ਨੋਵਾ ਸਕੋਸ਼ੀਆ ਵਿਖੇ ਹੜ੍ਹ ਦੇ ਪਾਣੀ ’ਚੋਂ ਮਿਲੀਆਂ ਦੋ ਬੱਚਿਆਂ ਦੀਆਂ ਲਾਸ਼ਾਂ

Halifax- ਨੋਵਾ ਸਕੋਸ਼ੀਆ ਆਰ. ਸੀ. ਐਮ. ਪੀ. ਨੇ ਅੱਜ ਦੱਸਿਆ ਕਿ ਉਨ੍ਹਾਂ ਨੂੰ ਹੜ੍ਹ ਦੇ ਪਾਣੀ ’ਚੋਂ ਦੋ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਸਨ। ਇਹ ਦੋਵੇਂ ਬੱਚੇ ਬੀਤੇ ਦਿਨੀਂ ਹੜ੍ਹ ਦੇ ਪਾਣੀ ’ਚ ਲਾਪਤਾ ਗਏ ਸਨ।। ਪੁਲਿਸ ਨੇ ਦੱਸਿਆ ਕਿ ਇੱਕ ਬੱਚੇ ਦੀ ਲਾਸ਼ ਬੀਤੇ ਕੱਲ੍ਹ ਅਤੇ ਇੱਕ ਦੀ ਲਾਸ਼ ਸਥਾਨਕ ਸਮੇਂ ਅਨੁਾਸਰ ਅੱਜ ਸਵੇਰੇ ਕਰੀਬ 10.45 ਵਜੇ ਬਰੁੱਕਲਿਨ ’ਚ ਮਿਲੀ। ਦੋਵੇਂ ਬੱਚੇ ਬੀਤੇ ਸ਼ਨੀਵਾਰ ਨੂੰ ਉਸ ਵੇਲੇ ਲਾਪਤਾ ਹੋ ਗਏ ਸਨ, ਜਦੋਂ ਉਨ੍ਹਾਂ ਦਾ ਵਾਹਨ ਬਰੁੱਕਲਿਨ ਨੇੜੇ ਹੜ੍ਹ ਦੇ ਪਾਣੀ ’ਚ ਫਸ ਗਿਆ ਸੀ। ਇਸ ਇਲਾਕੇ ’ਚ ਇਨ੍ਹਾਂ ਦੋਹਾਂ ਬੱਚਿਆਂ ਤੋਂ ਇਲਾਵਾ ਦੋ ਹੋਰ ਲੋਕ ਵੀ ਹੜ੍ਹ ਦੇ ਪਾਣੀ ’ਚ ਲਾਪਤਾ ਹੋਏ ਗਨ, ਜਿਨ੍ਹਾਂ ’ਚੋਂ ਇੱਕ 52 ਸਾਲਾ ਵਿਅਕਤੀ ਦੀ ਲਾਸ਼ ਕੱਲ੍ਹ ਮਿਲੀ ਸੀ। ਹਾਲਾਂਕਿ ਲਾਪਤਾ ਹੋਏ ਨੌਜਵਾਨ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਾਰਜੈਂਟ ਰਾਬ ਫਰੀਜ਼ੈੱਲ ਨੇ ਦੱਸਿਆ ਕਿ ਪੀੜਤ ਆਪਣੇ ਘਰ ਛੱਡ ਕੇ ਕਿਸੇ ਸੁਰੱਖਿਅਤ ਥਾਂ ’ਤੇ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਇਸੇ ਦੌਰਾਨ ਉਹ ਭਾਰੀ ਮੀਂਹ ਅਤੇ ਤੂਫ਼ਾਨ ਦੀ ਲਪੇਟ ’ਚ ਆ ਗਏ। ਉੱਧਰ ਇਸ ਹਾਦਸੇ ’ਤੇ ਸੂਬੇ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।