ਜੈੱਡ ਸੁਰੱਖਿਆ ਨਾਲ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਮਿਲੀ ਪੈਰੋਲ

ਰੋਹਤਕ – ਬਲਾਤਕਾਰ ਅਤੇ ਕਤਲ ਜਿਹੇ ਸੰਗੀਨ ਜੁਰਮਾਂ ਹੇਠ ਹਰਿਆਣਾ ਦੇ ਰੋਹਤਕ ਵਿੱਚ ਸੁਨਾਰੀਆ ਜੇਲ੍ਹ ਅੰਦਰ ਬੰਦ ਵਿਵਾਦਿਤ ਡੇਰਾ ਮੁਖ਼ੀ ਰਾਮ ਰਹੀਮ ਨੂੰ ਹੁਣ ਹਰਿਆਣਾ ਸਰਕਾਰ ਵੱਲੋਂ ਇਕ ਮਹੀਨੇ ਦੀ ਪੈਰੋਲ ’ਤੇ ਰਿਹਾ ਕੀਤਾ ਗਿਆ ਹੈ।

ਇਹ ਪਹਿਲੀ ਵਾਰ ਹੈ ਕਿ ਰਾਮ ਰਹੀਮ ਨੂੰ ਪੈਰੋਲ ’ਤੇ ਰਿਹਾ ਕੀਤਾ ਗਿਆ ਹੈ। ਇਸ ਦੌਰਾਨ ਉਹ ਉੱਤਰ ਪ੍ਰਦੇਸ਼ ਵਿੱਚ ਬਾਗਪਤ ਸਥਿਤ ਆਪਣੇ ਡੇਰੇ ਵਿਖ਼ੇ ਰਹੇਗਾ।

ਪੈਰੋਲ ਮਨਜ਼ੂਰੀ ਦੀ ਭਿਣਕ ਨਹੀਂ ਲੱਗਣ ਦਿੱਤੀ ਗਈ ਅਤੇ ਅੱਜ ਸਵੇਰੇ 7 ਵਜੇ ਸੁਨਾਰੀਆ ਜੇਲ੍ਹ ਤੋਂ ਕੱਢ ਕੇ ਭਾਰੀ ਸੁਰੱਖ਼ਿਆ ਹੇਠ ਉਸਨੂੰ ਬਾਗਪਤ ਸਥਿਤ ਡੇਰੇ ਵਿਖ਼ੇ ਪੁਚਾਇਆ ਗਿਆ।

ਪੈਰੋਲ ਦੌਰਾਨ ਉਸਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖ਼ਿਆ ਮੁਹੱਈਆ ਕਰਵਾਈ ਗਈ ਹੈੇ।

ਯਾਦ ਰਹੇ ਕਿ ਰਾਮ ਰਹੀਮ ਪਹਿਲਾਂ ਫ਼ਰਵਰੀ 2022 ਵਿੱਚ 21 ਦਿਨ ਦੀ ਫ਼ਰਲੋ ’ਤੇ ਜੇਲ੍ਹਤੋਂ ਬਾਹਰ ਆਇਆ ਸੀ ਜਿਸ ਦੌਰਾਨ ਉਹ ਆਪਣੇ ਗੁਰੂਗ੍ਰਾਮ ਵਾਲੇ ਫ਼ਾਰਮ ਹਾਊਸ ’ਤੇ ਰਿਹਾ ਸੀ। ਇਸ ਤੋਂ ਪਹਿਲਾਂ ਉਸਨੂੰ ਗੁੜਗਾਉਂ ਦੇ ਇਕ ਹਸਪਤਾਲ ਵਿੱਚ ਦਾਖ਼ਲ ਆਪਣੀ ਮਾਤਾ ਨੂੰ ਮਿਲਾਉਣ ਲਈ ਇਥ ਦਿਨ ਦੀ ਪੈਰੋਲ ’ਤੇ ਲਿਜਾਇਆ ਗਿਆ ਸੀ।

ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਉਸਨੂੰ ਫ਼ਰਲੋ ’ਤੇ ਰਿਹਾ ਕਰਨ ਸੰਬੰਧੀ ਭਾਜਪਾ ’ਤੇ ਚੋਣਾਂ ਵਿੱਚ ਲਾਹਾ ਲੈਣ ਲਈ ਉਸਨੂੰ ਫ਼ਰਲੋ ਦੀ ਇਜਾਜ਼ਤ ਦਿਵਾਉਣ ਦੇ ਦੋਸ਼ ਵਿਰੋਧੀ ਧਿਰਾਂ ਨੇ ਲਗਾਏ ਸਨ ਪਰ ਭਾਜਪਾ ਦਾ ਕਹਿਣਾ ਸੀ ਕਿ ਫ਼ਰਲੋ ਅਤੇ ਪੈਰੋਲ ਕਿਸੇ ਵੀ ਕੈਦੀ ਦਾ ਕਾਨੂੰਨੀ ਹੱਕ ਹਨ ਅਤੇ ਸਾਰਾ ਕੁਝ ਕਾਨੂੰਨ ਅਨੁਸਾਰ ਹੀ ਹੋਇਆ ਹੈ।

ਰਾਮ ਰਹੀਮ 2002 ਵਿੱਚ ਵਾਪਰੇ ਆਪਣੇ ਮੈਨੇਜਰ ਦੇ ਕਤਲ ਕਾਂਡ ਅਤੇ 2017 ਵਿੱਚ ਆਪਣੀਆਂ ਦੋ ਚੇਲੀਆਂ ਨਾਲ ਬਲਾਤਕਾਰ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਉਹ 2017 ਤੋਂ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ।

2019 ਵਿੱਚ ਰਾਮ ਰਹੀਮ ਨੇ ਆਪਣੇ ਸਿਰਸਾ ਸਥਿਤ ਡੇਰੇ ਲਾਗਲੇ ਖ਼ੇਤਾਂ ਵਿੱਚ ਖ਼ੇਤੀ ਕਰਨ ਲਈ 42 ਦਿਨ ਦੀ ਪੈਰੋਲ ਮੰਗੀ ਸੀ ਪਰ ਉਸਦੀ ਇਸ ਸੰਬੰਧੀ ਅਰਜ਼ੀ ਦਾ ਵਿਰੋਧੀ ਪਾਰਟੀਆਂ ਵੱਲੋਂ ਭਾਰੀ ਵਿਰੋਧ ਕੀਤੇ ਜਾਣ ਕਰਕੇ ਸਰਕਾਰ ਨੇ ਇਸ ਤੋਂ ਪੈਰ ਪਿਛਾਂਹ ਖਿੱਚ ਲਏ ਸਨ ਅਤੇ ਪੈਰੋਲ ਨੂੰ ਨਾਂਹ ਹੋ ਗਈ ਸੀ।