ਅਮਰੀਕਾ ’ਚ ਸਮੇਂ ਤੋਂ ਪਹਿਲਾਂ ਬੰਦ ਹੋਏ ਸਰਕਾਰੀ ਦਫ਼ਤਰ, ਰੱਦ ਹੋਈਆਂ 2300 ਤੋਂ ਵੱਧ ਉਡਾਣਾਂ, ਜਾਣੋ ਵਜ੍ਹਾ

Washington – ਅਮਰੀਕਾ ’ਚ ਅੱਜ ਮੌਸਮ ਦਾ ਮਿਜਾਜ਼ ਕਾਫ਼ੀ ਬਦਲਿਆ ਹੋਇਆ ਹੈ। ਇੱਥੇ ਅੱਜ ਕਈ ਥਾਵਾਂ ’ਤੇ ਗਰਜ ਚਮਕ ਦੇ ਨਾਲ ਝੱਖੜ ਝੁੱਲ ਰਹੇ ਹਨ। ਇੰਨਾ ਹੀ ਨਹੀਂ, ਕਈ ਥਾਵਾਂ ’ਤੇ ਤਾਂ ਗੜ੍ਹੇਮਾਰੀ ਦੇ ਨਾਲ ਭਾਰੀ ਮੀਂਹ ਪਿਆ ਅਤੇ ਇੱਥੋਂ ਤੱਕ ਵੀ ਕੁਝ ਥਾਵਾਂ ’ਤੇ ਤਾਂ ਭਿਆਨਕ ਤੂਫਾਨ ਵੀ ਆਏ। ਖ਼ਰਾਬ ਮੌਸਮ ਦੇ ਚੱਲਦਿਆਂ ਪੂਰਬੀ ਅਮਰੀਕਾ ’ਚ ਅੱਜ ਰਾਤ ਤੱਕ 120 ਮਿਲੀਅਨ ਲੋਕ ਪ੍ਰਭਾਵਿਤ ਹੋ ਸਕਦੇ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ 60 ਤੋਂ 80 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਸਕਦੀਆਂ ਹਨ, ਜਿਹੜੀਆਂ ਕਿ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ। ਦੇਸ਼ ਦੇ ਕਈ ਸੂਬਿਆਂ ’ਚ ਤੇਜ਼ ਹਵਾਵਾਂ ਕਾਰਨ ਬੱਤੀ ਗੁੱਲ ਹੋ ਗਈ ਹੈ। ਟ੍ਰੈਕਿੰਗ ਵੈੱਬਸਾਈਟ PowerOutage.us ਮੁਤਾਬਕ ਦੱਖਣੀ ਅਤੇ ਮੱਧ-ਅਟਲਾਂਟਿਕ ਸੂਬਿਆਂ ’ਚ 800,000 ਤੋਂ ਵੱਧ ਘਰਾਂ ’ਚ ਬੱਤੀ ਚਲੀ ਗਈ।
ਮੌਸਮ ਦੇ ਬਦਲੇ ਮਿਜਾਜ਼ ਨੇ ਦੇਸ਼ ’ਚ ਕਈ ਉਡਾਣਾਂ ਨੂੰ ਪ੍ਰਭਾਵਿਤ ਕੀਤਾ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ (Federal Aviation Administration) ਨੇ ਤੂਫ਼ਾਨ ਕਾਰਨ ਕਈ ਨਿਊਯਾਰਕ, ਵਾਸ਼ਿੰਗਟਨ, ਫਿਲਾਡੇਲਫੀਆ, ਅਟਲਾਂਟਾ ਅਤੇ ਬਾਲਟੀਮੋਰ ਦੇ ਹਵਾਈ ਅੱਡਿਆਂ ਤੋਂ ਉੱਡਣ ਵਾਲੀਆਂ ਉਡਾਣਾਂ ਰੋਕਣ ਦਾ ਹੁਕਮ ਦਿੱਤਾ ਹੈ। ਐੱਫ. ਏ. ਏ. ਦਾ ਕਹਿਣਾ ਹੈ ਕਿ ਜਿੰਨਾ ਸੰਭਵ ਹੋ ਸਕੇ, ਤੂਫ਼ਾਨ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਜਹਾਜ਼ਾਂ ਦੇ ਮਾਰਗ ਬਦਲੇ ਜਾ ਰਹੇ ਹਨ। ਫਲਾਈਟਅਵੇਅਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2,300 ਤੋਂ ਵੱਧ ਅਮਰੀਕੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ 6,800 ਉਡਾਣਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਉੱਡਣਗੀਆਂ।
ਦੱਸ ਦਈਏ ਕਿ ਮੌਸਮ ਵਿਭਾਗ ਵਲੋਂ ਤੂਫ਼ਾਨ ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ, ਜਿਸ ਕਾਰਨ ਵਾਸ਼ਿੰਗਟਨ ਡੀ. ਸੀ. ’ਚ ਅਮਰੀਕੀ ਸਰਕਾਰ ਦੇ ਦਫ਼ਤਰ ਅੱਜ ਜਲਦੀ ਬੰਦ ਹੋ ਗਏ। ਇੰਨਾ ਹੀ ਵਾਸ਼ਿੰਗਟਨ ’ਚ ਲਾਇਬ੍ਰੇਰੀਆਂ, ਮਿਊਜ਼ੀਅਮ, ਕੌਮੀ ਚਿੜੀਆਘਰ, ਪੂਲ ਅਤੇ ਹੋਰ ਨਗਰਪਾਲਿਕਾ ਤੇ ਸੰਘੀ ਸੇਵਾਵਾਂ ਅੱਜ ਜਲਦੀ ਬੰਦ ਹੋ ਗਈਆਂ।