ਸਿੱਖ ਭਾਈਚਾਰੇ ਲਈ ਚੜ੍ਹਦੀ ਕਲਾ ਵਾਲੀ ਖ਼ਬਰ : ਸਿਡਨੀ ਦੇ ਸਕੂਲਾਂ ‘ਚ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਲੱਗੀ ਪਾਬੰਦੀ ਜਲਦ ਹੋਵੇਗੀ ਖਤਮ

ਟੀਵੀ ਪੰਜਾਬ ਬਿਊਰੋ- ਆਸਟ੍ਰੇਲੀਆ ਤੋਂ ਸਿੱਖ ਭਾਈਚਾਰੇ ਲਈ ਚੰਗੀ ਖ਼ਬਰ ਹੈ। ਪਿਛਲੇ ਦਿਨੀਂ ਸਿਡਨੀ ਦੇ ਸਕੂਲਾਂ ਵਿੱਚ ਜਿਹੜੀ ਸਿੱਖ ਬੱਚਿਆਂ ਦੇ ਕਿਰਪਾਨ ਪਹਿਨਣ ‘ਤੇ ਪਾਬੰਦੀ ਲਗਾਈ ਗਈ ਸੀ ਉਹ ਹੁਣ ਜਲਦ ਹੀ ਹੱਟ ਸਕਦੀ ਹੈ। ਇਸ ਦੀ ਜਾਣਕਾਰੀ ਸਿੱਖ ਐਸੋਸੀਏਸ਼ਨ ਦੇ ਮੈਂਬਰ ਅਮਰਦੀਪ ਸਿੱਧੂ ਨੇ ਦਿੱਤੀ। ਇਹ ਪਾਬੰਦੀ ਸਿੱਖ ਐਸੋਸੀਏਸ਼ਨ ਦੇ ਯਤਨਾਂ ਕਰਕੇ ਹੀ ਹਟਣ ਦੀਆਂ ਸੰਭਾਵਨਾਵਾਂ ਬਣੀਆਂ ਹਨ। ਸਰਕਾਰ ਅਤੇ ਸਿੱਖ ਐਸੋਸੀਏਸ਼ਨ ਵਿਚਾਲੇ ਇਸ ਮਾਮਲੇ ਵਿੱਚ ਲੰਬੀਆਂ ਮੀਟਿੰਗਾਂ ਚੱਲਣ ਤੋਂ ਬਾਅਦ ਕਿਰਪਾਨ ਪਾਉਣ ਵਿੱਚ ਕੁਝ ਬਦਲਾਵਾਂ ‘ਤੇ ਸਹਿਮਤੀ ਬਣੀ ਹੈ, ਜਿਸ ਦਾ ਧਿਆਨ ਸਕੂਲ ਵਿੱਚ ਕਿਰਪਾਨ ਪਹਿਨ ਰਹੇ ਬੱਚੇ ਲਈ ਲਾਜ਼ਮੀ ਰੱਖਣਾ ਹੋਵੇਗਾ। 

ਇਸ ਸਮਝੌਤੇ ਨੂੰ ਨੇਪਰੇ ਚਾੜ੍ਹਨ ਲਈ ਕੈਨੇਡਾ, ਯੂ ਕੇ, ਅਤੇ ਆਸਟ੍ਰੇਲੀਆ ਦੇ ਹੋਰ ਡਿਪਾਰਟਮੈਂਟਾਂ ਵਿੱਚ ਲਾਗੂ ਪਿਛਲੇ ਸਮਝੌਤਿਆਂ ਨੂੰ ਦੇਖਿਆ ਗਿਆ ਅਤੇ ਹੋਰਨਾਂ ਦੇਸ਼ਾਂ ਦੇ ਕਾਨੂੰਨ ਮਾਹਰਾਂ ਦੀ ਮਦਦ ਵੀ ਲਈ ਗਈ। 25/06/21 ਤੱਕ ਇਸ ਸਮਝੌਤੇ ਉੱਤੇ ਲੋਕਾਂ ਦੀ ਰਾਏ ਲਈ ਜਾਵੇਗੀ ਅਤੇ ਬਾਅਦ ਵਿੱਚ ਜੇ ਸਭ ਕੁਝ ਸਹੀ ਰਿਹਾ ਤਾਂ ਇਸ ਸਮਝੌਤੇ ਨੂੰ ਮੰਨ ਲਿਆ ਜਾਵੇਗਾ।

ਸਿੱਖ ਬੱਚਿਆਂ ਲਈ ਕਿਰਪਾਨ ਪਹਿਨਣ ਸਬੰਧੀ ਇਹ ਹੋਣਗੇ ਬਦਲਾਅ

ਆਸਟ੍ਰੇਲੀਆ ਦੇ ਸਕੂਲਾਂ ਵਿੱਚ ਸਿੱਖ ਬੱਚਿਆਂ ਵੱਲੋਂ ਪਹਿਨੀ ਜਾਣ ਵਾਲੀ ਕਿਰਪਾਨ ਆਕਾਰ ਵਿੱਚ ਛੋਟੀ ਹੋਵੇਗੀ ਭਾਵ ਕਿਰਪਾਨ ਦਾ ਆਕਾਰ 8.5 ਸੈ.ਮੀ. ਜਾਂ ਇਸ ਤੋਂ ਘੱਟ ਹੋਵੇਗਾ। ਹੱਥਾ ਜੋੜ ਕੇ ਇਸ ਦਾ ਆਕਾਰ 16.5 ਸੈ.ਮੀ. ਹੋਵੇਗਾ। ਕਿਰਪਾਨ ਦੀ ਧਾਰ ਤਿੱਖੀ ਨਹੀਂ ਹੋਵੇਗੀ ਤਾਂ ਜੋ ਕਿਸੇ ਨੂੰ ਜ਼ਖਮੀ ਨਾ ਕਰ ਸਕੇ। ਹੱਥੇ ਅਤੇ ਮਿਆਨ ਨੂੰ ਸੰਗਲ਼ੀ (ਰਿੰਗ ਨੂੰ ਸੋਲਡਰ) ਲੱਗੇਗੀ ਤਾਂ ਜੋ ਕਿਰਪਾਨ ਬਾਹਰ ਕੱਢੀ ਨਾ ਜਾ ਸਕੇ ਜਾਂ ਹੱਥਾ ਅਤੇ ਕਿਰਪਾਨ ਮੋਟੇ ਕੱਪੜੇ ਨਾਲ ਸਿਉਂ ਦਿੱਤੇ ਜਾਣਗੇ ਤਾਂ ਕਿ ਬਾਹਰ ਨਾ ਕੱਢੇ ਜਾ ਸਕਣ। ਕਿਰਪਾਨ ਕੱਪੜਿਆਂ ਦੇ ਹੇਠਾਂ ਪਹਿਨੀ ਜਾਵੇਗੀ ਤਾਂ ਜੋ ਕਿਸੇ ਨੂੰ ਦਿਖਾਈ ਨਾ ਦੇਵੇ। ਖੇਡਣ ਜਾਂ ਹੋਰ ਜਿਸਮਾਨੀ ਗਤੀਵਿਧੀਆਂ ਦੌਰਾਨ ਕਿਰਪਾਨ ਉਤਾਰ ਕੇ ਸਾਂਭ ਕੇ ਰੱਖੀ ਜਾਵੇਗੀ ਭਾਵ ਮੋਟੇ ਕੱਪੜੇ ਵਿੱਚ ਲਪੇਟ ਕੇ ਲੱਕ ਨਾਲ ਲਪੇਟੀ ਜਾਵੇਗੀ। ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਨਿਰਦੇਸ਼ਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਵਧੇਰੇ ਢੁਕਵੀਂ ਸੁਰੱਖਿਆ ਜਾਣਕਾਰੀ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਸਾਂਝਾ ਕੀਤਾ ਜਾਵੇਗਾ।