ਕਾਂਗਰਸ ਨੂੰ ਲੱਗ ਸਕਦਾ ਹੈ ਵੱਡਾ ਝਟਕਾ , ਜਾਖੜ ਪਾਰਟੀ ਨੂੰ ਆਖ ਸਕਦੇ ਹਨ ਅਲਵਿਦਾ

ਜਲੰਧਰ (ਦੀਪਿਕਾ ਖੋਸਲਾ) ਪੰਜਾਬ ਵਿੱਚ ਕਾਂਗਰਸ ਨੂੰ ਜਲਦ ਹੀ ਵੱਡਾ ਝਟਕਾ ਲੱਗ ਸਕਦਾ ਹੈ .ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਨੂੰ ਅਲਵਿਦਾ ਆਖ ਸਕਦੇ ਹਨ.ਸੁਨੀਲ ਜਾਖੜ ਨੇ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਵਲੋਂ ਜਾਰੀ ਕੀਤੇ ਗਏ ਕਾਰਣ ਦੱਸੋ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ.ਸੁਨੀਲ ਜਾਖੜ ਦੇ ਅਗਲੇ ਸਿਆਸੀ ਸਫਰ ਨੂੰ ਲੈ ਕੇ ਚਰਚਾਵਾਂ ਤੇਜ ਹੋ ਗਈਆਂ ਹਨ.ਸਵਾਲ ਉਠਦਾ ਹੈ ਕਿ ਜਾਖੜ ਭਾਜਪਾ, ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਦਾ ਰੁਖ ਕਰ ਸਕਦੇ ਹਨ ਜਾਂ ਫਿਲਹਾਲ ਸਿਆਸੀ ਗਤੀਵਿਧੀਆਂ ਤੋਂ ਦੂਰੀ ਬਣਾਈ ਰੱਖਣਗੇ.

ਜਾਖੜ ਨੇ ਨਹੀਂ ਦਿੱਤਾ ਕਾਂਗਰਸ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਦੇ ਨੋਟਿਸ ਦਾ ਜਵਾਬ

ਜਾਖੜ ਨੇ ਕਾਂਗਰਸ ਵਲੋਂ ਜਾਰੀ ਨੋਟਿਸ ਦਾ ਜਵਾਬ 7 ਦਿਨਾਂ ਵਿੱਚ ਦੇਣਾ ਸੀ ਪਰ ਜਾਖੜ ਨੇ ਨਾ ਤਾਂ ਕੋਈ ਜਵਾਬ ਦਿੱਤਾ ਤੇ ਨਾ ਹੀ ਸਾਹਮਣੇ ਆ ਕੇ ਕੋਈ ਪ੍ਰਤੀਕਿਰਿਆ ਦਿੱਤੀ ਹੈ.ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੇ ਰੁਖ ਤੋਂ ਜਾਖੜ ਇੰਨੇ ਜ਼ਿਆਦਾ ਨਿਰਾਸ਼ ਹਨ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ.

ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਇਕ ਦੋ ਦਿਨਾਂ ਵਿੱਚ ਜਾਖੜ ਆਪਣੀ ਸਥਿਤੀ ਸਪਸ਼ਟ ਕਰ ਦੇਣਗੇ.ਉਥੇ ਜਾਖੜ ਵਲੋਂ ਜਵਾਬ ਨਾ ਦਿੱਤੇ ਜਾਣ ਨਾਲ ਕਾਂਗਰਸ ਪਾਰਟੀ ਦੀਆਂ ਪਰੇਸ਼ਾਨੀਆਂ ਵੀ ਵੱਧ ਗਈਆਂ ਹਨ ਤੇ ਪਾਰਟੀ ਕੋਲ 2 ਹੀ ਰਾਹ ਬਚਦੇ ਹਨ ਜਾਂ ਤਾਂ ਕਾਂਗਰਸ ਜਾਖੜ ਨੂੰ ਦੁਬਾਰਾ ਨੋਟਿਸ ਜਾਰੀ ਕਰੇ ਜਾਂ ਫਿਰ ਅਨੁਸ਼ਾਸਨਾਤਮਿਕ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦੇਵੇ.ਪਾਰਟੀ ਨੂੰ ਦੋਵਾਂ ਵਿਚੋਂ ਇਕ ਫੈਸਲਾ ਤਾਂ ਲੈਣਾ ਹੀ ਪਵੇਗਾ.

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ਉੱਤੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਜਾਖੜ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੀ ਸੀ.11 ਅਪ੍ਰੈਲ ਵਿੱਚ ਜਾਰੀ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਆਗੂ ਖਿਲਾਫ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਤੇ ਪੰਜਾਬ ਵਿਚ ਵਿਧਾਇਕ ਦਲ ਦਾ ਆਗੂ ਚੁਣਨ ਵੇਲੇ ਪਾਰਟੀ ਦੇ ਆਗੂ ਖਿਲਾਫ ਅਪਮਾਨਜਨਕ ਸਬਦਾਵਲੀ ਵਰਤੀ ਅਤੇ ਫਿਰਕੂ ਮਾਨਸਿਕਤਾ ਅਪਣਾਈ। ਜਿਸ ‘ਤੇ ਪਾਰਟੀ ਨੇ ਉਨ੍ਹਾਂ ਨੂੰ 7 ਦਿਨਾਂ ‘ਚ ਜਵਾਬ ਦੇਣ ਲਈ ਕਿਹਾ ਹੈ।

ਇਸ ਦੇ ਨਾਲ ਹੀ ਜਾਖੜ ਨੇ ਸੱਤ ਦਿਨਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਪਾਰਟੀ ਦੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਜਾਖੜ ਹੁਣ ਕਾਂਗਰਸ ਪਾਰਟੀ ਵਿੱਚ ਰਹਿਣ ਦੇ ਮੂਡ ਵਿਚ ਨਹੀਂ ਹਨ। ਇਸੇ ਲਈ ਉਨ੍ਹਾਂ ਪਾਰਟੀ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। ਸਰਗਰਮ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਜਾਖੜ ਲੰਬੇ ਸਮੇਂ ਤੋਂ ਪਾਰਟੀ ਤੋਂ ਨਾਖੁਸ ਹਨ। ਇਸ ਤੋਂ ਪਹਿਲਾਂ ਸੁਨੀਲ ਜਾਖੜ ਬਤੌਰ ਮੁਖੀ ਕੈਪਟਨ ਅਮਰਿੰਦਰ ਸਿੰਘ ਦੇ ਫੈਸਲਿਆਂ ਸਬੰਧੀ ਆਪਣੀ ਰਿਪੋਰਟ ਪਾਰਟੀ ਹਾਈਕਮਾਂਡ ਨੂੰ ਭੇਜਦੇ ਰਹੇ ਪਰ ਹਾਈਕਮਾਂਡ ਨੇ ਕਦੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ।