IND vs PAK : ਰੋਮਾਂਚਕ ਜਿੱਤ ‘ਤੇ ਰੋਹਿਤ ਸ਼ਰਮਾ ਦਾ ਵੱਡਾ ਬਿਆਨ, ਕਿਹਾ- ਮਜ਼ਾ ਆਉਂਦਾ ਹੈ ਅਜਿਹੇ ਮੈਚਾਂ ‘ਚ

India vs Pakistan Asia Cup 2022: ਏਸ਼ੀਆ ਕੱਪ 2022 ਦੇ ਮੈਚ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਆਖਰੀ ਓਵਰ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਰੋਮਾਂਚਕ ਜਿੱਤ ਹਾਸਲ ਕੀਤੀ। ਮੈਚ ਦਾ ਹੀਰੋ ਹਾਰਦਿਕ ਪੰਡਯਾ ਰਿਹਾ, ਜਿਸ ਨੇ ਤਿੰਨ ਵਿਕਟਾਂ ਆਪਣੇ ਨਾਂ ਕਰਨ ਦੇ ਨਾਲ ਹੀ 197 ਦੇ ਸਟ੍ਰਾਈਕ ਰੇਟ ਨਾਲ ਬੱਲੇ ਨਾਲ 17 ਗੇਂਦਾਂ ਵਿੱਚ 33 ਦੌੜਾਂ ਬਣਾਈਆਂ। ਟੀਮ ਇੰਡੀਆ ਦੇ ਇਸ ਪ੍ਰਦਰਸ਼ਨ ਤੋਂ ਹਿਟਮੈਨ ਕਾਫੀ ਸੰਤੁਸ਼ਟ ਹਨ। ਮੈਚ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਇਕ ਤਰਫਾ ਜਿੱਤ ਦੀ ਬਜਾਏ ਅਜਿਹੇ ਰੋਮਾਂਚਕ ਮੈਚਾਂ ਨੂੰ ਤਰਜੀਹ ਦਿੰਦਾ ਹੈ।

ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਅਧਿਕਾਰਤ ਪ੍ਰਸਾਰਕ ਨਾਲ ਗੱਲਬਾਤ ਦੌਰਾਨ ਕਿਹਾ, ”ਅੱਧੀ ਪਾਰੀ ਤੋਂ ਬਾਅਦ ਵੀ ਸਾਨੂੰ ਜਿੱਤ ਦਾ ਭਰੋਸਾ ਸੀ। ਅਸੀਂ ਭਾਰਤੀ ਟੀਮ ਨੂੰ ਕੁਝ ਅਜਿਹਾ ਹੀ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਮੈਚ ‘ਚ ਵਾਪਸੀ ਕਿਵੇਂ ਕੀਤੀ ਜਾ ਸਕਦੀ ਹੈ। ਟੀਮ ਪ੍ਰਬੰਧਨ ਇਹ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਸਾਰੇ ਖਿਡਾਰੀ ਆਪਣੀ ਭੂਮਿਕਾ ਨੂੰ ਜਾਣਦੇ ਹਨ। ਇੱਕ ਤਰਫਾ ਜਿੱਤ ਦਰਜ ਕਰਨ ਨਾਲੋਂ ਅਜਿਹੇ ਮੈਚ ਜਿੱਤਣਾ ਬਿਹਤਰ ਹੈ।

ਇਸ ਜਿੱਤ ਨਾਲ ਭਾਰਤੀ ਟੀਮ ਨੇ ਪਿਛਲੇ ਸਾਲ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਤੋਂ ਮਿਲੀ 10 ਵਿਕਟਾਂ ਦੀ ਹਾਰ ਦਾ ਬਦਲਾ ਵੀ ਲੈ ਲਿਆ ਹੈ। ਭਾਰਤੀ ਕਪਤਾਨ ਨੇ ਕਿਹਾ, ”ਸਾਡੇ ਤੇਜ਼ ਗੇਂਦਬਾਜ਼ ਪਿਛਲੇ ਇਕ ਸਾਲ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਕਈ ਵਾਰ ਚੁਣੌਤੀਆਂ ਆਉਂਦੀਆਂ ਹਨ ਪਰ ਉਨ੍ਹਾਂ ਦਾ ਸਾਹਮਣਾ ਕਰਕੇ ਹੀ ਅਸੀਂ ਅੱਗੇ ਵਧ ਸਕਦੇ ਹਾਂ।

ਹਰਫਨਮੌਲਾ ਹਾਰਦਿਕ ਪੰਡਯਾ ਬਾਰੇ ਰੋਹਿਤ ਸ਼ਰਮਾ ਨੇ ਕਿਹਾ, ”ਉਸ ਨੇ ਟੀਮ ‘ਚ ਵਾਪਸੀ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਪਿਛਲੇ ਆਈਪੀਐਲ ਵਿੱਚ ਵੀ ਬਹੁਤ ਵਧੀਆ ਖੇਡਿਆ ਸੀ। ਅਸੀਂ ਉਸਦੀ ਬੱਲੇਬਾਜ਼ੀ ਬਾਰੇ ਜਾਣਦੇ ਹਾਂ ਅਤੇ ਉਹ ਸ਼ਾਨਦਾਰ ਫਾਰਮ ਵਿੱਚ ਹੈ।