ਪੰਜਾਬ, ਗੁਜਰਾਤ ਅਤੇ ਹਰਿਆਣਾ ‘ਚ ਸੁਨੀਤਾ ਕੇਜਰੀਵਾਲ ਸਾਂਭਣਗੇ ‘ਆਪ’ ਦੀ ਚੋਣ ਮੁਹਿੰਮ

ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਹਮਲਾਵਰ ਮੋਡ ‘ਚ ਨਜ਼ਰ ਆ ਰਹੀ ਹੈ। ਕੇਜਰੀਵਾਲ ਦੇ ਜੇਲ ਜਾਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਪਤੀ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਂਚੀ ਵਿੱਚ ਇੰਡੀਆ ਗਠਜੋੜ ਦੀ ਰੈਲੀ ਵਿੱਚ ਕੇਂਦਰ ਸਰਕਾਰ ਨੂੰ ਕੋਸਿਆ। ਹੁਣ ਉਨ੍ਹਾਂ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਲਈ ਰੋਡ ਸ਼ੋਅ ਕਰਨ ਦੀ ਤਿਆਰੀ ਕਰ ਲਈ ਹੈ।

ਸੁਨੀਤਾ ਕੇਜਰੀਵਾਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਚਾਰੇ ਉਮੀਦਵਾਰਾਂ ਲਈ ਇੱਕ ਜਨਸਭਾ ਕਰੇਗੀ। ਨਾਲ ਹੀ ਕੱਲ੍ਹ ਪੂਰਬੀ ਦਿੱਲੀ ਇਲਾਕੇ ਵਿੱਚ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਰੋਡ ਸ਼ੋਅ ਕਰਕੇ ਦਿੱਲੀ ਦੇ ਚਾਰ ਲੋਕ ਸਭਾ ਉਮੀਦਵਾਰਾਂ ਲਈ ਵੋਟਾਂ ਮੰਗਣਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾਂ ਕੋਂਡਲੀ ਇਲਾਕੇ ‘ਚ ਰੋਡ ਸ਼ੋਅ ਕਰਨਗੇ। ਇਸ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਵਿਧਾਇਕ ਕੁਲਦੀਪ ਕੁਮਾਰ ਚੋਣ ਮੈਦਾਨ ਵਿੱਚ ਹਨ।

ਹਾਲਾਂਕਿ ਇਸ ਤੋਂ ਪਹਿਲਾਂ ਸੰਜੇ ਸਿੰਘ ਨੇ ਪ੍ਰੈੱਸ ਕਾਨਫਰੰਸ ‘ਚ ਦੱਸਿਆ ਸੀ ਕਿ ਸੁਨੀਤਾ ਕੇਜਰੀਵਾਲ ਸ਼ੁੱਕਰਵਾਰ ਤੋਂ ਦਿੱਲੀ ‘ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨਗੇ। ਮਾਰਚ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੁਆਰਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ, ਸੁਨੀਤਾ ਹੌਲੀ-ਹੌਲੀ ਆਪਣੇ ਅਕਸ ਤੋਂ ਬਾਹਰ ਆਕੇ ਚੋਣ ਮੁਹਿੰਮ ਨੂੰ ਗਤੀ ਦੇਣ ਲਈ ਇੱਕ ਵੱਡੀ ਭੂਮਿਕਾ ਵਿੱਚ ਦਿਖਾਈ ਦੇਣ ਲੱਗ ਪਏ ਹਨ। ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 7 ਮਈ ਤੱਕ ਨਿਆਂਇਕ ਹਿਰਾਸਤ ਵਿੱਚ ਹਨ।

ਹਾਲ ਹੀ ‘ਚ ਸੁਨੀਤਾ ਕੇਜਰੀਵਾਲ ਨੇ ਆਪਣੇ ਪਤੀ ਨੂੰ ਬਹੁਤ ਬਹਾਦਰ ਅਤੇ ਸ਼ੇਰ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਜੇਲ ‘ਚ ਵੀ ਕੇਜਰੀਵਾਲ ਨੂੰ ‘ਭਾਰਤ ਮਾਤਾ’ ਦੀ ਚਿੰਤਾ ਹੈ। ਰਾਂਚੀ ਵਿੱਚ ਵਿਰੋਧੀ ਧਿਰ ਦੀ ਇੰਡੀਆ ਬਲਾਕ ਰੈਲੀ ਵਿੱਚ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਲ੍ਹਾਂ ਦੇ ਤਾਲੇ ਟੁੱਟਣਗੇ, ਅਰਵਿੰਦ ਕੇਜਰੀਵਾਲ, ਹੇਮੰਤ ਸੋਰੇਨ ਛੁੱਟਣਗੇ। ਅਰਵਿੰਦ ਕੇਜਰੀਵਾਲ ਨੂੰ ਸੱਤਾ ਦੀ ਕੋਈ ਲਾਲਸਾ ਨਹੀਂ ਹੈ। ਉਹ ਸਿਰਫ਼ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਉਹ ਦੇਸ਼ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹਨ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇਹ ਮੁਸ਼ਕਲ ਹੈ।

ਉਨ੍ਹਾਂ ਕਿਹਾ ਸੀ, ‘ਕੇਜਰੀਵਾਲ ਦੇ ਖਾਣੇ ‘ਤੇ ਕੈਮਰਾ ਲੱਗਾ ਹੈ। ਉਹ ਸ਼ੂਗਰ ਦੇ ਮਰੀਜ਼ ਹਨ ਅਤੇ ਪਿਛਲੇ 12 ਦਿਨਾਂ ਤੋਂ ਹਰ ਰੋਜ਼ 50 ਯੂਨਿਟ ਇੰਸੁਲਿਨ ਲੈ ਰਹੇ ਹਨ, ਪਰ ਉਨ੍ਹਾਂ ਨੂੰ ਜੇਲ੍ਹ ਵਿੱਚ ਇੰਸੁਲਿਨ ਨਹੀਂ ਦਿੱਤੀ ਜਾ ਰਹੀ ਹੈ। ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਮਾਰਨਾ ਚਾਹੁੰਦੇ ਹਨ।’ ਮੰਦਰ ਤੋਂ ਪਰਤਦੇ ਸਮੇਂ ਸੁਨੀਤਾ ਨੇ ਕਿਹਾ ਸੀ ਕਿ ਉਹ ਜਲਦੀ ਹੀ ਆਮ ਆਦਮੀ ਪਾਰਟੀ ਸੁਪਰੀਮੋ ਨਾਲ ਵਾਪਸ ਆਉਣਗੇ।