VANCOUVER: ਕੈਨੇਡਾ ਵਿੱਚ ਰੋਜ਼ਗਾਰ ਅਤੇ ਆਰਥਿਕਤਾ ਦਾ ਮੁਹਾਂਦਰਾ ਤੇਜ਼ੀ ਨਾਲ ਬਦਲ ਰਿਹਾ ਹੈ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਨੇ ਮਾਹਰਾਂ ਨੂੰ ਨਵੀਂ ਬਹਿਸ ਵਿੱਚ ਪਾ ਦਿੱਤਾ ਹੈ ਕਿਉਂਕਿ ਮੁਲਕ ਦੀ ਲੇਬਰ ਫੋਰਸ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਅਤੇ ਲੋਕ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਵੀ ਨੌਕਰੀਆਂ ਛੱਡਣ ਦੀ ਬਜਾਏ ਕੰਮ ਕਰਨ ਲਈ ਮਜਬੂਰ ਹਨ। ਅੰਕੜਿਆਂ ਮੁਤਾਬਕ, ਸਾਲ 2001 ਵਿੱਚ ਸਿਰਫ਼ 26.2% ਕੰਪਨੀਆਂ ਅਜਿਹੀਆਂ ਸਨ ਜਿੱਥੇ ਮੁਲਾਜ਼ਮਾਂ ਦੀ ਔਸਤ ਉਮਰ 40 ਸਾਲ ਤੋਂ ਵੱਧ ਸੀ, ਜੋ 2022 ਤੱਕ ਵੱਧ ਕੇ 42.3% ਹੋ ਗਈ। ਇਸੇ ਤਰ੍ਹਾਂ ਕੰਪਨੀਆਂ ਵਿੱਚ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਕਾਮਿਆਂ ਦੀ ਹਿੱਸੇਦਾਰੀ 9.3% ਤੋਂ ਦੁੱਗਣੀ ਹੋ ਕੇ 18.8% ਹੋ ਚੁੱਕੀ ਹੈ। ਸਭ ਤੋਂ ਵੱਡਾ ਅਸਰ ਫ਼ੈਕਟਰੀਆਂ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਦੇਖਿਆ ਗਿਆ ਹੈ, ਜਿੱਥੇ ਅੱਜ ਹਰ ਚਾਰ ਵਿੱਚੋਂ ਇੱਕ ਕਾਮਾ ਬਜ਼ੁਰਗ ਹੈ। ਸਾਲ 2023 ਵਿੱਚ ਇਤਿਹਾਸ ‘ਚ ਪਹਿਲੀ ਵਾਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲੋਂ ਵੱਧ ਦਰਜ ਕੀਤੀ ਗਈ।
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਵਿੱਚ ਹਾਲ ਹੀ ਵਿੱਚ ਹੋ ਰਹੀਆਂ ਜਬਰਨ ਵਸੂਲੀ ਨਾਲ ਜੁੜੀਆਂ ਹਿੰਸਕ ਘਟਨਾਵਾਂ ਦੇ ਇੱਕ ਮਾਮਲੇ ਵਿੱਚ ਪੁਲਿਸ ਨੇ ਦੋ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ ਲਗਾਏ ਹਨ। ਪੁਲਿਸ ਦੇ ਅਨੁਸਾਰ 11 ਜੂਨ ਦੀ ਸਵੇਰ ਕਰੀਬ 5:30 ਵਜੇ 96 ਐਵਨਿਊ ਅਤੇ 133ਏ ਸਟ੍ਰੀਟ ਨੇੜੇ ਇੱਕ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਲੱਗਣ ਕਾਰਨ ਘਰ ਦੇ ਬਾਹਰਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਉਸ ਸਮੇਂ ਘਰ ਦੇ ਅੰਦਰ ਲੋਕ ਮੌਜੂਦ ਸਨ, ਪਰ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਇਸ ਘਟਨਾ ਦੀ ਜਾਂਚ ਤੋਂ ਬਾਅਦ 12 ਜੂਨ ਨੂੰ ਪੁਲਿਸ, ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਅਤੇ ਟੈਕਟੀਕਲ ਰਿਸਪਾਂਸ ਟੀਮ ਨੇ ਮਿਲ ਕੇ ਦੋ ਘਰਾਂ ‘ਤੇ ਛਾਪੇ ਮਾਰੇ।
ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਭਾਰਤੀ ਨੌਜਵਾਨ ਗਲਤੀ ਨਾਲ ਸਰਹੱਦ ਪਾਰ ਕਰਕੇ ਕੈਨੇਡਾ ਵੱਲ ਚਲਾ ਗਿਆ ਅਤੇ ਵਾਪਸ ਪਰਤਦਿਆਂ ਹੀ ਅਮਰੀਕੀ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ, ਨੌਜਵਾਨ ਆਪਣੇ ਮਾਤਾ-ਪਿਤਾ ਅਤੇ ਭਰਾ ਦੇ ਪਰਿਵਾਰ ਨਾਲ ਨਿਆਗਰਾ ਫਾਲਸ ਦੀ ਯਾਤਰਾ ’ਤੇ ਗਿਆ ਸੀ। ਯਾਤਰਾ ਤੋਂ ਬਾਅਦ ਜਦੋਂ ਸਾਰੇ ਵਾਪਸ ਅਮਰੀਕਾ ਦੇ ਬਫੇਲੋ ਪਰਤ ਆਏ, ਤਾਂ ਇਹ ਨੌਜਵਾਨ ਕਿਸੇ ਕੰਮ ਲਈ ਬਾਹਰ ਨਿਕਲਿਆ ਅਤੇ ਗਲਤੀ ਨਾਲ ਰਸਤਾ ਭਟਕ ਕੇ ਕੈਨੇਡਾ ਵਾਲੇ ਪਾਸੇ ਚਲਾ ਗਿਆ। ਜਦੋਂ ਉਹ ਵਾਪਸ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਬਾਰਡਰ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ।
ਕੈਨੇਡਾ ਪੁਲਿਸ ਵੱਲੋਂ ਇੱਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਧੋਖਾਧੜੀ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਂਚ ਕਰਦੇ ਹੋਏ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵੱਲੋਂ ਬਰੈਂਪਟਨ ਵਿੱਚ ਬਜ਼ੁਰਗ ਨਿਵੇਸ਼ਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 1.46 ਮਿਲੀਅਨ ਡਾਲਰ ਦੀ ਪੋਂਜ਼ੀ ਨਿਵੇਸ਼ ਯੋਜਨਾ ਚਲਾਈ ਸੀ। ਪੀਲ ਰੀਜਨਲ ਪੁਲਿਸ ਦੇ ਅਨੁਸਾਰ, ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਮੂਲ ਦੇ ਵਿਅਕਤੀ ਦੀ ਪਛਾਣ ਨਵਦੀਪ ਬੋਪਾਰਾਏ ਵਜੋਂ ਹੋਈ ਹੈ। ਉਸ ਵੱਲੋਂ ਬੀ ਐੱਲ ਐੱਮ ਕੈਨੇਡਾ ਕਾਰਪੋਰੇਸ਼ਨ ਨਾਂ ਦੀ ਕੰਪਨੀ ਰਜਿਸਟਰ ਕਰਵਾ ਕੇ ਘਰਾਂ ਦੀ ਖਰੀਦ ਲਈ ਮੋਟੇ ਵਿਆਜ਼ ਤੇ ਕਰਜ਼ਾ ਦੇਣ ਦਾ ਭਰੋਸਾ ਦਿੱਤਾ ਜਾਂਦਾ ਸੀ।





