● On air now · ਟੀਵੀ ਪੰਜਾਬ

Punjabi News · Since 2013

Breaking

ਲੁਡੋ ਖੇਡਦੇ ਪੰਜਾਬੀ ਟਰੱਕ ਡ੍ਰਾਈਵਰ ਨੇ ਕਰਤਾ ਕਾਰਾ!

CANADA: ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਲਗਭਗ ਚਾਰ ਸਾਲ ਪਹਿਲਾਂ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਹਿਮ ਕਾਨੂੰਨੀ ਮੋੜ ਆਇਆ ਹੈ। ਪੰਜਾਬੀ ਮੂਲ ਦੇ 29 ਸਾਲਾ ਟਰੱਕ ਡਰਾਈਵਰ ਬਲਜੀਤ ਸਿੰਘ ਨੇ ਲੋਂਗੂਇਲ ਦੀ ਅਦਾਲਤ ਵਿੱਚ ਇਹ ਮੰਨ ਲਿਆ ਹੈ ਕਿ…


CANADA: ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਲਗਭਗ ਚਾਰ ਸਾਲ ਪਹਿਲਾਂ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਅਹਿਮ ਕਾਨੂੰਨੀ ਮੋੜ ਆਇਆ ਹੈ। ਪੰਜਾਬੀ ਮੂਲ ਦੇ 29 ਸਾਲਾ ਟਰੱਕ ਡਰਾਈਵਰ ਬਲਜੀਤ ਸਿੰਘ ਨੇ ਲੋਂਗੂਇਲ ਦੀ ਅਦਾਲਤ ਵਿੱਚ ਇਹ ਮੰਨ ਲਿਆ ਹੈ ਕਿ ਉਹ ਹਾਦਸੇ ਸਮੇਂ ਮੋਬਾਈਲ ‘ਤੇ ਲੂਡੋ ਖੇਡ ਰਿਹਾ ਸੀ। 19 ਜੁਲਾਈ 2022 ਦੀ ਰਾਤ ਨੂੰ ਬ੍ਰੋਸਾਰਡ ਦੇ ਹਾਈਵੇਅ 30 ‘ਤੇ ਵਾਪਰੇ ਇਸ ਭਿਆਨਕ ਹਾਦਸੇ ਵਿੱਚ 42 ਸਾਲਾ ਨੈਨਸੀ ਲੈਫਰੋਨ ਅਤੇ ਉਸਦੇ 11 ਸਾਲਾ ਪੁੱਤਰ ਲੋਇਕ ਸ਼ੇਵਾਲੀਅਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਅਦਾਲਤੀ ਕਾਰਵਾਈ ਦੌਰਾਨ ਸਾਹਮਣੇ ਆਇਆ ਕਿ ਬਲਜੀਤ ਸਿੰਘ ਆਪਣੇ 53 ਫੁੱਟ ਲੰਬੇ ਟਰੈਕਟਰ-ਟ੍ਰੇਲਰ ਨੂੰ ਚਲਾਉਂਦੇ ਹੋਏ ਲਗਾਤਾਰ ਫ਼ੋਨ ਦੀ ਵਰਤੋਂ ਕਰ ਰਿਹਾ ਸੀ।  ਫੋਰੈਂਸਿਕ ਰਿਪੋਰਟਾਂ ਨੇ ਇਸ ਕੇਸ ਵਿੱਚ ਹੈਰਾਨੀਜਨਕ ਖੁਲਾਸੇ ਕੀਤੇ ਹਨ। ਹਾਦਸੇ ਤੋਂ ਐਨ ਪਹਿਲਾਂ ਬਲਜੀਤ ਸਿੰਘ ਕੋਲ ਬ੍ਰੇਕ ਲਗਾਉਣ ਲਈ ਸਿਰਫ 0.35 ਸਕਿੰਟ ਦਾ ਸਮਾਂ ਸੀ, ਪਰ ਉਹ ਲੂਡੋ ਖੇਡਣ ਵਿੱਚ ਇੰਨਾ ਮਗਨ ਸੀ ਕਿ ਉਹ ਸੜਕ ‘ਤੇ ਹੌਲੀ ਹੋ ਰਹੀ ਆਵਾਜਾਈ ਨੂੰ ਦੇਖ ਹੀ ਨਹੀਂ ਸਕਿਆ। ਇਸ ਲਾਪਰਵਾਹੀ ਕਾਰਨ ਉਸਦਾ ਟਰੱਕ ਸੱਤ ਵਾਹਨਾਂ ਨਾਲ ਟਕਰਾ ਗਿਆ।

ਹਾਦਸੇ ਤੋਂ ਤੁਰੰਤ ਬਾਅਦ ਬਲਜੀਤ ਸਿੰਘ ਕੈਨੇਡਾ ਛੱਡ ਕੇ ਭਾਰਤ ਭੱਜ ਗਿਆ ਸੀ ਅਤੇ ਬਾਅਦ ਵਿੱਚ ਉਹ ਕੈਲੀਫੋਰਨੀਆ ਚਲਾ ਗਿਆ। ਅੰਤਰਰਾਸ਼ਟਰੀ ਵਾਰੰਟ ਜਾਰੀ ਹੋਣ ਤੋਂ ਬਾਅਦ, ਅਗਸਤ 2025 ਵਿੱਚ ਅਮਰੀਕੀ ਫੈਡਰਲ ਏਜੰਟਾਂ ਨੇ ਉਸਨੂੰ ਕੈਲੀਫੋਰਨੀਆ ਤੋਂ ਗ੍ਰਿਫਤਾਰ ਕੀਤਾ ਅਤੇ ਸਤੰਬਰ 2025 ਵਿੱਚ ਉਸਦੀ ਹਵਾਲਗੀ ਕੈਨੇਡਾ ਨੂੰ ਕਰ ਦਿੱਤੀ ਗਈ ਸੀ।  ਬਲਜੀਤ ਸਿੰਘ ਵੱਲੋਂ ਅਦਾਲਤ ਵਿੱਚ ਖ਼ਤਰਨਾਕ ਡ੍ਰਾਈਵਿੰਗ ਕਰਕੇ ਮੌਤ ਦਾ ਕਾਰਨ ਬਣਨ ਦਾ ਗੁਨਾਹ ਕਬੂਲ ਕਰਨ ਤੋਂ ਬਾਅਦ ਹੁਣ ਉਸਦੀ ਸਜ਼ਾ ਦਾ ਐਲਾਨ 4 ਜੂਨ 2026 ਨੂੰ ਕੀਤਾ ਜਾਵੇਗਾ। ਕਾਨੂੰਨੀ ਮਾਹਿਰਾਂ ਅਨੁਸਾਰ ਉਸਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਨੇ ਡੈਸ਼ਕੈਮ ਫੁਟੇਜ ਵਿੱਚ ਉਸਨੂੰ ਗੇਮ ਖੇਡਦੇ ਹੋਏ ਦੇਖਿਆ ਸੀ, ਜੋ ਕਿ ਇਸ ਮਾਮਲੇ ਵਿੱਚ ਸਭ ਤੋਂ ਵੱਡਾ ਸਬੂਤ ਸਾਬਤ ਹੋਇਆ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਸੜਕ ਸੁਰੱਖਿਆ ਅਤੇ ਟਰੱਕ ਡਰਾਈਵਰਾਂ ਦੁਆਰਾ ਮੋਬਾਈਲ ਦੀ ਵਰਤੋਂ ਨੂੰ ਲੈ ਕੇ ਇੱਕ ਵੱਡੀ ਬਹਿਸ ਛੇੜ ਦਿੱਤੀ ਹੈ।


Filed under