ਜਲੰਧਰ : ਭਾਸ਼ਾ ਵਿਭਾਗ ਪੰਜਾਬ ਵੱਲੋਂ ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਵਿਖੇ ਰਾਜ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਆਲ ਇੰਡੀਆ ਰੇਡੀਓ ਦੀ ਡਾਇਰੈਕਟਰ ਡਾ. ਸੰਤੋਸ਼ ਰਿਸ਼ੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ।
ਪੰਜਾਬ ਦੇ ਸਿਰਮੌਰ ਕਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ। ਡਾ. ਸੁਖਦੇਵ ਸਿੰਘ ਸਿਰਸਾ ਸ੍ਰੋਮਣੀ ਪੰਜਾਬੀ ਆਲੋਚਕ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਡਾ.ਵੀਰਪਾਲ ਕੌਰ ਡਿਪਟੀ ਡਾਇਰੈਕਟਰ ਵੱਲੋਂ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਉਤੇ ਚਾਨਣਾ ਪਾਉਂਦੇ ਹੋਏ ਸਮੂਹ ਸਖਸ਼ੀਅਤਾਂ ਨੂੰ ਜੀ ਆਇਆਂ ਕਿਹਾ ਗਿਆ। ਕਵੀ ਦਰਬਾਰ ਵਿਚ ਉਘੇ ਵਿਦਵਾਨ ਕਵੀ ਅਮਰ ਸੂਫੀ, ਧਰਮ ਕੰਮੇਆਣਾ, ਮਨਜੀਤ ਇੰਦਰਾ, ਕੰਵਲ ਇਕਬਾਲ ਸਿੰਘ, ਸੰਦੀਪ ਕੌਰ ਜੈਸਵਾਲ, ਜਸਵੰਤ ਜਫ਼ਰ, ਧਰਮਿੰਦਰ ਸ਼ਾਹੀਦ, ਲਖਵਿੰਦਰ ਜੌਹਲ, ਪਵਨ ਹਰਚੰਦਪੁਰੀ, ਜ਼ਮੀਲ ਅਬਦਾਲੀ ਅਤੇ ਕੁਲਵਿੰਦਰ ਕੰਵਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਇਸ ਮੌਕੇ ਬੋਲਦਿਆਂ ਡਾ.ਸੁਰਜੀਤ ਪਾਤਰ ਵੱਲੋਂ ਭਾਸ਼ਾ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਅਜਿਹੇ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ ਕਿ ਹਰ ਵਿਅਕਤੀ ਦੀ ਸਾਹਿਤ ਪ੍ਰਤੀ ਰੂਚੀ ਪੈਦਾ ਹੋ ਸਕੇ।
ਅਸੀਂ ਕਵੀਆਂ ਅਤੇ ਦਾਨਿਸ਼ਵਰਾਂ ਨੂੰ ਅਸੀਸ ਦਿੰਦੇ ਹਾਂ ਕਿ ਉਹ ਇਸ ਤਰਾਂ ਹੀ ਆਪਣੇ ਸਾਹਿਤਕ ਰੁਝੇਵੇਂ ਜਾਰੀ ਰੱਖਣ। ਉਨਾਂ ਕਿਹਾ ਕਿ ਸਾਨੂੰ ਸਕੂਲਾਂ ਤੇ ਕਾਲਜਾਂ ਵਿਚ ਵੀ ਸਾਹਿਤਕ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ।
ਉਨਾਂ ਨੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਆਪਣੇ ਪੂਰਨ ਪੁੱਤਰਾਂ ਨੂੰ ਉਡੀਕਦੀ ਰਹਿੰਦੀ ਹੈ। ਪ੍ਰਧਾਨਗੀ ਮੰਡਲ ਵਲੋਂ ਕਵੀ ਦਰਬਾਰ ਸ਼ੁਰੂ ਹੋਣ ਤੋਂ ਪਹਿਲਾਂ ਸ਼ਮਾਂ ਰੌਸ਼ਨ ਕੀਤੀ ਗਈ।
ਇਸ ਮੌਕੇ ਸ੍ਰੀਮਤੀ ਪ੍ਰਿਤਪਾਲ ਕੌਰ ਸਹਾਇਕ ਡਾਇਰੈਕਟਰ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਲਾਇਲਪੁਰ ਖਾਲਸਾ ਕਾਲਜ (ਲੜਕੀਆਂ) ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਭਾਸ਼ਾ ਵਿਭਾਗ ਵੱਲੋਂ ਉਨਾਂ ਦੇ ਵਿਹੜੇ ਵਿਚ ਸਮਾਗਮ ਕਰਵਾਉਣ ਉਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਜ਼ਿਲਾ ਭਾਸ਼ਾ ਦਫ਼ਤਰ ਜਲੰਧਰ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦਾ ਸਾਰਾ ਕਾਰਜ ਸੇਲ ਇੰਚਾਰਜ ਗਗਨਦੀਪ ਸਿੰਘ ਵੱਲੋਂ ਕੀਤਾ ਗਿਆ।
ਟੀਵੀ ਪੰਜਾਬ ਬਿਊਰੋ