਾਰ ਨਾਰਾਜ਼

ਮੋਗਾ- ਮੋਗਾ ਦੇ ਪਿੰਡ ਦੌਧਰ ਗਡ਼ਬੀ ਦੇ 34 ਸਾਲਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਨੂੰ ਈਰਾਨ ’ਚ ਅਗ਼ਵਾ ਕਰ ਲਿਆ ਗਿਆ ਹੈ। ਇਹ ਘਟਨਾ ਈਰਾਨ ਦੀ ਡਲਗਾਨ ਕਾਊਂਟੀ ’ਚ ਵਾਪਰੀ ਹੈ। ਮੋਗਾ ’ਚ ਰਹਿੰਦੇ ਦੁਖੀ ਪਰਿਵਾਰ ਨੇ ਹੁਣ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੇਣ ਦੀ ਮੰਗ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿੱਧੂ ਅੱਠ ਵਰ੍ਹੇ ਪਹਿਲਾਂ ਕਤਰ ਦੇ ਸ਼ਹਿਰ ਦੋਹਾ ’ਚ ਜਾ ਕੇ ਸੈਟਲ ਹੋ ਗਏ ਸਨ ਤੇ ਉੱਥੇ ਫਲ਼ਾਂ ਦੇ ਕਾਰੋਬਾਰ ਨਾਲ ਜੁਡ਼ੇ ਰਹੇ ਹਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਕਾਰੋਬਾਰੀ ਸਿਲਸਿਲੇ ’ਚ ਹੀ ਤਰਬੂਜ਼ਾਂ ਦੇ ਕੰਟੇਨਰ ਲੈਣ ਲਈ ਈਰਾਨ ਗਏ ਸਨ, ਜਿੱਥੇ ਉਨ੍ਹਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗ਼ਵਾ ਕਰ ਲਿਆ ਤੇ 10 ਲੱਖ ਭਾਰਤੀ ਰੁਪਇਆਂ ਦੀ ਫਿਰੌਤੀ ਮੰਗੀ। ਉਨ੍ਹਾਂ ਕੋਲੋਂ 3,000 ਯੂਰੋ ਦੀ ਨਕਦੀ, ਮੋਬਾਇਲ ਫ਼ੋਨ ਤੇ ਪਾਸਪੋਰਟ ਖੋਹ ਲਏ ਗਏ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਕੁੱਟਮਾਰ ਵੱਖਰੀ ਕੀਤੀ ਗਈ।

ਮਨਜਿੰਦਰ ਸਿੰਘ ਸਿੱਧੂ ਭਾਵੇਂ ਆਪਣੀ ਹਿੰਮਤ ਨਾਲ ਕਿਵੇਂ ਨਾ ਕਿਵੇਂ ਫਿਰੌਤੀ ਦੀ ਰਕਮ ਅਦਾ ਕਰ ਕੇ ਅਗ਼ਵਾਕਾਰਾਂ ਦੇ ਸ਼ਿਕੰਜੇ ’ਚੋਂ ਨਿੱਕਲਣ ਵਿੱਚ ਸਫ਼ਲ ਰਹੇ ਤੇ ਤਹਿਰਾਨ ਪੁੱਜ ਗਏ। ਪਰ ਉੱਥੇ ਮੌਜੂਦ ਭਾਰਤੀ ਸਫ਼ਾਰਤਖਾਨੇ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਣ ਲਈ ਕੋਈ ਮਦਦ ਨਹੀਂ ਕੀਤੀ ਜਾ ਰਹੀ।

ਉੱਧਰ ਮਨਜਿੰਦਰ ਸਿੰਘ ਦੀ 60 ਸਾਲਾ ਮਾਂ ਬਲਵਿੰਦਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਅਗ਼ਵਾਕਾਰਾਂ ਨੇ ਉਨ੍ਹਾਂ ਦੇ ਪੁੱਤਰ ਤੋਂ 20 ਲੱਖ ਭਾਰਤੀ ਰੁਪਏ ਮੰਗੇ ਸਨ ਪਰ ਆਖ਼ਰ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋ ਗਿਆ। ਪੰਜ ਮਈ, 2022 ਨੂੰ 50,000 ਦਰਹਮ ਨਕਦ ਉਨ੍ਹਾਂ ਅਗ਼ਵਾਕਾਰਾਂ ਨੂੰ ਦਿੱਤੇ ਗਏ। ਮਨਜਿੰਦਰ ਸਿੰਘ ਸਿੱਧੂ ਦੀ ਧੀ ਸੰਦੀਪ ਕੌਰ ਨੇ ਆਪਣੇ ਗਹਿਣੇ ਵੇਚ ਕੇ 5.88 ਲੱਖ ਰੁਪਏ ਇਕੱਠੇ ਕੀਤੇ ਤੇ ਬਾਕੀ ਦੀ ਰਕਮ ਦਾ ਵੀ ਇੱਧਰੋਂ-ਉੱਧਰੋਂ ਜੁਗਾਡ਼ ਕੀਤਾ ਗਿਆ।