ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ 40 ਦਿਨਾਂ ਦੀ ਮਿਲੀ ਪੈਰੋਲ

ਰੋਹਤਕ – ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੀਵਾਲੀ ਤੋਂ ਪਹਿਲਾਂ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਡੇਰਾ ਮੁਖੀ ਨੂੰ ਪੈਰੋਲ ਮਿਲਣ ‘ਤੇ ਡੇਰਾ ਸ਼ਰਧਾਲੂਆਂ ਲਈ ਇਹ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ। ਇਸ ਸਮੇਂ ਡੇਰਾ ਮੁਖੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ।ਇਸ ਵਾਰ 24 ਅਕਤੂਬਰ ਦੀ ਦੀਵਾਲੀ ਦਾ ਤਿਉਹਾਰ ਡੇਰਾ ਸ਼ਰਧਾਲੂਆਂ ਲਈ ਖਾਸ ਹੋਵੇਗਾ। ਉਧਰ, ਡੇਰੇ ਦੇ ਬੁਲਾਰੇ ਜਤਿੰਦਰ ਇੰਸਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਈਵੈਂਟ ਜਿਵੇਂ 23 ਸਤੰਬਰ ਹੈ ਜਾਂ ਕੋਈ ਭੰਡਾਰਾ ਆਉਂਦਾ ਹੈ ਤਾਂ ਸਾਧ-ਸੰਗਤ ਨੂੰ ਇੱਛਾ ਹੁੰਦੀ ਹੈ ਕਿ ਗੁਰੂ ਜੀ ਉਸ ਮੌਕੇ ਉਨ੍ਹਾਂ ਵਿਚਕਾਰ ਹੋਣ। ਇਸ ਵਾਰ ਸੰਗਤਾਂ ਦੀ ਇੱਛਾ ਪੂਰੀ ਹੋ ਗਈ ਹੈ।ਹੁਣ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਰਾਜਸਥਾਨ ਦੇ ਕਿਸੇ ਆਸ਼ਰਮ ਵਿੱਚ ਲਿਜਾਇਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਦੇ ਬਾਹਰ ਆਉਣ ਨੂੰ ਲੈ ਕੇ ਵੀਰਵਾਰ ਨੂੰ ਦਿਨ ਭਰ ਪ੍ਰਸ਼ਾਸਨ ਚੌਕਸ ਰਿਹਾ।

12 ਮਈ 2021 ਨੂੰ ਸਿਹਤ ਖਰਾਬ ਹੋਣ ਕਾਰਨ ਡੇਰਾ ਮੁਖੀ ਨੂੰ ਇਲਾਜ ਲਈ ਪੀਜੀਆਈ ਲਿਆਂਦਾ ਗਿਆ।17 ਮਈ 2021ਨੂੰ ਡੇਰਾ ਮੁਖੀ ਨੂੰ ਉਸਦੀ ਮਾਂ ਨੂੰ ਮਿਲਣ ਲਈ ਇੱਕ ਦਿਨ ਲਈ ਪੈਰੋਲ ਮਿਲੀ। 3 ਜੂਨ 2021 ਨੂੰ ਡੇਰਾ ਮੁਖੀ ਨੂੰ ਇਲਾਜ ਲਈ ਪੀਜੀਆਈਐੱਮਐੱਸ ਲਿਆਂਦਾ ਗਿਆ। ਇਸ ਤੋਂ ਬਾਅਦ 8 ਜੂਨ 2021ਨੂੰ ਉਸ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਆਂਦਾ ਗਿਆ। 9 ਅਗਸਤ 2021 ਨੂੰ ਡੇਰਾ ਮੁਖੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ਲਿਆਂਦਾ ਗਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਮਿਲੀ। ਇਸ ਸਮੇ ਦੌਰਾਨ ਉਹ ਗੁਰੂਗ੍ਰਾਮ ਆਸ਼ਰਮ ਵਿੱਚ ਰਹੇ। ਇਸ ਸਮੇਂ ਦੌਰਾਨ ਉਸ ਕੁਝ ਖਾਸ ਤੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲੇ ਸਨ। ਇਸ ਤੋਂ ਬਾਅਦ 17 ਜੂਨ 2022 ਨੂੰ ਮੁਡ਼ 30 ਦਿਨਾਂ ਦੀ ਪੈਰੋਲ ਮਿਲੀ, ਜਿਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ’ਚ ਰੁਕਿਆ। ਇਸ ਦੌਰਾਨ ਉਹ ਕਈ ਵਾਰ ਸੋਸ਼ਲ ਮੀਡੀਆ ’ਤੇ ਡੇਰਾ ਪੈਰੋਕਾਰਾਂ ਨਾਲ ਲਾਈਵ ਵੀ ਹੋਇਆ। ਸਤਿਸੰਗ ਦੌਰਾਨ ਡੇਰਾ ਮੁਖੀ ਨੇ ਇਕ ਐਲਬਮ ਵੀ ਜਾਰੀ ਕੀਤੀ ਸੀ, ਜਿਸ ਨੂੰ ਹੁਣ ਤਕ 78 ਲੱਖ ਲੋਕ ਸੁਣ ਚੁੱਕੇ ਹਨ। ਕੁਲ ਮਿਲਾ ਕੇ ਹੁਣ ਤਕ ਡੇਰਾ ਮੁਖੀ ਨੂੰ ਸੱਤ ਵਾਰ ਪੈਰੋਲ ਮਿਲ ਚੁੱਕੀ ਹੈ। ਉਧਰ, ਪੈਰੋਲ ਖਤਮ ਹੋਣ ’ਤੇ ਡੇਰਾ ਮੁਖੀ ਦੇ ਸੁਨਾਰੀਆ ਵਾਪਸ ਜਾਣ ਦੇ 77 ਦਿਨਾਂ ਬਾਅਦ ਹਾਲਾਤ ਬਦਲ ਚੁੱਕੇ ਹਨ। ਉਸ ਦੀਆਂ ਦੋਵੇਂ ਧੀਆਂ ਅਮਰਪ੍ਰੀਤ, ਚਰਨਪ੍ਰੀਤ ਤੇ ਬੇਟਾ ਜਸਮੀਤ ਵਿਦੇਸ਼ ਜਾ ਚੁੱਕੇ ਹਨ।