ਬਰੈਂਪਟਨ ’ਚ ਗੋਲੀਬਾਰੀ ਦੌਰਾਨ 60 ਸਾਲਾ ਵਿਅਕਤੀ ਦੀ ਮੌਤ

ਟੋਰਾਂਟੋ- ਬੀਤੀ ਰਾਤ ਬਰੈਂਪਟਨ ਦੇ ਇੱਕ ਰਿਹਾਇਸ਼ੀ ਇਲਾਕੇ ’ਚ ਹੋਈ ਗੋਲੀਬਾਰੀ ਦੀ ਘਟਨਾ ’ਚ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਬੀਤੇ ਕੁਝ ਦਿਨਾਂ ਅੰਦਰ ਸ਼ਹਿਰ ’ਚ ਵਾਪਰੀ ਘਾਤਕ ਗੋਲੀਬਾਰੀ ਦੀ ਇਹ ਦੂਜੀ ਘਟਨਾ ਹੈ। ਪੀਲ ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਦੇਰ ਰਾਤ 10.20 ਵਜੇ ਅਰਗੇਲੀਆ ਕ੍ਰੇਸੈਂਟ ਅਤੇ ਪੈਰਿਟੀ ਰੋਡ ਦੇ ਇਲਾਕੇ ’ਚ ਗੋਲੀਬਾਰੀ ਦੀ ਜਾਣਕਾਰੀ ਮਿਲੀ। ਪੀਲ ਪੁਲਿਸ ਕਾਂਸਟੇਬਲ ਹੀਥਰ ਕੈਨਨ ਨੇ ਦੱਸਿਆ ਕਿ ਪੀੜਤ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਇੱਕ ਵਾਹਨ ਨੂੰ ਇਲਾਕੇ ’ਚੋਂ ਨਿਕਲਦਿਆਂ ਦੇਖਿਆ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਗੋਲੀਬਾਰੀ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ। ਉੱਧਰ ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਹੁਣ ਇਲਾਕੇ ’ਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਹਨ। ਪੀੜਤ ਦੇ ਗੁਆਂਢੀ ਅਮਾਨ ਅਲੀ ਨੇ ਦੱਸਿਆ ਕਿ ਉਹ ਰਾਤ ਨੂੰ ਟੀ. ਵੀ. ਦੇਖ ਰਿਹਾ ਸੀ। ਇਸ ਦੌਰਾਨ ਉਸ ਨੂੰ ਗੋਲੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਉਸ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਸੀ ਅਤੇ ਹਾਦਸੇ ਤੋਂ ਬਾਅਦ ਹੁਣ ਮੇਰਾ ਘਰੋਂ ਬਾਹਰ ਕਦਮ ਪੁੱਟਣ ਨੂੰ ਦਿਲ ਨਹੀਂ ਕਰਦਾ। ਮੈਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਹਾਂ।