ਅਮਰੀਕਾ ਦੀ ਬੋਸਟਨ ਮੈਰਾਥਨ ‘ਚ 2 ਪੰਜਾਬੀਆਂ ਨੇ ਗੱਡੇ ਝੰਡੇ

ਡੈਸਕ- ਅਮਰੀਕਾ ਦੇ ਬੋਸਟਨ ਵਿਖੇ ਹੋਈ 128ਵੀਂ ਬੋਸਟਨ ਮੈਰਾਥਨ ‘ਚ ਦੌੜ ਕੇ ਪੰਜਾਬ ਦੇ 2 ਪੁੱਤਾਂ ਨੇ ਸਫ਼ਲਤਾ ਦੇ ਝੰਡੇ ਗੱਡੇ ਹਨ। 42.2 ਕਿਲੋਮੀਟਰ ਦੀ ਇਸ ਮੈਰਾਥਨ ਨੂੰ ਦੋਵੇਂ ਪੰਜਾਬੀਆਂ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਨਿਵਾਸੀ ਪ੍ਰਿੰਸੀਪਲ ਸੁਨੀਲ ਸ਼ਰਮਾ ਨੇ 3 ਘੰਟੇ 18 ਮਿੰਟ ਅਤੇ ਪੰਜਾਬ ਪੁਲਿਸ ਲੁਧਿਆਣਾ ਦੇ ਏ. ਐੱਸ. ਆਈ. ਨਵਦੀਪ ਸਿੰਘ ਦਿਓਲ ਨੇ 3 ਘੰਟੇ 16 ਮਿੰਟ ਵਿਚ ਪੂਰਾ ਕਰਦਿਆਂ ਮੈਡਲ ਹਾਸਲ ਕੀਤੇ ਹਨ। ਜ਼ਿਕਰਯੋਗ ਹੈ ਕਿ 1897 ਈ. ਵਿਚ ਸ਼ੁਰੂ ਹੋਈ ਬੋਸਟਨ ਮੈਰਾਥਨ ਦੁਨੀਆ ਦੀ ਸਭ ਤੋਂ ਪੁਰਾਣੀ ਮੈਰਾਥਨ ਹੈ।

ਜੋ ਵਿਸ਼ਵ ਪੱਧਰੀ ਪ੍ਰਮੁੱਖ 6 ਮੈਰਾਥਨਾ ਵਿਚੋਂ ਇਕ ਹੈ। ਇਸ ‘ਚ ਹਰੇਕ ਸਾਲ ਵੱਡੀ ਗਿਣਤੀ ਦੌੜਾਕ ਦੁਨੀਆ ਭਰ ‘ਚੋਂ ਕੁਆਲੀਫਾਈ ਹੋਣ ਤੋਂ ਬਾਅਦ ਭਾਗ ਲੈਂਦੇ ਹਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੁਨੀਲ ਸ਼ਰਮਾ ਭੁਲੱਥ ਸ਼ਹਿਰ ਦੇ ਸ਼ਿਸ਼ੂ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਮਾਲਕ ਕ੍ਰਿਸ਼ਨ ਲਾਲ ਸ਼ਰਮਾ ਦੇ ਸਪੁੱਤਰ ਹਨ,

ਜੋ ਕਿ ਇਕ ਚੰਗੇ ਦੌੜਾਕ ਦ ਨਾਲ ਸਾਈਕਲਿੰਗ ਵੀ ਕਰਦੇ ਹਨ। ਗੱਲਬਾਤ ਕਰਦਿਆਂ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ 2 ਮੇਜਰ ਅੰਤਰਰਾਸ਼ਟਰੀ ਮੈਰਾਥਨ ਜਰਮਨ ਦੀ ਬਰਲਿਨ ਮੈਰਾਥਨ ਅਤੇ ਲੰਡਨ ਮੈਰਾਥਨ ਵਿਚ ਦੌੜ ਚੁੱਕਾ ਹੈ।