ਇਸ ਹਫ਼ਤੇ ਹੋਵੇਗੀ ਟਰੂਡੋ ਕੈਬਨਿਟ ਦੀ ਬੈਠਕ, ਰਿਹਾਇਸ਼ੀ ਸੰਕਟ ਦੇ ਮੁੱਦੇ ਚਰਚਾ ਦੀ ਪੂਰੀ ਸੰਭਾਵਨਾ

Ottawa- ਕੈਨੇਡਾ ਦੇ ਲੋਕਾਂ ’ਚ ਆਰਥਿਕ ਸੁਰੱਖਿਆ ਦੀ ਭਾਵਨਾ ਅਤੇ ਆਪਣੀ ਦੀ ਸਰਕਾਰ ’ਚ ਉਨ੍ਹਾਂ ਦੇ ਵਿਸ਼ਵਾਸ ਨੂੰ ਬਹਾਲ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਹਫ਼ਤੇ ਪਿ੍ਰੰਸ ਐਡਵਰਡ ਆਈਲੈਂਡ ਦੀ ਰਾਜਧਾਨੀ ਸ਼ਾਰਲੋਟਟਾਊਨ ’ਚ ਚੱਲਣ ਵਾਲੀ ਤਿੰਨ ਦਿਨਾਂ ਰਿਟਰੀਟ (ਕੈਬਨਿਟ ਦੀ ਬੈਠਕ) ’ਚ ਆਪਣੇ ਮੰਤਰੀ ਮੰਡਲ ਨੂੰ ਇੱਕ ਨਵਾਂ ਮਿਸ਼ਨ ਦੇਣ ਲਈ ਤਿਆਰ ਹਨ।
ਕੈਬਨਿਟ ਦੀ ਇਹ ਬੈਠਕ ਪਿਛਲੇ ਮਹੀਨੇ ਜੁਲਾਈ ’ਚ ਹੋਏ ਵੱਡੇ ਫੇਰਬਦਲ ਮਗਰੋਂ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਵਲੋਂ ਆਪਣੇ ਮੰਤਰੀ ਮੰਡਲ ’ਚ 38 ’ਚੋਂ 7 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ।
ਕੈਬਟਿਨ ਦੀ ਇਸ ਬੈਠਕ ’ਚ ਇਸ ਵਾਰ ਕੈਨੇਡਾ ’ਚ ਚੱਲ ਰਹੇ ਰਿਹਾਇਸ਼ੀ ਸੰਕਟ ’ਤੇ ਚਰਚਾ ਹੋਣ ਦੀ ਪੂਰੀ ਸੰਭਾਵਨਾ ਹੈ, ਕਿਉਂਕਿ ਇਹ ਮਸਲਾ ਕੈਨੇਡਾ ’ਚ ਇਸ ਵੇਲੇ ਇੱਕ ਵੱਡਾ ਸੰਕਟ ਬਣਦਾ ਜਾ ਰਿਹਾ ਹੈ। ਹਾਊਸਿੰਗ ਬਾਰੇ ਇੱਕ ਤਾਜ਼ਾ ਰਿਪੋਰਟ ਦੇ ਲੇਖਕ ਵੀ ਸ਼ਾਰਲੋਟਟਾਊਨ ’ਚ ਹੋਣਗੇ, ਜਿਹੜੇ ਕਿ ਇਸ ਸੰਕਟ ਬਾਰੇ ਆਪਣੀਆਂ ਖੋਜਾਂ ਅਤੇ ਇਸ ਨੂੰ ਦੂਰ ਕਰਨ ਦੇ ਤਰੀਕਿਆਂ ਸੰਬੰਧੀ ਮੰਤਰੀਆਂ ਨੂੰ ਜਾਣਕਾਰੀ ਦੇਣਗੇ।
ਇਸ ਦੇ ਨਾਲ ਹੀ ਮੰਤਰੀ ਜਨਰੇਸ਼ਨ ਸਕਿਊਜ਼ ਥਿੰਕ ਟੈਂਕ ਦੇ ਸੰਸਥਾਪਕ ਤੋਂ ਉਨ੍ਹਾਂ ਨੌਜਵਾਨ ਕੈਨੇਡੀਅਨਾਂ ਦੀ ਮਦਦ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਲੈਣਗੇ, ਜਿਹੜੇ ਕਿ ਕੀਮਤਾਂ ਵਧਣ ਕਾਰਨ ਆਰਥਿਕ ਨਿਰਾਸ਼ਾ ਮਹਿਸੂਸ ਕਰ ਰਹੇ ਹਨ।
ਦੱਸ ਦਈਏ ਕਿ ਕੈਬਨਿਟ ਦੀ ਇਹ ਬੈਠਕ ਅਜਿਹੇ ਸਮੇਂ ’ਤੇ ਹੋਣ ਜਾ ਰਹੀ ਹੈ ਕਿ ਜਦੋਂਕਿ ਲਿਬਰਲਾਂ ਦੀ ਵੋਟ ਗਿਣਤੀ ਦੇਸ਼ ’ਚ ਲਗਾਤਾਰ ਘੱਟਦੀ ਜਾ ਰਹੀ ਹੈ। ਕੋਰੋਨਾ ਮਹਾਂਮਾਰੀ ਅਤੇ ਮਹਿੰਗਾਈ ਦੇ ਝੰਬੇ ਹੋਏ ਕੈਨੇਡੀਅਨਾਂ ਦਾ ਝੁਕਾਅ ਹੁਣ ਲਿਬਰਲਾਂ ਦੇ ਬਜਾਏ ਪਿਏਰੇ ਪੋਲੀਵਰੇ ਦੀ ਕੰਜ਼ਰਵੇਟਿਵ ਪਾਰਟੀ ਵੱਲ ਵਧਦਾ ਜਾ ਰਿਹਾ ਹੈ।
ਇਸ ਸੰਬੰਧ ’ਚ ਲਿਬਰਲ ਰਣਨੀਤੀਕਾਰ ਅਤੇ ਬਲੂਸਕਾਈ ਸਟ੍ਰੈਟਰਜੀ ਗਰੁੱਪ ਦੇ ਸਹਿ-ਸੰਸਥਾਪਕ ਸੁਸਾਨ ਸਮਿਥ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਪੋਈਲਿਵਰੇ ਨੇ ਕੁਝ ਇਲਾਕਿਆਂ ’ਚ ਆਪਣੀ ਪਕੜ ਬਣ ਲਈ ਹੈ ਅਤੇ ਮੈਨੂੰ ਲੱਗਦਾ ਹੈ ਕਿ ਹੁਣ ਲਿਬਰਲਾਂ ਨੂੰ ਜਵਾਬੀ ਹਮਲਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਤੱਥ ’ਤੇ ਧਿਆਨ ਦੇਣਾ ਪਏਗਾ ਕਿ ਲਿਬਰਲਾਂ ਦੇ ਪਹਿਲੀ ਵਾਰ ਸੱਤਾ ’ਚ ਆਉਣ ਮਗਰੋਂ ਕੈਨੇਡਾ ਦੀ ਆਰਥਿਕ ਸਥਿਤੀ ’ਚ ਬਦਲਾਅ ਆਇਆ ਹੈ। ਉਨ੍ਹਾਂ ਕਿਹਾ, ‘‘ਆਰਥਿਕਤਾ ਅਸਲੀਅਤ ਨਾਟਕੀ ਢੰਗ ਨਾਲ ਬਦਲ ਗਈ ਹੈ।’’
ਦੱਸ ਦਈਏ ਕਿ ਮੰਤਰੀ 18 ਸਤੰਬਰ ਨੂੰ ਹਾਊਸ ਆਫ਼ ਕਾਮਨਜ਼ ’ਚ ਜਾਣਗੇ।