ਡੈਸਕ- ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਪਾਰਟੀ ਉਮੀਦਵਾਰ ਸੋਹਣ ਸਿੰਘ ਠੰਢਲ ਦੇ ਹੱਕ ਵਿਚ ਮੁਕੇਰੀਆਂ, ਦਸੂਹਾ, ਟਾਂਡਾ ਤੇ ਸ਼ਾਮ ਚੁਰਾਸੀ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਪਹਿਲੇ ਪ੍ਰਧਾਨ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਹਿੰਦੂਆਂ ਦੇ ਮੰਗਲਸੂਤਰ ਖੋਹ ਕੇ ਮੁਸਲਮਾਨਾਂ ਨੂੰ ਦੇ ਦਿੱਤੇ ਜਾਣਗੇ ਜਦੋਂ ਕਿ ਪਿੱਛਲੇ ਸੱਤਰ ਸਾਲਾਂ ਵਿਚ ਅਜਿਹਾ ਕਦੇ ਨਹੀਂ ਹੋਇਆ ਤੇ ਕਦੇ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਹੁਣ ਭਾਸ਼ਣਾਂ ਤੇ ਗੱਲਬਾਤ ਦਾ ਮਿਆਰ ਇੰਨਾ ਜ਼ਿਆਦਾ ਹੇਠਾਂ ਆ ਚੁੱਕਾ ਹੈ ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਨਲਕਿਆਂ ਤੇ ਖੌਹਾਂ ਵਿਚੋਂ ਪਾਣੀ ਖਤਮ ਹੋ ਜਾਵੇਗਾ ਜੇਕਰ ਭਾਜਪਾ ਨੂੰ ਮੁੜ ਨਾ ਚੁਣਿਆ ਗਿਆ। ਉਹਨਾਂ ਕਿਹਾ ਕਿ ਇਸ ਪੱਧਰ ਦੀ ਬਿਆਨਬਾਜ਼ੀ ਪ੍ਰਧਾਨ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪਿਛਲੇ ਇਕ ਦਹਾਕੇ ਵਿਚ ਬਹੁਤ ਬਦਲ ਗਈ ਹੈ। ਉਹਨਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਹੇਠ ਭਾਜਪਾ ਹਰ ਕਿਸੇ ਨੂੰ ਨਾਲ ਲੈ ਕੇ ਚੱਲਦੀ ਸੀ। ਉਹ ਦੇਸ਼ ਨੂੰ ਅੱਗੇ ਲਿਜਾਣਾ ਚਾਹੁੰਦੇ ਸਨ ਪਰਹੁਣ ਆਬਾਦੀ ਦੇ ਇਕ ਹਿੱਸੇ ਦੀ ਖੁਸ਼ਾਮਦ ਕੀਤੀ ਜਾ ਰਹੀ ਹੈ ਜੋ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਆਬਾਦੀ ਦਾ ਇਕ ਫੀਸਦੀ ਲੋਕਾਂ ਨੂੰ ਵੀ ਉਹੀ ਅਧਿਕਾਰ ਹਾਸਲ ਹਨ ਜੋ ਆਬਾਦੀ ਦੇ 99 ਫੀਸਦੀ ਲੋਕਾਂ ਨੂੰ ਹਾਸਲ ਹਨ। ਉਹਨਾਂ ਕਿਹਾ ਕਿ ਦੇਸ਼ ਸਭ ਲਈ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀਆਂ ਨੇ ਪਹਿਲਾਂ ਆਜ਼ਾਦੀ ਦੇ ਸੰਘਰਸ਼ ਵਿਚ ਯੋਗਦਾਨ ਪਾਇਆ ਤੇ ਫਿਰ ਪਾਕਿਸਤਾਨ ਨਾਲ ਲੱਗੀਆਂ ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਸੰਸਦ ਦੇ ਆਪਣੇ ਅੰਕੜਿਆਂ ਮੁਤਾਬਕ ਦੇਸ਼ ਲਈ ਜਾਨਾਂ ਵਾਰਨ ਵਾਲੇ ਫੌਜੀਆਂ ਵਿਚ 55 ਫੀਸਦੀ ਪੰਜਾਬੀ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਦਲਿਤ ਭਾਈਚਾਰੇ ਨੂੰ ਇਹ ਜਚਾਇਆ ਜਾ ਰਿਹਾਹੈ ਕਿ ਜੇਕਰ ਭਾਜਪਾ ਸੱਤਾ ਵਿਚ ਵਾਪਸ ਪਰਤੀ ਤਾਂ ਸੰਵਿਧਾਨ ਬਦਲ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪਹਿਲਾਂ ਸਿੱਖ ਵੀ ਇਸ ਤਰੀਕੇ ਪੀੜਤ ਹੋਏ ਹਨ ਤੇ ਆਰ ਐਸ ਐਸ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਤਖਤ ਪਟਨਾ ਸਾਹਿਬ ਦਾ ਕੰਟਰੋਲ ਦਿੱਤਾ ਗਿਆ ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ।
ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ 1 ਜੂਨ 1984 ਦਾ ਦਿਨ ਚੇਤੇ ਰੱਖਣ ਜਿਸ ਦਿਨ ਇਸ ਸਾਲ ਵੋਟਾਂ ਪੈਣੀਆਂ ਹਨ। ਉਹਨਾਂ ਕਿਹਾ ਕਿ ਇਹ ਉਹੀ ਦਿਨ ਹੈ ਜਿਸ ਦਿਨ 1984 ਵਿਚ ਇੰਦਰਾ ਗਾਂਧੀ ਨੇ ਤੋਪਾਂ ਤੇ ਟੈਂਕਾਂ ਨਾਲ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ। ਇਸ ਮਗਰੋਂ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਇਹ ਕਦੇ ਭੁੱਲ ਨਹੀਂ ਸਕਦੀ।
ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਤੁਹਾਡੇ ਹੱਕਾਂ ਲਈ ਡੱਟ ਸਕਦਾ ਹੈ। ਉਹਨਾਂ ਕਿਹਾ ਕਿ ਹੋਰ ਕੌਮੀ ਪਾਰਟੀਆਂ ਭਾਵੇਂ ਉਹ ਕਾਂਗਰਸ, ਆਪ ਤੇ ਭਾਜਪਾ ਹੋਣ ਨੇ ਪਹਿਲਾਂ ਹੀ ਤੁਹਾਡੇ ਦਰਿਆਈ ਪਾਣੀਆਂ ਅਤੇ ਚੰਡੀਗੜ੍ਹ ’ਤੇ ਤੁਹਾਡੇ ਹੱਕ ਦੀ ਕੁਰਬਾਨੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਕੌਮੀ ਪਾਰਟੀਆਂ ਦੇ ਮਾੜੇ ਮਨਸੂਬਿਆਂ ਵਿਚ ਰੁਕਾਵਟ ਬਣਦਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਨੇ ਹੀ ਸੂਬੇ ਵਿਚ ਥਰਮਲ ਪਲਾਂਟ, ਹਵਾਈ ਅੱਡੇ ਚਹੁੰ ਮਾਰਗੀ ਸੜਕਾਂ ਤੇ ਓਵਰ ਬ੍ਰਿਜ ਸਮੇਤ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਅਤੇ ਸ਼ਗਨ ਸਕੀਮ, ਆਟਾ ਦਾਲ ਸਕੀਮ, ਲੜਕੀਆਂ ਲਈ ਮੁਫਤ ਸਾਈਕਲ ਯੋਜਨਾ ਤੇ ਐੇਸ ਸੀ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜੋ ਹੁਣ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਉਹਨਾਂ ਨੇ ਦੱਸਿਆ ਕਿ ਕਿਵੇਂ ਜਸਟਿਸ ਜ਼ੋਰਾ ਸਿੰਘ ਨੇ ਬੇਅਦਬੀ ਘਟਨਾਵਾਂ ’ਤੇ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਉਹਨਾਂ ਨੂੰ ਆਪ ਨੇ ਗੁੰਮਰਾਹ ਕੀਤਾ। ਉਹਨਾਂ ਕਿਹਾ ਕਿ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਹ ਦੱਸਿਆ ਸੀ ਕਿ ਕਿਵੇਂ ਨਸ਼ਾ ਤਸਕਰੀ ਦਾ ਪੈਸਾ ਆਪ ਐਮ ਪੀ ਤੱਕ ਪਹੁੰਚਦਾ ਹੈ।
ਇਸ ਮੌਕੇ ਸੀਨੀਅਰ ਆਗੂ ਸਰਬਜੋਤ ਸਿੰਘ ਸਾਬੀ, ਲਖਵਿੰਦਰ ਸਿੰਘ ਲੱਖੀ ਟਾਂਡਾ, ਅਰਵਿੰਦਰਪਾਲ ਸਿੰਘ ਰਸੂਲਪੁਰ ਤੇ ਸੰਦੀਪ ਸਿੰਘ ਸਿੱਕਰੀ ਨੇ ਵੀ ਵੱਖ-ਵੱਖ ਥਾਵਾਂ ’ਤੇ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ।