ਸ਼ਾਹਰੁਖ਼ ਖਾਨ ਦਾ ਬੇਟਾ ਆਰੀਅਨ ਖਾਨ ਪੁਲਿਸ ਹਿਰਾਸਤ ‘ਚ

ਮੁੰਬਈ : ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਮੁੰਬਈ ਵਿਚ ਕਰੂਜ਼ ਜਹਾਜ਼ ‘ਤੇ ਕੀਤੀ ਜਾ ਰਹੀ ਪਾਰਟੀ ‘ਤੇ ਅਚਾਨਕ ਛਾਪਾ ਮਾਰਿਆ। ਜਿਸ ਤੋਂ ਬਾਅਦ ਉਥੇ ਨਸ਼ਿਆਂ ਨਾਲ ਚੱਲ ਰਹੀ ਪਾਰਟੀ ਦਾ ਖੁਲਾਸਾ ਹੋਇਆ।

ਇਸ ਮਾਮਲੇ ਵਿਚ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਆਰੀਅਨ ਖਾਨ ਤੋਂ ਇਲਾਵਾ ਸੱਤ ਹੋਰ ਲੋਕਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਹਿਰਾਸਤ ਵਿਚ ਲਏ ਗਏ 8 ਲੋਕਾਂ ਵਿਚ ਦੋ ਲੜਕੀਆਂ ਵੀ ਸ਼ਾਮਲ ਹਨ। ਇਨ੍ਹਾਂ ਫੜੇ ਗਏ ਨੌਜਵਾਨਾਂ ਵਿਚ ਸਭ ਤੋਂ ਵੱਡਾ ਨਾਂਅ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਦਾ ਆ ਰਿਹਾ ਹੈ। ਜਿਸ ਤੋਂ ਪੁੱਛਗਿੱਛ ਹੋ ਰਹੀ ਹੈ।

ਮੀਡੀਆ ਰਿਪੋਰਟਾਂ ਤਹਿਤ ਐਨ.ਸੀ.ਬੀ. ਸੂਤਰਾਂ ਨੇ ਕਿਹਾ ਹੈ ਕਿ ਆਰੀਅਨ ਖਾਨ ਨੇ ਮੰਨਿਆ ਹੈ ਕਿ ਉਹ ਇਸ ਪਾਰਟੀ ਵਿਚ ਸ਼ਾਮਲ ਸੀ ਤੇ ਉਸ ਕੋਲੋਂ ਗ਼ਲਤੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਸ਼ੌਕੀਆ ਤੌਰ ‘ਤੇ ਡਰੱਗਜ਼ ਦਾ ਸੇਵਨ ਕੀਤਾ।

ਇਸ ਮੁੱਦੇ ‘ਤੇ ਸ਼ਾਹਰੁਖ਼ ਖਾਨ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਤੇ ਉਨ੍ਹਾਂ ਵਲੋਂ ਮਸ਼ਹੂਰ ਵਕੀਲ ਸਤੀਸ਼ ਮਾਨਸ਼ਿੰਦੇ ਨਾਲ ਸੰਪਰਕ ਕੀਤਾ ਗਿਆ ਹੈ।

ਐਨਸੀਬੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਆਰੀਅਨ ਖਾਨ ਤੋਂ ਇਲਾਵਾ ਹੋਰਨਾਂ ਦੀ ਪਛਾਣ ਮੁਨਮੁਨ ਧਮੇਚਾ, ਨੂਪੁਰ ਸਾਰਿਕਾ, ਇਸਮੀਤ ਸਿੰਘ, ਮੋਹਕ ਜਸਵਾਲ, ਵਿਕਰਾਂਤ ਛੋਕਰ, ਗੋਮੀਤ ਚੋਪੜਾ ਅਤੇ ਅਰਬਾਜ਼ ਵਪਾਰੀ ਵਜੋਂ ਹੋਈ ਹੈ।

ਅੱਠ ਵਿਅਕਤੀਆਂ ਆਰੀਅਨ ਖਾਨ, ਅਰਬਾਜ਼ ਮਰਚੈਂਟ, ਮੁਨਮੁਨ ਧਮੇਚਾ, ਨੂਪੁਰ ਸਾਰਿਕਾ, ਇਸਮੀਤ ਸਿੰਘ, ਮੋਹਕ ਜਸਵਾਲ, ਵਿਕਰਾਂਤ ਛੋਕਰ, ਗੋਮੀਤ ਚੋਪੜਾ ਤੋਂ ਮੁੰਬਈ ਤੱਟ ‘ਤੇ ਇਕ ਕਰੂਜ਼ ‘ਤੇ ਕਥਿਤ ਰੇਵ ਪਾਰਟੀ ‘ਤੇ ਛਾਪੇਮਾਰੀ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ

ਟੀਵੀ ਪੰਜਾਬ ਬਿਊਰੋ