ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨਾਲ ਵਿਵਾਦ , ਚੋਣ ਹਾਰਨ ‘ਤੇ ਕੱਢੀ ਭੜਾਸ !

ਜਲੰਧਰ – ਸਿੱਧੂ ਮੂਸੇਵਾਲਾ ਦਾ ਇੱਕ ਵਾਰ ਫਿਰ ਸਬਰ ਦਾ ਬੰਨ੍ਹ ਟੁੱਟ ਗਿਆ ਹੈ । ਵਿਧਾਨ ਸਭਾ ਹਲਕਾ ਮੋਗਾ ਤੋਂ ਚੋਣ ਹਾਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਰਾਹੀਂ ਭੜਾਸ ਕੱਢੀ ਹੈ ।ਸਿੱਧੂ ਨੇ ਾਪਣੇ ਗੀਤ ਰਾਹੀਂ ਗੱਦਾਰ ਦਾ ਜ਼ਿਕਰ ਕੀਤਾ ਹੈ ।ਇਸ ਗੀਤ ਤੋਂ ਬਾਅਦ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਇਸਦਾ ਵਿਰੋਧ ਕਰ ਮੂਸੇਵਾਲਾ ਤੋਂ ਜਨਤਕ ਮੁਆਫੀ ਦੀ ਮੰਗ ਕੀਤੀ ਹੈ ।ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਇਸ ਨੂੰ ਪੰਜਾਬ ਦੇ ਵੋਟਰਾਂ ਦਾ ਅਪਮਾਨ ਦੱਸਿਆ ਹੈ ।

ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਚ ਆਪਣੀ ਹਾਰ ਦੇ ਨਾਲ ਸਿਮਰਨਜੀਤ ਸਿੰਘ ਮਾਨ ਅਤੇ ਬੀਬੀ ਖਾਲੜਾ ਦੀ ਹਾਰ ਦਾ ਜ਼ਿਕਰ ਕਰ ਸਵਾਲ ਚੁੱਕੇ ਹਨ ।ਬਕੌਲ ਸਿੱਦੂ ਮੂਸੇਵਾਲਾ ਜਦੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਤਾਂ ਇਸ ‘ਤੇ ਸਵਾਲ ਚੁੱਕੇ ਗਏ ਸਨ ।ਜਦਕਿ ਇਹੋ ਪਾਰਟੀ ਕਈ ਵਾਰ ਪੰਜਾਬ ਦੀ ਸੱਤਾ ‘ਤੇ ਕਾਬਿਜ਼ ਹੋ ਚੁੱਕੀ ਹੈ ।ਉਹ ਗੱਦਾਰ ਕਿਵੇਂ ਹੋ ਸਕਦੇ ਹਨ ।ਪੰਜਾਬੀ ਗਾਇਕ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਮਾੜੀ ਸੀ ਤਾਂ ਸਿਮਰਨਜੀਤ ਸਿੰਘ ਮਾਨ ਅਤੇ ਬੀਬੀ ਖਾਲੜਾ ਚੋਣ ਕਿਵੇਂ ਹਾਰ ਗਏ ?ਮੂਸੇਵਾਲਾ ਦੇ ਇਸ ਗੀਤ ‘ਤੇ ‘ਆਪ’ ਨੇ ਨਾਰਾਜ਼ਗੀ ਜਤਾਈ ਹੈ ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਮੂਸੇਵਾਲਾ ਨੂੰ ਜਨਤਕ ਮੁਆਫੀ ਮੰਗਣ ਲਈ ਕਿਹਾ ਹੈ ।ਬੈਂਸ ਦਾ ਕਹਿਣਾ ਹੈ ਕਿ ਗੱਦਾਰ ਸ਼ਬਦ ਦੀ ਵਰਤੋ ਕਰਕੇ ਮੂਸੇਵਾਲਾ ਨੇ ਪੰਜਾਬ ਦੇ ਵੋਟਰਾਂ ਦਾ ਅਪਮਾਨ ਕੀਤਾ ਹੈ ।

ਤੁਹਾਨੂੰ ਦੱਸ ਦਈਏ ਕਿ ਇਸਤੋਂ ਪਹਿਲਾਂ ਦੁਬਈ ਚ ਇੱਕ ਸ਼ੋਅ ਦੌਰਾਨ ਵੀ ਮੂਸੇਵਾਲਾ ਨੇ ਚੋਣ ਹਾਰਨ ‘ਤੇ ਭੜਾਸ ਕੱਢੀ ਸੀ ।ਉਨ੍ਹਾਂ ਸਟੇਜ਼ ‘ਤੇ ਕਿਹਾ ਸੀ ਕਿ ਭਾਵੇਂ ਉਹ ਚੋਣ ਹਾਰ ਗਏ ਹਨ ।ਪਰ ਜੇਕਰ ਜੇਤੂ ਉਮੀਦਵਾਰ ਨੇ ਲੋਕਾਂ ਦਾ ਕੰਮ ਨਾ ਕੀਤਾ ਤਾਂ ਉਹ ਬੇਝੀਝਕ ਉਨ੍ਹਾਂ ਕੋਲ ਆ ਜਾਣ ।