ਜੰਗਲਾਂ ’ਚ ਅੱਗ ਲਾਉਣ ਦੇ ਦੋਸ਼ ’ਚ ਕਿਊਬਕ ’ਚ ਵਿਅਕਤੀ ਗਿ੍ਰਫ਼ਤਾਰ

Quebec City- ਕਿਊਬਿਕ ਪ੍ਰੋਵਿੰਸ਼ੀਅਲ ਪੁਲਿਸ ਨੇ ਪ੍ਰਾਂਤ ਦੇ ਉੱਤਰ ’ਚ ਇਨ੍ਹਾਂ ਗਰਮੀਆਂ ਦੀ ਸ਼ੁਰੂਆਤ ’ਚ ਕਈ ਜੰਗਲਾਂ ’ਚ ਅੱਗ ਲੱਗਣ ਦੇ ਸਿਲਸਿਲੇ ’ਚ ਅੱਗ ਲਗਾਉਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਉਕਤ ਵਿਅਕਤੀ ਨੂੰ ਅੱਜ ਵੀਡਿਓ ਕਾਨਫਰੰਸ ਰਾਹੀਂ ਰੋਬਰਵਾਲ ਦੀ ਇੱਕ ਅਦਾਲਤ ’ਚ ਅੱਗਜ਼ਨੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਪੇਸ਼ ਕੀਤਾ ਗਿਆ।
ਕਿਊਬਕ ਦੇ ਚਿਬੂਗਾਮਾੳ ਦੇ ਰਹਿਣ ਵਾਲੇ ਉਕਤ ਵਿਅਕਤੀ ਨੂੰ ਸੂਬਾਈ ਪੁਲਿਸ ਦੀ ਮੁੱਖ ਅਪਰਾਧ ਯੂਨਿਟ ਦੇ ਮੈਂਬਰਾਂ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ। ਚਿਬੂਗਾਮਾਉ ਦੇ ਮੇਅਰ ਮੈਨਨ ਸਾਇਰ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ’ਤੇ ਛੋਟੀਆਂ ਅੱਗਾਂ ਦੀ ਇੱਕ ਲੜੀ ਸ਼ੁਰੂ ਕੀਤੀ ਸੀ ਜਿਸ ’ਤੇ ਫਾਇਰਫਾਈਟਰਾਂ ਨੇ ਜਲਦੀ ਹੀ ਕਾਬੂ ਪਾ ਲਿਆ।
ਦੱਸਣਯੋਗ ਹੈ ਕਿ ਕਿਊਬਿਕ ’ਚ ਇਸ ਸਾਲ ਜੰਗਲ ਦੀ ਅੱਗ ਦਾ ਇੱਕ ਬੇਮਿਸਾਲ ਸੀਜ਼ਨ ਰਿਹਾ, ਜਿਸ ’ਚ ਲਗਭਗ 15,000 ਵਰਗ ਕਿਲੋਮੀਟਰ ਖੇਤਰ ਸੜ ਕੇ ਸੁਆਹ ਹੋ ਗਿਆ ਸੀ। ਚਿਬੋਗਾਮਾਉ ਦੇ 7,500 ਵਸਨੀਕਾਂ ਨੂੰ ਅੱਗ ਅਤੇ ਹਵਾ ਦੀ ਮਾੜੀ ਸਥਿਤੀ ਕਾਰਨ ਅਸਥਾਈ ਤੌਰ ’ਤੇ ਆਪਣੇ ਘਰਾਂ ਤੋਂ ਜਾਣ ਲਈ ਮਜਬੂਰ ਹੋਣਾ ਪਿਆ ਸੀ।