ਕੋਰੋਨਾ ‘ਚ ਆਪਣੇ ਪਰਿਵਾਰਾਂ ਨੂੰ ਗਵਾਉਣ ਵਾਲਿਆਂ ਲਈ ਸੋਨੂੰ ਸੂਦ ਵੱਲੋਂ ਸਰਕਾਰ ਨੂੰ ਵੱਡੀ ਅਪੀਲ

ਮੁੰਬਈ: ਬੌਲੀਵੁਡ ਅਦਾਕਾਰ ਸੋਨੂੰ ਸੂਦ ਮਸੀਹਾ ਬਣ ਲਗਾਤਾਰ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਦਾ ਇਕ ਹੋਰ ਵੀਡੀਓ ਬਾਹਰ ਆਇਆ ਹੈ। ਜਿੱਥੇ ਉਨ੍ਹਾਂ ਨੇ ਸਰਕਾਰ ਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੇ ਸੰਕਟ ਵਿੱਚ ਉਨ੍ਹਾਂ ਬੱਚਿਆਂ ਦੇ ਭਵਿੱਖ ਬਾਰੇ ਸੋਚਣ ਜਿਨ੍ਹਾਂ ਨੇ ਇਸ ਮਹਾਂਮਾਰੀ ਵਿੱਚ ਆਪਣੇ ਮਾਂ ਬਾਪ ਗੁਆਏ ਹਨ।

ਸੋਨੂੰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਦੂਜੀ ਲਹਿਰ ਵਿੱਚ ਆਪਣੇ ਪਰਿਵਾਰ ਨੂੰ ਗਵਾਇਆ ਹੈ ਤੇ ਕਈ ਥਾਵਾਂ ‘ਤੇ ਅਜਿਹੇ ਕੇਸ ਹੋਏ ਹਨ ਜਿੱਥੇ 10 ਜਾਂ 12 ਸਾਲ ਦੇ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਕੋਰੋਨਾ ਕਰਕੇ ਗਵਾਇਆ ਹੈ। ਉਨ੍ਹਾਂ ਦਾ ਭਵਿੱਖ ਸਾਡੇ ਸਮਾਜ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਸੋਨੂੰ ਨੇ ਕੇਂਦਰ ਤੇ ਰਾਜ ਸਰਕਾਰਾਂ ਤੋਂ ਮਦਦ ਮੰਗੀ ਹੈ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਬੱਚਿਆਂ ਦੀ ਪੜ੍ਹਾਈ ਮੁਫਤ ਕੀਤੀ ਜਾਵੇ।

ਸੋਨੂੰ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੀ ਪੜਾਈ ਚਾਹੇ ਉਹ ਨਿੱਜੀ ਜਾਂ ਸਰਕਾਰੀ ਸਕੂਲਾਂ ਵਿੱਚ ਹੋਵੇ, ਗ੍ਰੈਜੂਏਸ਼ਨ ਹੋਵੇ ਜਾਂ ਡਿਗਰੀਆਂ ਹੋਣ, ਚਾਹੇ ਉਹ ਮੈਡੀਕਲ ਜਾਂ ਇੰਜਨੀਅਰਿੰਗ ਹੋਵੇ, ਲਾਜ਼ਮੀ ਤੌਰ ‘ਤੇ ਮੁਫਤ ਹੋਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਨਹਿਰੀ ਹੋ ਸਕੇ।

ਆਪਣੇ ਬਿਆਨ ਵਿੱਚ ਸੋਨੂੰ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਪੇਰੈਂਟਸ ਨੇ ਆਪਣੇ ਇਕਲੌਤੇ ਬਚਿਆ ਨੂੰ ਗਵਾਇਆ ਹੈ। ਜੋ ਲੋੜਵੰਦ ਲੋਕਾਂ ਦੀ ਕਈ ਸੰਸਥਾਵਾਂ ਨਾਲ ਮਿਲ ਸਹਾਇਤਾ ਕਰ ਰਹੇ ਸਨ। ਇਹ ਬੱਚੇ ਵੀ ਆਪਣੇ ਬਜ਼ੁਰਗ ਮਾਂ ਬਾਪ ਦਾ ਸਹਾਰਾ ਸਨ। ਉਨ੍ਹਾਂ ਨੂੰ ਗਵਾ ਇਹ ਪੇਰੈਂਟਸ ਵੀ ਬੇਹੱਦ ਮੁਸ਼ਕਲ ਵਿੱਚ ਹਨ। ਇਹਨਾਂ ਲਈ ਵੀ ਕੁਝ ਐਸੀ ਸਕੀਮ ਹੋਣੀ ਚਾਹੀਦੀ ਹੈ ਕਿ ਇਹ ਬਜ਼ੁਰਗ ਲੋਕਾਂ ਦਾ ਬੁਢਾਪਾ ਠੀਕ ਗੁਜ਼ਰ ਸਕੇ।