8 ਸਾਲਾ ਅਮਰੀਕਰਨ ਕੁੜੀ ਨੂੰ ਬਚਾਉਣ ਲਈ ਆਪਣੀ ਜਾਨ ਗਵਾਉਣ ਵਾਲੇ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਮਿਲਿਆ ਕਾਰਨੇਗੀ ਹੀਰੋ ਐਵਾਰਡ

San Francisco– ਸਾਲ 2020 ’ਚ ਕੈਲੀਫੋਰਨੀਆ ’ਚ ਇੱਕ 8 ਸਾਲਾ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਮਾਰੇ ਗਏ 31 ਸਾਲਾ ਸਿੱਖ ਕਿਸਾਨ ਮਨਜੀਤ ਸਿੰਘ ਨੂੰ ਕਾਰਨੇਗੀ ਹੀਰੋ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 5 ਅਗਸਤ 2020 ਨੂੰ ਰੀਡਲ ’ਚ ਕਿੰਗਜ਼ ਨਦੀ ’ਚ ਸਾਮੰਥਾ ਕਰੂਜ਼ ਪੇਡਰੋ ਨਾਮਕ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਮਨਜੀਤ ਸਿੰਘ ਦੀ ਮੌਤ ਹੋ ਗਈ ਸੀ। ਪੇਡਰੋ ਨੂੰ ਤੈਰਨ ਲਈ ਕਾਫ਼ੀ ਸੰਘਰਸ਼ ਕਰਨਾ ਪਿਆ ਕਿਉਂਕਿ ਉਹ ਨਦੀ ’ਚ ਖੇਡ ਰਹੇ ਬੱਚਿਆਂ ਦੇ ਇੱਕ ਸਮੂਹ ਤੋਂ ਵੱਖ ਹੋ ਗਈ ਸੀ ਅਤੇ ਪਾਣੀ ਦੀ ਤੇਜ਼ ਧਾਰਾ ਉਸ ਨੂੰ ਹੇਠਾਂ ਵੱਲ ਵਹਾ ਕੇ ਲੈ ਗਈ। ਇਸ ਮਗਰੋਂ ਮੌਕੇ ’ਤੇ ਮੌਜੂਦ ਮਨਜੀਤ ਸਿੰਘ ਨੇ ਬੱਚੀ ਨੂੰ ਬਚਾਉਣ ਲਈ ਨਦੀ ’ਚ ਛਾਲ ਮਾਰ ਦਿੱਤੀ। ਹਾਦਸੇ ਤੋਂ ਬਾਅਦ ਉੱਥੇ ਹਫ਼ੜਾ-ਦਫੜੀ ਮਚ ਗਈ ਅਤੇ ਲੋਕਾਂ ਦਾ ਧਿਆਨ ਮਨਜੀਤ ਵੱਲ ਗਿਆ ਹੀ ਨਹੀਂ। ਇਸ ਦੌਰਾਨ ਘਟਨਾ ਵਾਲੀ ਥਾਂ ’ਤੇ ਮੌਜੂਦ ਇੱਕ ਵਿਅਕਤੀ ਨੇ ਪੇਡਰੋ (ਲੜਕੀ) ਨੂੰ ਬਾਹਰ ਕੱਢਿਆ, ਜਿਸ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਛੇ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਮਨਜੀਤ ਸਿੰਘ ਨੂੰ ਨਦੀ ਤੋਂ ਬਾਹਰ ਕੱਢਣ ਮਗਰੋਂ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਪਰ ਸਭ ਵਿਆਰਥ ਰਿਹਾ ਅਤੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਕਾਰਨੇਗੀ ਐਵਾਰਡ ਪੂਰੇ ਅਮਰੀਕਾ ਅਤੇ ਕੈਨੇਡਾ ’ਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਕਿ ਦੂਜਿਆਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਿਆਂ ਆਪਣੀ ਜਾਨ ਖ਼ਤਰੇ ’ਚ ਪਾ ਲੈਂਦੇ ਹਨ।