ਜਾਖੜ ਤੋਂ ਬਾਅਦ ਹੁਣ ਮਨਪ੍ਰੀਤ ਬਾਦਲ ਦੀ ਵਾਰੀ , ਜੈਜੀਤ ਜੌਹਲ ਨੇ ਹਾਈਕਮਾਨ ਖਿਲਾਫ ਕੱਢੀ ਭੜਾਸ

ਜਲੰਧਰ- ਪਿਛਲੇ ਕੁੱਝ ਸਮੇਂ ਚ ਕਾਂਗਰਸ ਦੀ ਕਈ ਵੱਡੇ ਚਿਹਰੇ ਪਾਰਟੀ ਛੱਡ ਗਏ ਅਤੇ ਕੁੱਝ ਛੱਡਣ ਦੀ ਕਤਾਰ ਚ ਹਨ ।ਜ਼ਿਆਦਾਤਰ ਲੋਕਾਂ ਦੀ ਜ਼ੁਬਾਨ ‘ਤੇ ਨਵਜੋਤ ਸਿੱਧੂ ਦਾ ਹੀ ਨਾਂ ਹੈ ਪਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੰਦਰ ਹੀ ਅੰਦਰ ਭਖੀ ਬੈਠੇ ਹਨ ।ਮਨਪ੍ਰੀਤ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਨੇ ਟਵੀਟ ਕਰ ਜਾਖੜ ਦੇ ਸਹਾਰੇ ਆਪਣੀ ਭੜਾਸ ਕੱਢੀ ਹੈ । ਜੌਹਲ ਦੇ ਨਿਸ਼ਾਨੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਹਨ ।

ਸਾਬਕਾ ਕਾਂਗਰਸ ਪ੍ਰਧਾਨ ਅਤੇ ਐੱਮ.ਪੀ ਸੁਨੀਲ ਜਾਖੜ ਨੂੰ ਨੋਟਿਸ ਦੇਣ ਦੇ ਮੁੱਦੇ ‘ਤੇ ਜੌਹਲ ਨੇ ਕਾਂਗਰਸ ਨੂੰ ਘੇਰਿਆ ਹੈ । ਗਾਂਧੀ ਪਰਿਵਾਰ ਨੂੰ ਟੈਗ ਕੀਤੇ ਗਏ ਇਸ ਟਵੀਟ ਚ ਜੌਹਲ ਨੇ ਕਾਂਗਰਸ ਹਾਈਕਮਾਨ ਦੀ ਕਾਰਜ਼ ਪ੍ਰਣਾਲੀ ‘ਤੇ ਸਵਾਲ ਚੁੱਕੇ ਹਨ ।ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਉਮੀਦਵਾਰਾਂ ਖਿਲਾਫ ਬੋਲਣ ਵਾਲਿਆਂ ਨੂੰ ਪੰਜਾਬ ਚ ਅਹੁਦੇ ਮਿਲ ਰਹੇ ਹਨ ਅਤੇ ਕਾਂਗਰਸ ਦੇ ਇਮਾਨਦਾਰ ਨੇਤਾਵਾਂ ਨੂੰ ਨੋਟਿਸ ਭੇਜ ਦਿੱਤਾ ਜਾਂਦਾ ਹੈ ।ਜੌਹਲ ਨੇ ਕਿਹਾ ਕਿ ਜੇਕਰ ਅਜਿਹਾ ਹੀ ਹੋਣਾ ਹੈ ਤਾਂ ਹਰ ਕਿਸੇ ਨੂੰ ਖਿਲਾਫ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ । ਹੋ ਸਕਦਾ ਹੈ ਕਿ ਹੁਣ ਮੇਰੇ ਬੋਲਣ ‘ਤੇ ਮੈਨੂੰ ਵੀ ਕਿਸੇ ਵੱਡੇ ਅਹੁਦੇ ਨਾਲ ਨਵਾਜ਼ ਦਿੱਤਾ ਜਾਵੇ ।

ਜੌਹਲ ਨੇ ਇਲਜ਼ਾਮ ਲਗਾਇਆਂ ਕਿ ਵਿਧਾਨ ਸਭਾ ਚੋਣਾ ਦੌਰਾਨ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਕ ਖਿਲ਼ਾਫ ਲੋਕਾਂ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ । ਠੀਕ ਇਸੇ ਤਰ੍ਹਾਂ ਦੀ ਅਪੀਲ ਦੀ ਇਕ ਆਡੀਓ ਆਸ਼ੂ ਵਲੋਂ ਵੀ ਜਾਰੀ ਕੀਤੀ ਗਈ ਸੀ ।ਪਾਰਟੀ ਨੂੰ ਜਿੱਥੇ ਇਨ੍ਹਾਂ ਖਿਲਾਫ ਐਕਸ਼ਨ ਲੈਣਾ ਚਾਹੀਦਾ ਸੀ । ਉਲਟਾ ਉਨ੍ਹਾਂ ਨੂੰ ਵੱਡੇ ਅਹੁਦੇ ਦੇ ਦਿੱਤੇ ਗਏ ।

ਜੈਜੀਤ ਜੌਹਲ ਨੇ ਟਵੀਟ ਤੋਂ ਬਾਅਦ ਕਾਂਗਰਸ ਚ ਹਲਚਲ ਪੈਦਾ ਹੋਣੀ ਸ਼ੁਰੂ ਹੋ ਗਈ ਹੈ ।ਇਸ ਤੋਂ ਪਹਿਲਾਂ ਕਾਂਗਰਸ ਦੀ ਸਾਬਕਾ ਬੁਲਾਰਾ ਨਮੀਸ਼ਾ ਮਹਿਤਾ ਨੇ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖਿਲਾਫ ਭੜਾਸ ਕੱਢੀ ਹੈ । ਨਮੀਸ਼ਾ ਚੋਣਾਂ ਦੌਰਾਨ ਕਾਂਗਰਸ ਛੱਡ ਕੇ ਭਾਜਪਾ ਚ ਸ਼ਾਮਿਲ ਹੋ ਗਏ ਸਨ ।